ਬੀਬੀਸੀ ਨੇ 2023 ਲਈ ਦੁਨੀਆ ਭਰ ਦੀਆਂ 100 ਪ੍ਰੇਰਣਾਦਾਇਕ ਅਤੇ ਪ੍ਰਭਾਵਸ਼ਾਲੀ ਔਰਤਾਂ ਦੀ ਸੂਚੀ ਜਾਰੀ ਕੀਤੀ ਹੈ।
ਉਨ੍ਹਾਂ ਵਿੱਚ ਮਨੁੱਖੀ ਅਧਿਕਾਰਾਂ ਦੀ ਵਕੀਲ ਅਮਾਲ ਕਲੂਨੀ, ਹੌਲੀਵੁੱਡ ਸਟਾਰ ਅਮੇਰਿਕਾ ਫਰੇਰਾ, ਨਾਰੀਵਾਦੀ ਗਲੋਰੀਆ ਸਟਾਈਨਮ, ਸਾਬਕਾ ਅਮਰੀਕੀ ਪ੍ਰਥਮ ਮਹਿਲਾ ਮਿਸ਼ੇਲ ਓਬਾਮਾ, ਸੁੰਦਰਤਾ ਕਾਰੋਬਾਰ ਦੀ ਮਾਲਕ ਹੁਦਾ ਕਟਨ, ਏਆਈ ਮਾਹਿਰ ਤਿਮਨਿਤ ਗੇਬਰੂ ਅਤੇ ਬੈਲਨ ਡੀ'ਓਰ ਜੇਤੂ ਫੁਟਬਾਲਰ ਏਤਾਨਾ ਬੋਨਮਾਟੀ ਸ਼ਾਮਲ ਹਨ।
ਅਜਿਹੇ ਸਾਲ ਵਿੱਚ ਜਿੱਥੇ ਅਤਿਅੰਤ ਗਰਮੀ, ਜੰਗਲ ਦੀ ਅੱਗ, ਹੜ੍ਹ ਅਤੇ ਹੋਰ ਕੁਦਰਤੀ ਆਫ਼ਤਾਂ ਸੁਰਖੀਆਂ ਵਿੱਚ ਰਹੀਆਂ ਹਨ, ਸੂਚੀ ਵਿੱਚ ਉਨ੍ਹਾਂ ਔਰਤਾਂ ਨੂੰ ਵੀ ਉਜਾਗਰ ਕੀਤਾ ਗਿਆ ਹੈ ਜੋ ਆਪਣੇ ਭਾਈਚਾਰਿਆਂ ਨੂੰ ਜਲਵਾਯੂ ਤਬਦੀਲੀ ਨਾਲ ਨਜਿੱਠਣ ਅਤੇ ਇਸ ਦੇ ਪ੍ਰਭਾਵਾਂ ਨੂੰ ਅਨੁਕੂਲ ਕਰਨ ਲਈ ਕਾਰਵਾਈ ਕਰਨ ਲਈ ਕੰਮ ਕਰ ਰਹੀਆਂ ਹਨ।
ਬੀਬੀਸੀ 100 ਵੂਮੈਨ ਵਿੱਚ ਅਸੀਂ ਸੰਯੁਕਤ ਰਾਸ਼ਟਰ ਜਲਵਾਯੂ ਪਰਿਵਰਤਨ ਕਾਨਫਰੰਸ, COP28 ਤੋਂ ਪਹਿਲਾਂ 28 ਜਲਵਾਯੂ ਦੂਤਾਂ ਦਾ ਨਾਮ ਲਿਆ ਹੈ।
ਨਾਮ ਕਿਸੇ ਵਿਸ਼ੇਸ਼ ਕ੍ਰਮ ਵਿੱਚ ਸੂਚੀਬੱਧ ਨਹੀਂ ਹਨ
ਚਰਵਾਹੇ
ਆਖਰੀ ਵਾਖੀ ਚਰਵਾਹਿਆਂ ਵਿੱਚੋਂ ਇੱਕ ਅਫਰੋਜ਼-ਨੁਮਾ ਲਗਭਗ ਤਿੰਨ ਦਹਾਕਿਆਂ ਤੋਂ ਬੱਕਰੀਆਂ, ਯਾਕ ਅਤੇ ਭੇਡਾਂ ਦੀ ਸੰਭਾਲ ਕਰ ਰਹੀ ਹੈ।
ਆਪਣੀ ਮਾਂ ਅਤੇ ਦਾਦੀ ਤੋਂ ਵਪਾਰ ਸਿੱਖਣ ਤੋਂ ਬਾਅਦ, ਉਹ ਸਦੀਆਂ ਪੁਰਾਣੀ ਪਰੰਪਰਾ ਦਾ ਹਿੱਸਾ ਹੈ ਜੋ ਹੁਣ ਪਾਕਿਸਤਾਨ ਦੀ ਸ਼ਿਮਸ਼ਾਲ ਘਾਟੀ ਵਿੱਚ ਆਖਰੀ ਸਾਹਾਂ 'ਤੇ ਹੈ।
ਇਹ ਚਰਵਾਹੇ ਹਰ ਸਾਲ ਆਪਣੇ ਇੱਜੜ ਨੂੰ ਸਮੁੰਦਰੀ ਤਲ ਤੋਂ 4,800 ਮੀਟਰ ਉੱਚੇ ਚਰਾਗਾਹਾਂ ਵਿੱਚ ਲੈ ਜਾਂਦੇ ਹਨ, ਜਿੱਥੇ ਉਹ ਡੇਅਰੀ ਉਤਪਾਦਾਂ ਨੂੰ ਵੇਚਣ ਲਈ ਤਿਆਰ ਕਰਦੇ ਹਨ, ਜਦੋਂ ਕਿ ਉਨ੍ਹਾਂ ਦੇ ਪਸ਼ੂ ਉੱਥੇ ਚਾਰਦੇ ਹਨ।
ਉਨ੍ਹਾਂ ਦੀ ਆਮਦਨੀ ਨਾਲ ਪਿੰਡ ਵਿੱਚ ਖੁਸ਼ਹਾਲੀ ਆਈ ਹੈ ਅਤੇ ਉਨ੍ਹਾਂ ਨੂੰ ਆਪਣੇ ਬੱਚਿਆਂ ਲਈ ਸਿੱਖਿਆ ਪ੍ਰਦਾਨ ਕਰਨ ਦੀ ਮਦਦ ਮਿਲੀ ਹੈ। ਅਫਰੋਜ਼-ਨੁਮਾ ਨੂੰ ਅੱਜ ਵੀ ਯਾਦ ਹੈ ਕਿ ਉਹ ਘਾਟੀ ਦੀ ਪਹਿਲੀ ਔਰਤ ਸੀ ਜਿਸ ਕੋਲ ਜੁੱਤੀਆਂ ਦਾ ਇੱਕ ਜੋੜਾ ਸੀ।
ਟੀਵੀ ਪੇਸ਼ਕਾਰ
ਜਦੋਂ ਅਗਸਤ 2021 ਵਿੱਚ ਤਾਲਿਬਾਨ ਨੇ ਅਫ਼ਗਾਨਿਸਤਾਨ 'ਤੇ ਕਬਜ਼ਾ ਕੀਤਾ, ਤਾਂ ਹੋਸਾਈ ਅਹਿਮਦਜ਼ਈ ਦੇਸ਼ ਵਿੱਚ ਪ੍ਰਸਾਰਣ ਕਰਨ ਵਾਲੀਆਂ ਬਹੁਤ ਘੱਟ ਮਹਿਲਾ ਨਿਊਜ਼ ਐਂਕਰਾਂ ਵਿੱਚੋਂ ਇੱਕ ਸੀ।
ਸੁਰੱਖਿਆ ਚਿੰਤਾਵਾਂ ਅਤੇ ਮੀਡੀਆ ਵਿੱਚ ਔਰਤਾਂ ਵਿਰੁੱਧ ਸਮਾਜਿਕ ਵਿਰੋਧ ਦੇ ਬਾਵਜੂਦ ਉਸ ਨੇ ਸ਼ਮਸ਼ਾਦ ਟੀਵੀ ਵਿੱਚ ਆਪਣਾ ਕੰਮ ਜਾਰੀ ਰੱਖਿਆ।
ਉਸ ਨੇ ਉਦੋਂ ਤੋਂ ਕਈ ਤਾਲਿਬਾਨ ਅਧਿਕਾਰੀਆਂ ਦੀ ਇੰਟਰਵਿਊ ਕੀਤੀ ਹੈ, ਪਰ ਉਹ ਉਨ੍ਹਾਂ ਤੋਂ ਕੀ ਪੁੱਛ ਸਕਦੀ ਹੈ , ਇਸ ਲਈ ਬੇਵੱਸ ਹੈ। ਇਸ ਦੇ ਨਾਲ ਹੀ ਉਹ ਉਨ੍ਹਾਂ ਦੇ ਵਿਹਾਰ ਬਾਰੇ ਸਵਾਲ ਪੁੱਛਣ ਤੋਂ ਅਸਮਰੱਥ ਹੈ।
ਅਹਿਮਦਜ਼ਈ ਦਾ ਪਿਛੋਕੜ ਕਾਨੂੰਨ ਅਤੇ ਰਾਜਨੀਤੀ ਸ਼ਾਸਤਰ ਵਿੱਚ ਹੈ ਅਤੇ ਉਹ ਸੱਤ ਸਾਲਾਂ ਤੋਂ ਮੀਡੀਆ ਵਿੱਚ ਕੰਮ ਕਰ ਰਹੀ ਹੈ। ਉਹ ਲੜਕੀਆਂ ਦੀ ਸਿੱਖਿਆ 'ਤੇ ਧਿਆਨ ਕੇਂਦਰਤ ਕਰਦੀ ਹੈ, ਜਿਸ 'ਤੇ ਤਾਲਿਬਾਨ ਨੇ ਗੰਭੀਰ ਰੂਪ ਨਾਲ ਪਾਬੰਦੀ ਲਗਾਈ ਹੋਈ ਹੈ।
ਹਰੀ ਊਰਜਾ ਸਲਾਹਕਾਰ
ਤਜੀਕਿਸਤਾਨ ਦੇ ਦੂਰ-ਦੁਰਾਡੇ ਦੇ ਹਿੱਸਿਆਂ ਵਿੱਚ ਰਹਿਣ ਵਾਲੀਆਂ ਔਰਤਾਂ ਅਕਸਰ ਊਰਜਾ ਸਰੋਤਾਂ ਜਿਵੇਂ ਕਿ ਬਿਜਲੀ ਜਾਂ ਬਾਲਣ ਦੀ ਲੱਕੜ ਵਰਗੇ ਊਰਜਾ ਸਰੋਤਾਂ ਤੱਕ ਪਹੁੰਚਣ ਲਈ ਸੰਘਰਸ਼ ਕਰਦੀਆਂ ਹਨ। ਐਨਵਾਇਰਮੈਂਟਲ ਚੈਰਿਟੀ ਪ੍ਰਾਜੈਕਟ ਕੋਆਰਡੀਨੇਟਰ ਨਤਾਲੀਆ ਇਦਰੀਸੋਵਾ ਇਸ ਊਰਜਾ ਸੰਕਟ ਲਈ ਵਿਹਾਰਕ ਵਾਤਾਵਰਣਕ ਹੱਲ ਲੱਭਦੀ ਹੈ ਅਤੇ ਔਰਤਾਂ ਨੂੰ ਕੁਦਰਤੀ ਸਰੋਤਾਂ ਅਤੇ ਊਰਜਾ-ਕੁਸ਼ਲ ਤਕਨਾਲੋਜੀਆਂ ਅਤੇ ਸਮੱਗਰੀਆਂ ਬਾਰੇ ਜਾਗਰੂਕ ਕਰਦੀ ਹੈ।
ਸਿਖਲਾਈ ਤੋਂ ਇਲਾਵਾ, ਉਨ੍ਹਾਂ ਦੀ ਸੰਸਥਾ ਊਰਜਾ ਬਚਾਉਣ ਵਾਲੇ ਉਪਕਰਣ, ਸੂਰਜੀ ਰਸੋਈ ਅਤੇ ਪ੍ਰੈਸ਼ਰ ਕੁੱਕਰ ਪ੍ਰਦਾਨ ਕਰਦੀ ਹੈ। ਇਸ ਨਾਲ ਔਰਤਾਂ ਨੂੰ ਵਿਹਲ ਮਿਲਦੀ ਹੈ ਅਤੇ ਜਲਵਾਯੂ ਦੇ ਅਨੁਕੂਲ ਤਰੀਕੇ ਨਾਲ ਘਰ ਵਿੱਚ ਲਿੰਗ ਸਮਾਨਤਾ ਦਾ ਸਮਰਥਨ ਕਰਦੀ ਹੈ।
ਹੁਣ ਇਦਰੀਸੋਵਾ ਭਾਈਚਾਰਿਆਂ ਨੂੰ ਸਿਖਲਾਈ ਦੇ ਰਹੀ ਹੈ ਕਿ ਕਿਵੇਂ ਜਲਵਾਯੂ ਪਰਿਵਰਤਨ ਵਿਸ਼ੇਸ਼ ਤੌਰ 'ਤੇ ਅਸਮਰਥਤਾਵਾਂ ਵਾਲੇ ਵਿਅਕਤੀਆਂ ਨੂੰ ਪ੍ਰਭਾਵਿਤ ਕਰਦਾ ਹੈ। ਇਹ ਯਕੀਨੀ ਬਣਾਉਣ ਦੇ ਤਰੀਕੇ ਲੱਭ ਰਹੀ ਹੈ ਕਿ ਸਿਆਸੀ ਚਰਚਾਵਾਂ ਵਿੱਚ ਇਹ ਆਵਾਜ਼ਾਂ ਸੁਣੀਆਂ ਜਾਣ।
ਦੁਨੀਆ ਭਰ ਦੀਆਂ ਚਰਮ ਦੀਆਂ ਘਟਨਾਵਾਂ ਸਾਨੂੰ ਆਖਰੀ ਚੇਤਾਵਨੀ ਦਿੰਦੀਆਂ ਹਨ ਕਿ ਲੋਕਾਂ ਦਾ ਕੁਦਰਤ ਨਾਲ ਸਬੰਧ ਅਟੁੱਟ ਹੈ। ਅਸੀਂ ਗੰਭੀਰ ਨਤੀਜਿਆਂ ਦੇ ਬਿਨਾਂ ਲਾਪਰਵਾਹੀ ਨਾਲ ਕੁਦਰਤ ਦਾ ਸ਼ੋਸ਼ਣ ਨਹੀਂ ਕਰ ਸਕਦੇ।
ਨਤਾਲੀਆ ਇਦਰੀਸੋਵਾ
ਟਰੱਕ ਡਰਾਈਵਰ
ਟਰੱਕ ਡਰਾਈਵਰ ਕਲਾਰਾ ਐਲਿਜ਼ਾਬੈਥ ਫਰੈਗੋਸੋ ਉਗਾਰਟੇ ਨੇ ਆਪਣੀ ਜ਼ਿੰਦਗੀ ਦੇ 17 ਸਾਲ ਇੱਕ ਪੁਰਸ਼-ਪ੍ਰਧਾਨ ਕਹੇ ਜਾਂਦੇ ਉਦਯੋਗ ਨੂੰ ਸਮਰਪਿਤ ਕਰ ਦਿੱਤੇ ਹਨ। ਉਨ੍ਹਾਂ ਨੇ ਦੇਸ਼ ਦੀਆਂ ਕੁਝ ਸਭ ਤੋਂ ਖਤਰਨਾਕ ਸੜਕਾਂ 'ਤੇ ਮੈਕਸੀਕੋ ਦੀ ਯਾਤਰਾ ਕਰਦੇ ਹੋਏ ਅਜਿਹਾ ਕੀਤਾ ਹੈ।
ਮੂਲ ਰੂਪ ਵਿੱਚ ਦੁਰਾਂਗੋ ਦੀ ਰਹਿਣ ਵਾਲੀ ਫਰੈਗੋਸੋ ਉਗਾਰਟੇ ਦਾ ਵਿਆਹ 17 ਸਾਲ ਦੀ ਉਮਰ ਵਿੱਚ ਹੋ ਗਿਆ ਸੀ ਅਤੇ ਉਹ ਚਾਰ ਬੱਚਿਆਂ ਦੀ ਮਾਂ ਅਤੇ ਸੱਤ ਬੱਚਿਆਂ ਦੀ ਦਾਦੀ ਹੈ।
ਇੱਕ 'ਟ੍ਰੇਲਰਾ' ਦੇ ਤੌਰ 'ਤੇ, ਜਿਵੇਂ ਕਿ ਮਹਿਲਾ ਟਰੱਕ ਡਰਾਈਵਰਾਂ ਨੂੰ ਕਿਹਾ ਜਾਂਦਾ ਹੈ, ਉਹ ਆਪਣੀ ਜ਼ਿੰਦਗੀ ਮੈਕਸੀਕੋ ਅਤੇ ਅਮਰੀਕਾ ਵਿੱਚ ਮਾਲ ਦੀ ਡਿਲਿਵਰੀ ਕਰਨ ਲਈ ਸੜਕ 'ਤੇ ਬਿਤਾਉਂਦੀ ਹੈ।
ਉਹ ਨੌਜਵਾਨ ਡਰਾਈਵਰਾਂ ਨੂੰ ਸਿਖਲਾਈ ਦੇਣ ਵਿੱਚ ਵੀ ਮਦਦ ਕਰਦੀ ਹੈ ਅਤੇ ਭਾਰੀ-ਭਰਕਮ ਟਰੱਕਿੰਗ ਕਾਰੋਬਾਰ ਵਿੱਚ ਲਿੰਗ ਸਮਾਨਤਾ ਹਾਸਲ ਕਰਨ ਲਈ ਹੋਰ ਔਰਤਾਂ ਨੂੰ ਇਸ ਖੇਤਰ ਵਿੱਚ ਸ਼ਾਮਲ ਹੋਣ ਲਈ ਪ੍ਰੇਰਿਤ ਕਰਨਾ ਚਾਹੁੰਦੀ ਹੈ।
ਟਿਕਾਊ ਸੈਰ ਸਪਾਟਾ ਮਾਹਰ
ਯਾਤਰਾ ਅਤੇ ਸੈਰ-ਸਪਾਟਾ ਉਦਯੋਗ ਦੀ ਇਕੋ-ਇੱਕ ਜਲਵਾਯੂ ਵਿਗਿਆਨੀ ਸੁਜ਼ੈਨ ਐਟੀ ਇਸ ਉਦਯੋਗ ਨੂੰ ਵਧੇਰੇ ਟਿਕਾਊ ਭਵਿੱਖ ਵੱਲ ਲੈ ਜਾਣ ਲਈ ਉਤਸ਼ਾਹਿਤ ਹੈ।
ਇੱਕ ਛੋਟੇ-ਸਮੂਹ ਦੇ ਸਾਹਸੀ ਯਾਤਰਾ ਕਾਰੋਬਾਰ ਇੰਟਰਪਿਡ ਟ੍ਰੈਵਲ ਵਿੱਚ ਗਲੋਬਲ ਵਾਤਾਵਰਨ ਪ੍ਰਭਾਵ ਪ੍ਰਬੰਧਕ ਵਜੋਂ ਉਸ ਦੇ ਕੰਮ ਨੇ ਕੰਪਨੀ ਨੂੰ ਪ੍ਰਮਾਣਿਤ ਵਿਗਿਆਨ-ਆਧਾਰਿਤ ਕਾਰਬਨ ਕਟੌਤੀ ਦੇ ਟੀਚਿਆਂ ਵਾਲੀ ਪਹਿਲੀ ਟੂਰ ਆਪਰੇਟਰ ਬਣਨ ਲਈ ਪ੍ਰੇਰਿਤ ਕੀਤਾ ਹੈ।
ਐਟੀ ਨੇ ਡੀਕਾਰਬੋਨਾਈਜ਼ ਚਾਹੁਣ ਵਾਲੇ ਟਰੈਵਲ ਕਾਰੋਬਾਰਾਂ ਲਈ ਇੱਕ ਓਪਨ-ਸੋਰਸ ਗਾਈਡ ਲਿਖੀ ਹੈ ਅਤੇ ਇਹ ਸੈਰ-ਸਪਾਟਾ ਘੋਸ਼ਣਾਵਾਂ ਦਾ ਇੱਕ ਮੁੱਖ ਹਿੱਸਾ ਹੈ। ਇਹ 400 ਯਾਤਰਾ ਸੰਗਠਨਾਂ, ਕੰਪਨੀਆਂ ਅਤੇ ਪੇਸ਼ੇਵਰਾਂ ਦਾ ਇੱਕ ਸਵੈ-ਇੱਛਤ ਭਾਈਚਾਰਾ ਹੈ ਜਿਨ੍ਹਾਂ ਨੇ ਜਲਵਾਯੂ ਐਮਰਜੈਂਸੀ ਦੀ ਘੋਸ਼ਣਾ ਕੀਤੀ ਹੈ।
ਅੱਜ ਅਸੀਂ ਦੇਖ ਰਹੇ ਹਾਂ ਕਿ ਜ਼ਿਆਦਾ ਕਾਰੋਬਾਰ ਵਾਤਾਵਰਨ ਦੇ ਪ੍ਰਭਾਵ ਨੂੰ ਘਟਾਉਣ ਲਈ ਅਭਿਲਾਸ਼ੀ ਟੀਚਿਆਂ ਨੂੰ ਨਿਰਧਾਰਤ ਕਰ ਰਹੇ ਹਨ। ਉਹ ਨਵਿਆਉਣਯੋਗ ਊਰਜਾ ਵਿੱਚ ਨਿਵੇਸ਼ ਕਰਨ ਅਤੇ ਲੰਬੇ ਸਮੇਂ ਦੀ ਨਿਕਾਸੀ ਕਟੌਤੀ ਦੇ ਟੀਚਿਆਂ ਲਈ ਵਚਨਬੱਧ ਹੋ ਕੇ ਜਲਵਾਯੂ ਕਾਰਵਾਈ ਦੇ ਮਹੱਤਵ ਨੂੰ ਪਛਾਣ ਰਹੇ ਹਨ।
ਸੁਜ਼ੈਨ ਐਟੀ
ਸਕੂਲ ਅਧਿਆਪਕ
9/11 ਦੇ ਬਾਅਦ ਅਮਰੀਕਾ ਦੇ ਜਾਰਜੀਆ ਰਾਜ ਵਿੱਚ ਬਾਲਗ ਹੋਣ ਤੋਂ ਬਾਅਦ ਮਿਡਲ ਸਕੂਲ ਦੀ ਅਧਿਆਪਕਾ ਸਾਰਾ ਓਟ ਦਾ ਕਹਿਣਾ ਹੈ ਕਿ ਉਹ ਗਲਤ ਜਾਣਕਾਰੀ ਪ੍ਰਤੀ ਸੰਵੇਦਨਸ਼ੀਲ ਸੀ।
ਵਿਗਿਆਨ ਪੜ੍ਹੀ ਹੋਣ ਦੇ ਬਾਵਜੂਦ, ਕੁਝ ਸਮੇਂ ਲਈ ਉਸ ਨੂੰ ਸ਼ੱਕ ਸੀ ਕਿ ਕੀ ਜਲਵਾਯੂ ਤਬਦੀਲੀ ਅਸਲ ਵਿੱਚ ਹੋ ਰਹੀ ਹੈ।
ਇਹ ਸਵੀਕਾਰ ਕਰਨਾ ਕਿ ਉਹ ਗਲਤ ਸੀ, ਸੱਚਾਈ ਦੀ ਖੋਜ ਵਿੱਚ ਇਹ ਉਸ ਦਾ ਪਹਿਲਾ ਕਦਮ ਸੀ। ਉਸ ਦੀ ਯਾਤਰਾ ਨੇ ਉਸ ਨੂੰ ਨੈਸ਼ਨਲ ਸੈਂਟਰ ਫਾਰ ਸਾਇੰਸ ਐਜੂਕੇਸ਼ਨ ਦੇ ਨਾਲ ਜਲਵਾਯੂ ਪਰਿਵਰਤਨ ਰਾਜਦੂਤ ਬਣਨ ਤੱਕ ਪ੍ਰੇਰਿਤ ਕੀਤਾ।
ਹੁਣ ਉਹ ਆਪਣੇ ਵਿਦਿਆਰਥੀਆਂ ਨੂੰ ਭੌਤਿਕ ਵਿਗਿਆਨ ਦੀਆਂ ਧਾਰਨਾਵਾਂ ਪੜ੍ਹਾਉਣ ਲਈ ਜਲਵਾਯੂ ਤਬਦੀਲੀ ਦੀ ਵਰਤੋਂ ਕਰਦੀ ਹੈ ਅਤੇ ਆਪਣੇ ਭਾਈਚਾਰੇ ਵਿੱਚ ਵਾਤਾਵਰਨ ਸਬੰਧੀ ਮੁੱਦਿਆਂ ਬਾਰੇ ਜਾਗਰੂਕਤਾ ਪੈਦਾ ਕਰਦੀ ਹੈ। ਉਹ ਜੌਰਜੀਆ ਵਿੱਚ ਰਹਿੰਦੇ ਹਨ।
ਭਾਵੇਂ ਜਲਵਾਯੂ ਪਰਿਵਰਤਨ ਇੱਕ 'ਸਭ ਲਈ ਤਤਪਰ' ਹੋਣ ਦੀ ਸਥਿਤੀ ਹੈ, ਅਸੀਂ ਇਹ ਸਭ ਇਕੱਲੇ ਨਹੀਂ ਕਰ ਸਕਦੇ। ਕਾਰਕੁਨ ਹੋਣਾ ਇੱਕ ਬਗੀਚੇ ਵਾਂਗ ਹੈ। ਇਹ ਮੌਸਮੀ ਹੈ। ਇਹ ਆਰਾਮ ਕਰਦਾ ਹੈ। ਤੁਸੀਂ ਜਿਸ ਮੌਸਮ ਵਿੱਚ ਰਹਿੰਦੇ ਹੋ, ਉਸ ਦਾ ਆਦਰ ਕਰੋ।
ਸਾਰਾ ਓਟ
ਸੁੰਦਰਤਾ ਕਾਰੋਬਾਰ ਦੀ ਸੰਸਥਾਪਕ
ਅਮਰੀਕਾ ਵਿੱਚ ਇਰਾਕੀ ਪਰਵਾਸੀਆਂ ਦੇ ਘਰ ਪੈਦਾ ਹੋਈ, ਹੁਦਾ ਕਟਨ ਦਾ ਓਕਲਾਹੋਮਾ ਵਿੱਚ ਪਾਲਣ ਪੋਸ਼ਣ ਹੋਇਆ। ਉਨ੍ਹਾਂ ਨੇ ਸੁੰਦਰਤਾ ਦੇ ਖੇਤਰ ਵਿੱਚ ਆਪਣੇ ਜਨੂੰਨ ਨੂੰ ਅੱਗੇ ਵਧਾਉਣ ਲਈ ਇੱਕ ਰਵਾਇਤੀ ਕਾਰਪੋਰੇਟ ਕਰੀਅਰ ਨੂੰ ਤਿਆਗ ਦਿੱਤਾ।
ਲਾਸ ਏਂਜਲਸ ਵਿੱਚ ਇੱਕ ਵੱਕਾਰੀ ਮੇਕ-ਅੱਪ ਸਿਖਲਾਈ ਸਕੂਲ ਵਿੱਚ ਦਾਖਲਾ ਲੈ ਕੇ ਉਨ੍ਹਾਂ ਨੇ ਮੱਧ ਪੂਰਬ ਦੇ ਕਈ ਸ਼ਾਹੀ ਪਰਿਵਾਰਾਂ ਸਮੇਤ ਏ-ਸੂਚੀ ਦੀਆਂ ਮਸ਼ਹੂਰ ਹਸਤੀਆਂ ਨੂੰ ਆਪਣਾ ਗਾਹਕ ਬਣਾਇਆ।
ਉਦੋਂ ਤੋਂ ਉਹ 50 ਮਿਲੀਅਨ ਤੋਂ ਵੱਧ ਫੌਲੋਅਰਜ਼ ਦੇ ਨਾਲ ਇੰਸਟਾਗ੍ਰਾਮ 'ਤੇ ਸਭ ਤੋਂ ਜ਼ਿਆਦਾ ਫੌਲੋ ਕੀਤੀ ਜਾਣ ਵਾਲਾ ਬਿਊਟੀ ਬ੍ਰਾਂਡ ਬਣ ਗਈ ਹੈ।
ਕਟਨ ਨੇ 2013 ਵਿੱਚ ਨਕਲੀ ਪਲਕਾਂ ਦੀ ਇੱਕ ਰੇਂਜ ਸ਼ੁਰੂ ਕਰਕੇ ਆਪਣੇ ਕੌਸਮੈਟਿਕਸ ਬ੍ਰਾਂਡ, ਹੁਦਾ ਬਿਊਟੀ ਦੀ ਸਥਾਪਨਾ ਕੀਤੀ। ਅੱਜ, ਉਨ੍ਹਾਂ ਦੇ ਅਰਬਾਂ ਡਾਲਰ ਦੇ ਕਾਰੋਬਾਰ ਵਿੱਚ 140 ਤੋਂ ਵੱਧ ਬਿਊਟੀ ਉਤਪਾਦ ਸ਼ਾਮਲ ਹਨ, ਜੋ ਦੁਨੀਆ ਭਰ ਵਿੱਚ 1,500 ਤੋਂ ਵੱਧ ਸਟੋਰਾਂ ਵਿੱਚ ਵੇਚੇ ਜਾਂਦੇ ਹਨ।
ਕੰਟੈਂਟ ਨਿਰਮਾਤਾ ਅਤੇ ਯੂ-ਟਿਊਬਰ
ਮੈਕਡੌਨਲਡ ਵਿਖੇ ਪਾਰਟ-ਟਾਈਮ ਨੌਕਰੀ ਦੇ ਨਾਲ ਆਪਣੀ ਪੜ੍ਹਾਈ ਨੂੰ ਪੂਰਾ ਕਰਨ ਤੋਂ ਲੈ ਕੇ ਆਕਸਫੋਰਡ ਅਤੇ ਹਾਰਵਰਡ ਯੂਨੀਵਰਸਿਟੀਆਂ ਤੋਂ ਡਿਗਰੀਆਂ ਪ੍ਰਾਪਤ ਕਰਨ ਤੱਕ, ਵੀ (ਵਰੈਦਜ਼ੋ) ਕਾਤਿਵੂ ਦੀ ਅਕਾਦਮਿਕ ਯਾਤਰਾ ਦੁਨੀਆ ਭਰ ਦੇ ਹਜ਼ਾਰਾਂ ਲੋਕਾਂ ਲਈ ਪ੍ਰੇਰਨਾ ਬਣ ਗਈ ਹੈ।
ਯੂਨੀਵਰਸਿਟੀ ਵਿੱਚ ਰਹਿੰਦਿਆਂ, ਉਸ ਨੇ ਇੱਕ ਨਿਮਨ ਸਮਾਜਿਕ-ਆਰਥਿਕ ਪਿਛੋਕੜ ਵਾਲੀ ਵਿਦਿਆਰਥਣ ਦੇ ਰੂਪ ਵਿੱਚ ਆਪਣੇ ਅਨੁਭਵ ਸਾਂਝੇ ਕਰਨ ਲਈ ਇੱਕ ਯੂ-ਟਿਉਬ ਚੈਨਲ ਸਥਾਪਤ ਕੀਤਾ ਅਤੇ ਆਪਣੇ ਵਰਗੇ ਹੋਰਾਂ ਨੂੰ ਅਧਿਐਨ ਸੁਝਾਅ ਅਤੇ ਸਰੋਤ ਪ੍ਰਦਾਨ ਕੀਤੇ।
ਉਦੋਂ ਤੋਂ ਕਾਤਿਵੂ ਨੇ 'ਐਮਪਾਵਰਡ ਬਾਏ ਵੀ' ਦੀ ਸ਼ੁਰੂਆਤ ਕੀਤੀ ਹੈ। ਇਹ ਇੱਕ ਅਜਿਹਾ ਮੰਚ ਹੈ ਜਿਸ ਰਾਹੀਂ ਉਹ ਦੁਨੀਆ ਭਰ ਵਿੱਚ ਅਸਮਰਥਿਤ ਜਾਂ ਘੱਟ-ਪ੍ਰਤੀਨਿਧਤਾ ਵਾਲੇ ਵਿਦਿਆਰਥੀਆਂ ਲਈ ਉੱਚ ਸਿੱਖਿਆ ਨੂੰ ਵਧੇਰੇ ਪਹੁੰਚਯੋਗ ਬਣਾਉਣਾ ਚਾਹੁੰਦੀ ਹੈ।
ਉਸ ਨੇ ਨੌਜਵਾਨਾਂ ਲਈ ਇੱਕ ਵਿਹਾਰਕ ਸਵੈ-ਸਹਾਇਤਾ ਕਿਤਾਬ ਲਿਖੀ ਹੈ ਅਤੇ ਵਰਤਮਾਨ ਵਿੱਚ ਸਿੱਖਿਆ ਲੀਡਰਸ਼ਿਪ ਵਿੱਚ ਪੀਐੱਚਡੀ ਕਰ ਰਹੀ ਹੈ।
ਵਿਦਿਆਰਥੀ ਅਤੇ ਸਮਾਜਿਕ ਉੱਦਮੀ
ਈਰਾਨ ਵਿੱਚ ਰਿਸ਼ਤੇਦਾਰਾਂ ਨਾਲ ਗੱਲ ਕਰਨ ਤੋਂ ਬਾਅਦ, ਸਮਾਜਿਕ ਉੱਦਮੀ ਸੋਫੀਆ ਕਿਆਨੀ ਨੇ ਮਹਿਸੂਸ ਕੀਤਾ ਕਿ ਉਨ੍ਹਾਂ ਦੀ ਭਾਸ਼ਾ ਵਿੱਚ ਜਲਵਾਯੂ ਪਰਿਵਰਤਨ ਬਾਰੇ ਮੁਕਾਬਲਤਨ ਘੱਟ ਭਰੋਸੇਯੋਗ ਜਾਣਕਾਰੀ ਉਪਲੱਬਧ ਹੈ। ਇਸ ਲਈ ਉਸ ਨੇ ਫਾਰਸੀ ਵਿੱਚ ਇਸ ਸਬੰਧੀ ਜਾਣਕਾਰੀ ਦਾ ਅਨੁਵਾਦ ਕਰਨਾ ਸ਼ੁਰੂ ਕੀਤਾ।
ਇਹ ਜਲਦੀ ਹੀ ਇੱਕ ਵਿਸ਼ਾਲ ਪ੍ਰਾਜੈਕਟ ਵਿੱਚ ਫੈਲ ਗਿਆ ਜਦੋਂ ਉਸ ਨੇ 'ਕਲਾਈਮੇਟ ਕਾਰਡੀਨਲਜ਼' ਦੀ ਸਥਾਪਨਾ ਕੀਤੀ, ਜੋ ਇੱਕ ਅੰਤਰਰਾਸ਼ਟਰੀ ਨੌਜਵਾਨ-ਅਗਵਾਈ ਵਾਲੀ ਗੈਰ-ਮੁਨਾਫ਼ਾ ਸੰਸਥਾ ਹੈ। ਜਿਸਦਾ ਉਦੇਸ਼ ਜਲਵਾਯੂ ਸਬੰਧੀ ਜਾਣਕਾਰੀ ਦਾ ਹਰ ਇੱਕ ਭਾਸ਼ਾ ਵਿੱਚ ਅਨੁਵਾਦ ਕਰਨਾ ਹੈ ਅਤੇ ਇਸ ਨੂੰ ਉਨ੍ਹਾਂ ਲੋਕਾਂ ਲਈ ਵਧੇਰੇ ਪਹੁੰਚਯੋਗ ਬਣਾਉਣਾ ਹੈ ਜੋ ਅੰਗਰੇਜ਼ੀ ਨਹੀਂ ਬੋਲਦੇ।
ਹੁਣ ਇਸ ਦੇ 80 ਦੇਸ਼ਾਂ ਵਿੱਚ 10,000 ਵਿਦਿਆਰਥੀ ਵਾਲੰਟੀਅਰ ਹਨ। ਉਨ੍ਹਾਂ ਨੇ ਜਲਵਾਯੂ ਸਮੱਗਰੀ ਦੇ 10 ਲੱਖ ਸ਼ਬਦਾਂ ਦਾ 100 ਤੋਂ ਵੱਧ ਭਾਸ਼ਾਵਾਂ ਵਿੱਚ ਅਨੁਵਾਦ ਕੀਤਾ ਹੈ।
ਕਿਆਨੀ ਦਾ ਉਦੇਸ਼ ਵਿਗਿਆਨਕ ਗਿਆਨ ਦੀ ਆਲਮੀ ਵੰਡ ਵਿੱਚ ਭਾਸ਼ਾ ਦੀਆਂ ਰੁਕਾਵਟਾਂ ਨੂੰ ਤੋੜਨ ਵਿੱਚ ਮਦਦ ਕਰਨਾ ਹੈ।
ਨੌਜਵਾਨ ਕਾਰਕੁਨਾਂ ਨੇ 'ਗਲੋਬਲ ਕਲਾਈਮੇਟ ਐਕਸ਼ਨ ਨੈੱਟਵਰਕ' ਬਣਾਏ ਅਤੇ ਉਨ੍ਹਾਂ ਦਾ ਵਿਸਥਾਰ ਕੀਤਾ ਹੈ, ਵਿਰੋਧ ਕਰਨ ਲਈ ਲੱਖਾਂ ਲੋਕਾਂ ਨੂੰ ਲਾਮਬੰਦ ਕੀਤਾ ਹੈ, ਜੈਵਿਕ ਬਾਲਣ ਦੇ ਵਿਕਾਸ ਦੇ ਵਿਰੁੱਧ ਹਜ਼ਾਰਾਂ ਪਟੀਸ਼ਨਾਂ ਦਾਇਰ ਕੀਤੀਆਂ ਹਨ। ਜਲਵਾਯੂ ਪਹਿਲਕਦਮੀਆਂ ਨੂੰ ਫੰਡ ਦੇਣ ਲਈ ਲੱਖਾਂ ਡਾਲਰ ਇਕੱਠੇ ਕੀਤੇ ਹਨ। ਦੁਨੀਆ ਦੀਆਂ ਚੁਣੌਤੀਆਂ ਇੰਨੀਆਂ ਵੱਡੀਆਂ ਹਨ ਕਿ ਅਸੀਂ ਉਮਰ ਜਾਂ ਅਨੁਭਵ ਦੇ ਆਧਾਰ 'ਤੇ ਖੁਦ ਨੂੰ ਅਲੱਗ ਨਹੀਂ ਕਰ ਸਕਦੇ।
ਸੋਫੀਆ ਕਿਆਨੀ
ਫੋਟੋਗ੍ਰਾਫਰ
ਪੂਰੇ ਦੱਖਣੀ ਏਸ਼ੀਆ ਵਿੱਚ ਕੰਮ ਕਰਦੇ ਹੋਏ, ਸੁਤੰਤਰ ਫੋਟੋਗ੍ਰਾਫਰ, ਲੇਖਕ ਅਤੇ ਨੈਸ਼ਨਲ ਜੀਓਗ੍ਰਾਫਿਕ ਐਕਸਪਲੋਰਰ ਆਰਤੀ ਕੁਮਾਰ-ਰਾਓ ਜਲਵਾਯੂ ਪਰਿਵਰਤਨ ਦੇ ਕਾਰਨ ਬਦਲਦੇ ਲੈਂਡਸਕੇਪ ਦਾ ਦਸਤਾਵੇਜ਼ੀਕਰਨ ਕਰਦੀ ਹੈ।
ਉਹ ਦੱਸਦੀ ਹੈ ਕਿ ਕਿਸ ਤਰ੍ਹਾਂ ਭੂਮੀਗਤ ਪਾਣੀ ਵਿੱਚ ਗਿਰਾਵਟ, ਰਿਹਾਇਸ਼ੀ ਸਥਾਨ ਦਾ ਵਿਨਾਸ਼ ਅਤੇ ਉਦਯੋਗ ਲਈ ਭੂਮੀ ਗ੍ਰਹਿਣ ਕਰਨਾ ਜੈਵ ਵਿਭਿੰਨਤਾ ਨੂੰ ਨਸ਼ਟ ਕਰ ਦਿੰਦਾ ਹੈ ਅਤੇ ਸਾਂਝੀਆਂ ਜ਼ਮੀਨਾਂ ਨੂੰ ਘਟਾ ਦਿੰਦਾ ਹੈ, ਲੱਖਾਂ ਲੋਕਾਂ ਨੂੰ ਵਿਸਥਾਪਿਤ ਕਰਦਾ ਹੈ ਅਤੇ ਪ੍ਰਜਾਤੀਆਂ ਨੂੰ ਅਲੋਪ ਹੋਣ ਵੱਲ ਧੱਕਦਾ ਹੈ।
ਕੁਮਾਰ-ਰਾਓ ਨੇ ਇੱਕ ਦਹਾਕੇ ਤੋਂ ਵੱਧ ਸਮੇਂ ਤੱਕ ਭਾਰਤੀ ਉਪ-ਮਹਾਂਦੀਪ ਦਾ ਦੌਰਾ ਕੀਤਾ ਹੈ। ਉਸ ਦੀਆਂ ਰਿਪੋਰਟਾਂ ਤੋਂ ਪਤਾ ਲੱਗਦਾ ਹੈ ਕਿ ਵਾਤਾਵਰਨ ਦੀ ਤਬਾਹੀ ਆਜੀਵਿਕਾ ਅਤੇ ਜੈਵ ਵਿਭਿੰਨਤਾ ਨੂੰ ਕਿਵੇਂ ਪ੍ਰਭਾਵਿਤ ਕਰਦੀ ਹੈ।
ਉਨ੍ਹਾਂ ਦੀ ਕਿਤਾਬ, 'ਮਾਰਜਿਨਲੈਂਡਜ਼: ਇੰਡੀਆਜ਼ ਲੈਂਡਸਕੇਪਸ ਆਨ ਦਿ ਬ੍ਰਿੰਕ' ਭਾਰਤ ਦੇ ਸਭ ਤੋਂ ਪ੍ਰਤੀਕੂਲ ਵਾਤਾਵਰਨ ਵਿੱਚ ਰਹਿਣ ਵਾਲੇ ਲੋਕਾਂ ਦੇ ਤਜਰਬਿਆਂ ਤੋਂ ਜਾਣੂ ਕਰਾਉਂਦੀ ਹੈ।
ਜਲਵਾਯੂ ਸੰਕਟ ਦੀ ਜੜ੍ਹ ਵਿੱਚ ਜ਼ਮੀਨ, ਪਾਣੀ ਅਤੇ ਹਵਾ ਨਾਲ ਸਾਡੇ ਮੂਲ ਸਬੰਧ ਦਾ ਬਹੁਤ ਨੁਕਸਾਨ ਹੋ ਰਿਹਾ ਹੈ। ਇਹ ਲਾਜ਼ਮੀ ਹੈ ਕਿ ਅਸੀਂ ਇਸ ਸਬੰਧ ਨੂੰ ਮੁੜ ਪ੍ਰਾਪਤ ਕਰੀਏ।
ਆਰਤੀ ਕੁਮਾਰ-ਰਾਓ
ਲੇਖਕ
1990 ਦੇ ਦਹਾਕੇ ਵਿੱਚ ਆਪਣੀ ਪਹਿਲੀ ਫਿਲਮ 'ਬੈਲਡ ਆਫ਼ ਲਵ ਇਨ ਦਿ ਵਿੰਡ' ਦੇ ਨਾਲ, ਪਾਲੀਨਾ ਚਿਜ਼ੀਆਨੇ ਮੋਜ਼ਾਮਬੀਕ ਵਿੱਚ ਇੱਕ ਨਾਵਲ ਪ੍ਰਕਾਸ਼ਤ ਕਰਨ ਵਾਲੀ ਪਹਿਲੀ ਔਰਤ ਬਣੀ।
ਮੋਜ਼ਾਮਬੀਕ ਦੀ ਰਾਜਧਾਨੀ ਮਾਪੁਟੋ ਦੇ ਬਾਹਰੀ ਇਲਾਕੇ ਵਿੱਚ ਪਲੀ ਚਿਜ਼ੀਆਨੇ ਨੇ ਇੱਕ ਕੈਥੋਲਿਕ ਸਕੂਲ ਵਿੱਚ ਪੁਰਤਗਾਲੀ ਭਾਸ਼ਾ ਸਿੱਖੀ। ਉਸ ਨੇ ਐਡੁਆਰਡੋ ਮੋਂਡਲੇਨ ਯੂਨੀਵਰਸਿਟੀ ਵਿੱਚ ਭਾਸ਼ਾਵਾਂ ਦਾ ਅਧਿਐਨ ਕੀਤਾ, ਪਰ ਗ੍ਰੈਜੂਏਸ਼ਨ ਨਹੀਂ ਕੀਤੀ।
ਉਸ ਦੇ ਕੰਮ ਦਾ ਅੰਗਰੇਜ਼ੀ, ਜਰਮਨ ਅਤੇ ਸਪੈਨਿਸ਼ ਸਮੇਤ ਵੱਖ-ਵੱਖ ਭਾਸ਼ਾਵਾਂ ਵਿੱਚ ਅਨੁਵਾਦ ਕੀਤਾ ਗਿਆ ਹੈ। ਦਿ ਫਸਟ ਵਾਈਫ: ਏ ਟੇਲ ਆਫ ਪੌਲੀਗੈਮੀ ਕਿਤਾਬ ਦੇ ਨਾਲ, ਉਸ ਨੇ ਸਥਾਨਕ ਜੋਸ ਕ੍ਰੇਵੇਰਿਨਹਾ ਐਵਾਰਡ ਜਿੱਤਿਆ।
ਹਾਲ ਹੀ ਵਿੱਚ ਉਸ ਨੇ ਕੈਮੋਸ ਪੁਰਸਕਾਰ ਜਿੱਤਿਆ, ਜੋ ਪੁਰਤਗਾਲੀ ਵਿੱਚ ਲੇਖਣੀ ਦਾ ਸਭ ਤੋਂ ਵੱਕਾਰੀ ਪੁਰਸਕਾਰ ਮੰਨਿਆ ਜਾਂਦਾ ਹੈ।
ਲੇਖਕ
ਫਿਕਸ਼ਨ, ਕਵਿਤਾ ਅਤੇ ਨਾਨ-ਫਿਕਸ਼ਨ ਸਮੇਤ 20 ਤੋਂ ਵੱਧ ਰਚਨਾਵਾਂ ਦੀ ਲੇਖਕ, ਓਕਸਾਨਾ ਜ਼ਬੂਜ਼ਕੋ ਨੂੰ ਯੂਕਰੇਨ ਦੇ ਪ੍ਰਮੁੱਖ ਲੇਖਕਾਂ ਅਤੇ ਬੁੱਧੀਜੀਵੀਆਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ।
ਅੰਤਰਰਾਸ਼ਟਰੀ ਪੱਧਰ 'ਤੇ ਉਹ ਯੂਕਰੇਨੀ ਸੈਕਸ ਵਿੱਚ ਫੀਲਡ ਵਰਕ ਅਤੇ ਮਿਊਜ਼ੀਅਮ ਆਫ ਅਬੈਂਡਡ ਸੀਕਰੇਟਸ ਵਰਗੇ ਕਾਰਜਾਂ ਲਈ ਜਾਣੀ ਜਾਂਦੀ ਹੈ।
ਉਨ੍ਹਾਂ ਨੇ ਕੀਵ ਦੀ ਸ਼ੇਵਚੇਂਕੋ ਯੂਨੀਵਰਸਿਟੀ ਦੇ ਫਿਲਾਸਫੀ ਵਿਭਾਗ ਤੋਂ ਗ੍ਰੈਜੂਏਸ਼ਨ ਕੀਤੀ ਅਤੇ ਫਿਲਾਸਫ਼ੀ ਆਫ ਆਰਟਸ ਵਿੱਚ ਡਾਕਟਰੇਟ ਕੀਤੀ ਹੈ।
ਉਸ ਦੀਆਂ ਕਿਤਾਬਾਂ ਦਾ 20 ਭਾਸ਼ਾਵਾਂ ਵਿੱਚ ਅਨੁਵਾਦ ਕੀਤਾ ਗਿਆ ਹੈ। ਉਸ ਨੂੰ ਕਈ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੁਰਸਕਾਰ ਮਿਲੇ ਹਨ, ਜਿਨ੍ਹਾਂ ਵਿੱਚ ਐਂਜਲਸ ਸੈਂਟਰਲ ਯੂਰਪੀਅਨ ਲਿਟਰੇਰੀ ਪ੍ਰਾਈਜ਼, ਯੂਕਰੇਨ ਦਾ ਸ਼ੇਵਚੇਂਕੋ ਰਾਸ਼ਟਰੀ ਪੁਰਸਕਾਰ ਅਤੇ ਫ੍ਰੈਂਚ ਨੈਸ਼ਨਲ ਆਰਡਰ ਆਫ ਦਿ ਲੀਜਨ ਆਫ ਆਨਰ ਸ਼ਾਮਲ ਹਨ।
ਭਿਖਸ਼ੂਣੀ, ਬੋਧੀ ਨਨ
1940 ਦੇ ਦਹਾਕੇ ਵਿੱਚ ਇੰਗਲੈਂਡ ਵਿੱਚ ਪੈਦਾ ਹੋਈ ਜੇਤਸੁਨਮਾ ਤੇਨਜ਼ਿਨ ਪਾਮੋ ਨੇ ਕਿਸ਼ੋਰ ਉਮਰ ਵਿੱਚ ਬੁੱਧ ਧਰਮ ਅਪਣਾ ਲਿਆ ਸੀ।
20 ਸਾਲ ਦੀ ਉਮਰ ਵਿੱਚ ਉਸ ਨੇ ਭਾਰਤ ਦੀ ਯਾਤਰਾ ਕੀਤੀ ਅਤੇ ਇੱਕ ਤਿੱਬਤੀ ਬੋਧੀ ਮੱਠਵਾਸੀ ਬਣਨ ਵਾਲੀ ਪਹਿਲੀ ਪੱਛਮੀ ਵਿਅਕਤੀ ਬਣ ਗਈ।
ਮਹਿਲਾ ਪ੍ਰੈਕਟੀਸ਼ਨਰਾਂ ਦੀ ਸਥਿਤੀ ਨੂੰ ਉਤਸ਼ਾਹਿਤ ਕਰਨ ਲਈ ਤੇਨਜ਼ਿਨ ਪਾਮੋ ਨੇ ਭਾਰਤ ਦੇ ਹਿਮਾਚਲ ਪ੍ਰਦੇਸ਼ ਵਿੱਚ ਡੋਂਗਯੂ ਗਟਸਲ ਲਿੰਗ ਨਨਰੀ ਦੀ ਸਥਾਪਨਾ ਕੀਤੀ, ਜੋ 120 ਤੋਂ ਵੱਧ ਨਨਾਂ ਦਾ ਘਰ ਹੈ।
ਉਹ ਹਿਮਾਲਿਆ ਦੀ ਇੱਕ ਦੂਰ-ਦੁਰਾਡੇ ਦੀ ਗੁਫਾ ਵਿੱਚ 12 ਸਾਲ ਬਿਤਾਉਣ ਲਈ ਜਾਣੀ ਜਾਂਦੀ ਹੈ, ਜਿਨ੍ਹਾਂ ਵਿੱਚੋਂ ਤਿੰਨ ਸਾਲ ਉਸ ਨੇ ਸਖ਼ਤ ਇਕਾਂਤਵਾਸ ਵਿੱਚ ਬਿਤਾਏ ਸਨ। 2008 ਵਿੱਚ ਉਸ ਨੂੰ ਜੇਤਸੁਨਮਾ ਦੇ ਦੁਰਲੱਭ ਖਿਤਾਬ ਨਾਲ ਸਨਮਾਨਤ ਕੀਤਾ ਗਿਆ, ਜਿਸਦਾ ਮਤਲਬ ਹੈ ਸਤਿਕਾਰਯੋਗ ਮਾਸਟਰ।
ਕਲਾਕਾਰ
'ਜਿਹੜੀਆਂ ਔਰਤਾਂ (ਮੈਗਜ਼ੀਨ) ਦੇ ਕਵਰ 'ਤੇ ਨਹੀਂ ਸਨ'' ਕਲਾਕਾਰ ਲਾਲਾ ਪਾਸਕੁਇਨੇਲੀ ਦੇ ਦਿਮਾਗ ਦੀ ਉਪਜ ਹੈ, ਜਿਸ ਦੀ ਸਥਾਪਨਾ 2015 ਵਿੱਚ ਸੁੰਦਰਤਾ ਸਬੰਧੀ ਰੂੜੀਆਂ, ਮੀਡੀਆ ਅਤੇ ਹਰਮਨਪਿਆਰੇ ਸੱਭਿਆਚਾਰ ਵਿੱਚ ਔਰਤਾਂ ਦੀ ਪ੍ਰਤੀਨਿਧਤਾ 'ਤੇ ਸਵਾਲ ਉਠਾਉਣ ਲਈ ਕੀਤੀ ਗਈ ਸੀ।
ਇਹ ਪ੍ਰਾਜੈਕਟ ਵਾਇਰਲ ਮੁਹਿੰਮਾਂ ਦੇ ਪਿੱਛੇ ਹੈ ਜੋ ਔਰਤਾਂ ਨੂੰ ਆਪਣੇ ਸਰੀਰ ਸਬੰਧੀ ਬਿਰਤਾਂਤ ਦਾ ਮੁੜ ਮੁਲਾਂਕਣ ਕਰਨ ਲਈ ਸੱਦਾ ਦਿੰਦੇ ਹਨ, ਜਿਸ ਵਿੱਚ ਉਮਰ ਵਧਣ ਅਤੇ ਡਾਈਟਿੰਗ ਵਰਗੇ ਮੁੱਦੇ ਵੀ ਸ਼ਾਮਲ ਹਨ। ਉਸ ਦੇ ਹਾਲੀਆ 'ਕਾਲ ਟੂ ਐਕਸ਼ਨ #HermanaSoltaLaPanza (ਭੈਣੋ, ਆਪਣੇ ਪੇਟ ਚੂਸਣੇ ਬੰਦ ਕਰੋ) ਨੇ ਹਰ ਆਕਾਰ ਅਤੇ ਸਾਈਜ਼ ਦੇ ਲੋਕਾਂ ਦੀਆਂ ਅਸਲ ਕਹਾਣੀਆਂ ਨੂੰ ਉਜਾਗਰ ਕੀਤਾ।
ਇੱਕ ਵਕੀਲ, ਕਵੀ, ਲੈਸਬੀਅਨ ਅਤੇ ਨਾਰੀਵਾਦੀ ਕਾਰਕੁਨ, ਪਾਸਕੁਇਨੇਲੀ ਇੱਕ ਸਮਰੂਪ ਨਾਰੀ ਸੁੰਦਰਤਾ ਆਦਰਸ਼ਾਂ ਨੂੰ ਖਤਮ ਕਰਨ ਲਈ ਕੰਮ ਕਰਦੀ ਹੈ। ਜਿਨ੍ਹਾਂ ਬਾਰੇ ਉਨ੍ਹਾਂ ਦਾ ਕਹਿਣਾ ਹੈ ਕਿ ਇਹ ''ਵਰਗਵਾਦੀ, ਲਿੰਗਵਾਦੀ ਅਤੇ ਨਸਲਵਾਦੀ'' ਹਨ ਅਤੇ ਲਿੰਗ ਅਸਮਾਨਤਾ ਨੂੰ ਹੋਰ ਉਤਸ਼ਾਹਿਤ ਕਰਦੇ ਹਨ।
ਪੱਤਰਕਾਰ
ਜਦੋਂ 20 ਸਾਲ ਦੀ ਉਮਰ ਵਿੱਚ ਆਖਿਰ ਉਸ ਨੂੰ ਔਟਿਜ਼ਮ ਦਾ ਪਤਾ ਲੱਗਿਆ, ਕੈਰੋਲੀਨਾ ਡਿਆਜ਼ ਪਿਮੇਂਟਲ ਨੇ ਇਸ ਤੱਥ ਦਾ ਜਸ਼ਨ ਮਨਾਉਣ ਲਈ ਆਪਣੇ ਆਪ ਲਈ ਇੱਕ ਕੇਕ ਬਣਾਇਆ ਕਿ ਉਸ ਨੂੰ ਹੁਣ ਪਤਾ ਚੱਲ ਗਿਆ ਹੈ ਕਿ ਉਹ ਨਿਊਰੋਡਾਈਵਰਜੈਂਟ ਹੈ।
ਹੁਣ ਉਹ 30 ਸਾਲ ਦੀ ਹੈ ਅਤੇ "ਮਾਣ ਨਾਲ ਆਟਿਸਟਿਕ" ਹੈ। ਉਹ ਨਿਊਰੋਡਾਈਵਰਜੈਂਸ ਅਤੇ ਮਾਨਸਿਕ ਸਿਹਤ ਕਵਰੇਜ ਵਿੱਚ ਮੁਹਾਰਤ ਵਾਲੀ ਪੱਤਰਕਾਰ ਦੇ ਰੂਪ ਵਿੱਚ ਕੰਮ ਕਰਦੀ ਹੈ।
ਡਾਇਜ਼ ਉਸ ਕਲੰਕ ਨੂੰ ਖਤਮ ਕਰਨ ਲਈ ਵੀ ਕੰਮ ਕਰਦੀ ਹੈ ਜਿਸਦਾ ਮਨੋ-ਸਮਾਜਿਕ ਅਸਮਰਥਤਾ ਵਾਲੇ ਲੋਕ ਅਕਸਰ ਸਾਹਮਣਾ ਕਰਦੇ ਹਨ। ਉਹ ਕਈ ਪ੍ਰਾਜੈਕਟਾਂ ਜਾਂ ਗੈਰ-ਮੁਨਾਫ਼ਿਆਂ ਦੀ ਸੰਸਥਾਪਕ ਹੈ ਜੋ ਨਿਊਰੋਡਾਇਵਰਸਿਟੀ ਬਾਰੇ ਜਾਗਰੂਕਤਾ ਪੈਦਾ ਕਰਦੇ ਹਨ: ਜਿਵੇਂ ਮਾਸ ਕਿਊ ਬਾਈਪੋਲਰ (ਬਾਈਪੋਲਰ ਤੋਂ ਵੱਧ), ਪੇਰੂਵਿਅਨ ਨਿਊਰੋਡਾਈਵਰਜੈਂਟ ਗੱਠਜੋੜ, ਅਤੇ ਪ੍ਰੋਏਕਟੋ ਐਟੀਪਿਕੋ (ਪ੍ਰੋਜੈਕਟ ਐਟੀਪੀਕਲ)।
ਉਹ ਪੁਲਿਤਜ਼ਰ ਸੈਂਟਰ ਗ੍ਰਾਂਟੀ ਹੈ ਅਤੇ ਰੋਸਲਿਨ ਕਾਰਟਰ ਵਿਦਵਾਨ ਹੈ।
ਕਲਾਈਮੇਟ ਕੈਫੇ ਦੀ ਸੰਸਥਾਪਕ
ਕਲਾਈਮੇਟ ਕੈਫੇ ਇੱਕ ਕਮਿਊਨਿਟੀ ਆਧਾਰਿਤ ਸਥਾਨ ਹੈ ਜਿੱਥੇ ਲੋਕ ਜਲਵਾਯੂ ਤਬਦੀਲੀ 'ਤੇ ਕੁਝ ਖਾਣ-ਪੀਣ, ਗੱਲਬਾਤ ਕਰਨ ਅਤੇ ਕਾਰਵਾਈ ਕਰਨ ਲਈ ਇਕੱਠੇ ਹੁੰਦੇ ਹਨ। ਸਭ ਤੋਂ ਪਹਿਲਾਂ ਇਸ ਦੀ ਸਥਾਪਨਾ ਜੈੱਸ ਪੈਪਰ ਦੁਆਰਾ 2015 ਵਿੱਚ ਸਕਾਟਲੈਂਡ ਦੇ ਇੱਕ ਛੋਟੇ ਜਿਹੇ ਸ਼ਹਿਰ ਵਿੱਚ ਕੀਤੀ ਗਈ ਸੀ।
ਉਹ ਹੁਣ ਹੋਰ ਭਾਈਚਾਰਿਆਂ ਦੀ ਆਲਮੀ ਨੈੱਟਵਰਕ ਵਿੱਚ ਇਕੱਠੇ ਜੁੜ ਕੇ ਆਪਣਾ ਖੁਦ ਦਾ ਸਥਾਨ ਸ਼ੁਰੂ ਕਰਨ ਵਿੱਚ ਮਦਦ ਕਰਦੀ ਹੈ।
ਉੱਥੇ ਮੌਜੂਦ ਲੋਕਾਂ ਦਾ ਕਹਿਣਾ ਹੈ ਕਿ ਇਹ ਸੁਰੱਖਿਅਤ ਥਾਵਾਂ ਹਨ ਜਿੱਥੇ ਉਹ ਜਲਵਾਯੂ ਸੰਕਟ ਬਾਰੇ ਆਪਣੇ ਡਰ ਅਤੇ ਚਿੰਤਾਵਾਂ ਨੂੰ ਸਾਂਝਾ ਕਰ ਸਕਦੇ ਹਨ।
ਪੈਪਰ ਦੀਆਂ ਜਲਵਾਯੂ ਖੇਤਰ ਵਿੱਚ ਕਈ ਲੀਡਰਸ਼ਿਪ ਭੂਮਿਕਾਵਾਂ ਹਨ। ਉਹ ਰੌਇਲ ਸਕਾਟਿਸ਼ ਜਿਓਗ੍ਰਾਫੀਕਲ ਸੁਸਾਇਟੀ ਦੀ ਆਨਰੇਰੀ ਫੈਲੋ ਅਤੇ ਰੌਇਲ ਸੁਸਾਇਟੀ ਆਫ ਆਰਟਸ ਦੀ ਫੈਲੋ ਹੈ।
ਸਮੁਦਾਇਆਂ ਵਿੱਚ ਜਲਵਾਯੂ ਕਾਰਵਾਈ ਅਤੇ ਸਕਾਰਾਤਮਕ ਤਬਦੀਲੀਆਂ ਹੋ ਰਹੀਆਂ ਹਨ, ਜਿਨ੍ਹਾਂ ਦੀ ਅਗਵਾਈ ਅਕਸਰ ਔਰਤਾਂ ਅਤੇ ਬੱਚੇ ਕਰ ਰਹੇ ਹਨ। ਇਹ ਵੇਖਣਾ ਕਿ ਇਹ ਸਬੰਧ ਕਿਵੇਂ ਪ੍ਰੇਰਨਾ ਦੇ ਰਹੇ ਹਨ ਅਤੇ ਤਬਦੀਲੀ ਨੂੰ ਸੂਚਿਤ ਕਰ ਰਹੇ ਹਨ। ਇਹ ਅੱਗੇ ਦੀ ਤਬਦੀਲੀ ਲਈ ਮੌਕੇ ਅਤੇ ਰਾਜਨੀਤਿਕ ਥਾਂ ਬਣਾਉਂਦੇ ਹੋਏ ਲਚਕੀਲਾਪਣ ਪੈਦਾ ਕਰ ਰਹੇ ਹਨ, ਇਸ ਤੋਂ ਮੈਨੂੰ ਉਮੀਦ ਮਿਲਦੀ ਹੈ।
ਜੈੱਸ ਪੈਪਰ
ਮਾਡਲ ਅਤੇ ਇਨਫਲੂਐਂਸਰ
93 ਸਾਲ ਦੇ ਬਹੁਤ ਸਾਰੇ ਲੋਕ ਇਹ ਨਹੀਂ ਕਹਿ ਸਕਦੇ ਕਿ ਉਨ੍ਹਾਂ ਦੇ ਇੰਸਟਾਗ੍ਰਾਮ 'ਤੇ 235,000 ਤੋਂ ਵੱਧ ਫਾਲੋਅਰਜ਼ ਹਨ, ਪਰ ਇਟਲੀ ਦੀ ਸਭ ਤੋਂ ਬਜ਼ੁਰਗ ਬਾਡੀ ਸਕਾਰਾਤਮਕ ਇਨਫਲੂਐਂਸਰ ਲਈ ਇਹ ਸਿਰਫ਼ ਸ਼ੁਰੂਆਤ ਹੈ।
ਲੀਸੀਆ ਫਰਟਜ਼ ਦੂਜੇ ਵਿਸ਼ਵ ਯੁੱਧ ਦੌਰਾਨ ਜਿਉਂਦੀ ਰਹੀ। ਉਨ੍ਹਾਂ ਨੇ ਆਪਣੀ 28 ਸਾਲ ਦੀ ਧੀ ਦੀ ਮੌਤ ਨੂੰ ਸਹਿਣ ਕੀਤਾ, ਅਤੇ ਆਪਣੇ ਪਤੀ ਨੂੰ ਮਰਦੇ ਹੋਏ ਦੇਖਿਆ।
ਪਰ ਜਦੋਂ ਉਨ੍ਹਾਂ ਦੇ ਪੋਤੇ ਨੇ ਉਨ੍ਹਾਂ ਨੂੰ ਖੁਸ਼ ਕਰਨ ਲਈ ਇੱਕ ਇੰਸਟਾਗ੍ਰਾਮ ਪ੍ਰੋਫਾਈਲ ਬਣਾਇਆ, ਤਾਂ ਉਨ੍ਹਾਂ ਦੇ ਰੰਗੀਨ ਪਹਿਰਾਵੇ ਅਤੇ ਸੋਹਣੀ ਮੁਸਕਰਾਹਟ ਨੇ ਉਨ੍ਹਾਂ ਨੂੰ ਤੁਰੰਤ ਸੋਸ਼ਲ ਮੀਡੀਆ ਸਟਾਰ ਬਣਾ ਦਿੱਤਾ।
ਉਨ੍ਹਾਂ ਨੇ ਇੱਕ ਸਵੈ-ਜੀਵਨੀ ਲਿਖੀ ਹੈ ਅਤੇ 89 ਸਾਲ ਦੀ ਉਮਰ ਵਿੱਚ ਰੋਲਿੰਗ ਸਟੋਨ ਮੈਗਜ਼ੀਨ ਦੇ ਕਵਰ ਲਈ ਨਿਊਡ ਮਾਡਲਿੰਗ ਕੀਤੀ ਹੈ।
ਉਹ ਇੱਕ ਉਮਰਦਰਾਜ, ਨਾਰੀਵਾਦ ਅਤੇ LGBTQ+ ਕਾਰਕੁਨ ਹੈ, ਜੋ ਸਰੀਰ ਦੀ ਸਕਾਰਾਤਮਕਤਾ ਨੂੰ ਉਤਸ਼ਾਹਿਤ ਕਰਦੀ ਹੈ। ਅਸੀਂ ਬੁੱਢੇ ਸਰੀਰਾਂ ਅਤੇ ਬਜ਼ੁਰਗਾਂ ਨੂੰ ਕਿਵੇਂ ਦੇਖਦੇ ਹਾਂ, ਉਹ ਇਸ ਨੂੰ ਨਵਾਂ ਰੂਪ ਦਿੰਦੀ ਹੈ।
ਬਰਨ ਸਰਵਾਈਵਰ
ਇੱਕ ਦੁਰਘਟਨਾ ਵਿੱਚ ਬਚਣ ਤੋਂ ਬਾਅਦ, ਜਿਸ ਵਿੱਚ ਉਸ ਦੇ ਸਰੀਰ ਦਾ 60% ਹਿੱਸਾ ਸੜ ਗਿਆ ਸੀ, ਜਨਾਤੁਲ ਫਿਰਦੌਸ ਇੱਕ ਫਿਲਮ ਨਿਰਮਾਤਾ, ਲੇਖਕ ਅਤੇ ਅਪਾਹਜਤਾ ਪ੍ਰਚਾਰਕ ਬਣ ਗਈ ਹੈ।
ਉਹ ਵੌਇਸ ਐਂਡ ਵਿਊਜ਼ ਦੀ ਸੰਸਥਾਪਕ ਹੈ, ਜੋ ਇੱਕ ਮਨੁੱਖੀ ਅਧਿਕਾਰ ਸੰਸਥਾ ਹੈ ਜੋ ਸੜਨ ਤੋਂ ਬਚੀਆਂ ਔਰਤਾਂ ਦੇ ਹੱਕਾਂ ਲਈ ਲੜਦੀ ਹੈ।
ਉਹ ਆਪਣੇ ਦੋਸਤਾਂ ਅਤੇ ਪਰਿਵਾਰ ਵਿਚਕਾਰ ਆਈਵੀ ਵਜੋਂ ਜਾਣੀ ਜਾਂਦੀ ਹੈ। ਉਸ ਨੇ ਅਪਾਹਜ ਲੋਕਾਂ ਪ੍ਰਤੀ ਜਾਗਰੂਕਤਾ ਵਧਾਉਣ ਲਈ ਆਪਣੀ ਕਹਾਣੀ ਸੁਣਾਉਣ ਦੀ ਵਰਤੋਂ ਕਰਦੇ ਹੋਏ ਪੰਜ ਛੋਟੀਆਂ ਫਿਲਮਾਂ ਬਣਾਈਆਂ ਅਤੇ ਤਿੰਨ ਨਾਵਲ ਪ੍ਰਕਾਸ਼ਿਤ ਕੀਤੇ ਹਨ।
ਫਿਰਦੌਸ ਨੇ ਵਿਆਪਕ ਪੱਧਰ 'ਤੇ ਅਧਿਐਨ ਕੀਤਾ ਹੈ ਅਤੇ ਉਨ੍ਹਾਂ ਦੀਆਂ ਅਕਾਦਮਿਕ ਪ੍ਰਾਪਤੀਆਂ ਵਿੱਚ ਅੰਗਰੇਜ਼ੀ ਸਾਹਿਤ ਵਿੱਚ ਐੱਮਏ ਅਤੇ ਵਿਕਾਸ ਅਧਿਐਨ ਵਿੱਚ ਡਿਗਰੀ ਸ਼ਾਮਲ ਹੈ।
ਸਵਦੇਸ਼ੀ ਅਤੇ LGBTQ+ ਅਧਿਕਾਰਾਂ ਲਈ ਪ੍ਰਚਾਰਕ
ਮਿਆਂਮਾਰ ਦੀ ਸਰਹੱਦ 'ਤੇ ਥਾਈਲੈਂਡ ਵਿੱਚ ਰਹਿੰਦੇ ਹੋਏ, ਇੱਕ ਅਜਿਹਾ ਖੇਤਰ ਜਿਸ ਨੇ ਜਲਵਾਯੂ ਤਬਦੀਲੀ ਅਤੇ ਸੰਘਰਸ਼ ਦੋਵਾਂ ਦੇ ਪ੍ਰਭਾਵਾਂ ਦਾ ਅਨੁਭਵ ਕੀਤਾ ਹੈ, ਮਾਚਾ ਫੋਰਨ-ਇਨ ਨੇ ਆਪਣੇ ਕੰਮ ਨੂੰ ਘੱਟ ਗਿਣਤੀਆਂ ਦੇ ਅਧਿਕਾਰਾਂ 'ਤੇ ਕੇਂਦਰਿਤ ਕੀਤਾ ਹੈ।
ਉਸ ਨੇ ਸਾਂਗਸਾਨ ਅਨਾਕੋਟ ਯਵਾਚੋਂ ਵਿਕਾਸ ਪ੍ਰਾਜੈਕਟ ਦੀ ਸਥਾਪਨਾ ਕੀਤੀ, ਜਿਸਦਾ ਉਦੇਸ਼ ਹਜ਼ਾਰਾਂ ਦੇਸ਼ਹੀਣ ਅਤੇ ਭੂਮੀਹੀਣ ਸਵਦੇਸ਼ੀ ਔਰਤਾਂ, ਲੜਕੀਆਂ ਅਤੇ LGBTQ+ ਭਾਈਚਾਰੇ ਦੇ ਨੌਜਵਾਨ ਮੈਂਬਰਾਂ ਨੂੰ ਸਿੱਖਿਅਕ ਅਤੇ ਸਸ਼ਕਤ ਬਣਾਉਣਾ ਹੈ।
ਇੱਕ ਨਸਲੀ ਘੱਟ-ਗਿਣਤੀ/ਸਵਦੇਸ਼ੀ ਲੈਸਬੀਅਨ ਨਾਰੀਵਾਦੀ ਦੇ ਰੂਪ ਵਿੱਚ ਮਾਚਾ ਫੋਰਨ-ਇਨ ਦੀ ਖੇਤਰ ਵਿੱਚ ਲਿੰਗ-ਆਧਾਰਿਤ ਹਿੰਸਾ ਨੂੰ ਰੋਕਣ ਲਈ ਅੰਦੋਲਨ ਵਿੱਚ ਮੋਹਰੀ ਭੂਮਿਕਾ ਹੈ। ਇਸ ਦੇ ਨਾਲ ਹੀ ਉਹ ਵਿਸਥਾਪਿਤ ਅਤੇ ਵੰਚਿਤ ਲੋਕਾਂ ਲਈ ਭੂਮੀ ਅਧਿਕਾਰਾਂ ਅਤੇ ਜਲਵਾਯੂ ਨਿਆਂ ਦਾ ਸਮਰਥਨ ਵੀ ਕਰਦੀ ਹੈ।
ਸਵਦੇਸ਼ੀ ਭਾਈਚਾਰਿਆਂ, LGBTQIA+, ਔਰਤਾਂ ਅਤੇ ਕੁੜੀਆਂ ਦੀ ਸਾਰਥਕ ਭਾਗੀਦਾਰੀ ਅਤੇ ਆਵਾਜ਼ ਦੇ ਬਿਨਾਂ ਟਿਕਾਊ ਜਲਵਾਯੂ ਸਮਾਧਾਨ ਨਹੀਂ ਹੋ ਸਕਦੇ।
ਮਾਚਾ ਫੋਰਨ-ਇਨ
ਕਲਾਕਾਰ
ਪ੍ਰਿੰਟਮੇਕਿੰਗ, ਡਰਾਇੰਗ, ਪੇਂਟਿੰਗ, ਇੰਸਟਾਲੇਸ਼ਨ ਅਤੇ ਫਿਲਮ ਸਮੇਤ ਕਈ ਕਲਾਵਾਂ ਵਿੱਚ ਕੰਮ ਕਰਦੇ ਹੋਏ, ਚਿਲਾ ਕੁਮਾਰੀ ਬਰਮਨ ਆਪਣੇ ਕੰਮ ਦੀ ਵਰਤੋਂ ਪ੍ਰਤੀਨਿਧਤਾ, ਲਿੰਗ ਅਤੇ ਸੱਭਿਆਚਾਰਕ ਪਛਾਣ ਵਰਗੇ ਮੁੱਦਿਆਂ 'ਤੇ ਚਰਚਾ ਕਰਨ ਲਈ ਕਰਦੀ ਹੈ।
ਇਸ ਸਾਲ ਇਸ ਕਲਾਕਾਰ ਨੇ ਬਲੈਕਪੂਲ ਇਲੂਮੀਨੇਸ਼ਨਜ਼ ਵਿਖੇ ਆਪਣੇ ਕੰਮ ਦੀ ਵਿਸ਼ੇਸ਼ਤਾ ਨੂੰ ਦੇਖਿਆ ਹੈ, ਜੋ ਇੱਕ ਲਾਈਟ ਫੈਸਟੀਵਲ ਹੈ ਜੋ ਯੂਕੇ ਵਿੱਚ 1879 ਤੋਂ ਚੱਲ ਰਿਹਾ ਹੈ। ਲੋਲੀਜ਼ ਇਨ ਲਵ ਵਿਦ ਲਾਈਟ ਇੱਕ ਟੈਕਨੀਕਲਰ ਇੰਸਟਾਲੇਸ਼ਨ ਹੈ ਜਿਸ ਦੇ ਕੇਂਦਰ ਵਿੱਚ ਇੱਕ ਆਈਸਕ੍ਰੀਮ ਵੈਨ ਹੈ ਜੋ ਬਰਫ਼ ਤੋਂ ਪ੍ਰੇਰਿਤ ਹੈ। ਇਸ ਲਈ ਉਹ ਆਪਣੇ ਮਾਪਿਆ ਵੱਲੋਂ ਚਲਾਏ ਜਾਂਦੇ ਆਈਸ ਕਰੀਮ ਦੇ ਕਾਰੋਬਾਰ ਤੋਂ ਪ੍ਰਭਾਵਿਤ ਹੋਈ ਸੀ।
2020 ਵਿੱਚ ਬਰਮਨ ਨੇ ਭਾਰਤੀ ਮਿਥਿਹਾਸ ਕਥਾਵਾਂ, ਪ੍ਰਸਿੱਧ ਸੰਸਕ੍ਰਿਤੀ ਅਤੇ ਔਰਤਾਂ ਦੇ ਸਸ਼ਕਤੀਕਰਨ ਦੇ ਸੰਦਰਭਾਂ ਵਿੱਚ ਟੇਟ ਬ੍ਰਿਟੇਨ ਦੇ ਮੁਖੌਟੇ ਨੂੰ ਸਜਾਉਂਦੇ ਹੋਏ 'ਰਿਮੈਂਬਰਿੰਗ ਏ ਬ੍ਰੇਵ ਨਿਊ ਵਰਲਡ' ਦੀ ਸਥਾਪਨਾ ਕੀਤੀ।
ਪਿਛਲੇ ਸਾਲ ਉਸ ਨੂੰ ਐੱਮ.ਬੀ.ਈ. ਨਾਲ ਸਨਮਾਨਤ ਕੀਤਾ ਗਿਆ ਸੀ।
ਮੱਛੀ ਪਾਲਕ
ਘਾਨਾ ਦੇ ਪਿੰਡ ਫੁਵੇਮੇ ਦੀ ਮੂਲ ਨਿਵਾਸੀ ਈਸੀ ਬੁਓਬਾਸਾ ਨੇ ਜਲਵਾਯੂ ਤਬਦੀਲੀ ਦੇ ਪ੍ਰਭਾਵ ਦਾ ਪ੍ਰਤੱਖ ਅਨੁਭਵ ਕੀਤਾ ਹੈ। ਜਿਸ ਦਾ ਪਿੰਡ ਸਮੁੰਦਰ ਦੀ ਭਿਆਨਕਤਾ ਵਿੱਚ ਵਹਿ ਗਿਆ ਸੀ।
ਆਪਣੇ ਪਤੀ ਅਤੇ ਪੰਜ ਬੱਚਿਆਂ ਦੇ ਨਾਲ ਸਮੁੰਦਰ ਦਾ ਪੱਧਰ ਵਧਣ ਕਾਰਨ ਉਨ੍ਹਾਂ ਨੂੰ ਪਰਵਾਸ ਕਰਨ ਲਈ ਮਜਬੂਰ ਹੋਣਾ ਪਿਆ ਸੀ, ਜਿਸ ਨਾਲ ਉਨ੍ਹਾਂ ਦੀ ਜ਼ਮੀਨ ਬਰਬਾਦ ਹੋ ਗਈ ਸੀ।
ਆਪਣੇ ਪਿੰਡ ਵਿੱਚ ਇੱਕ ਪ੍ਰਮੁੱਖ ਮੱਛੀ ਪਾਲਕ ਬੁਓਬਾਸਾ ਅਤੇ ਉਸ ਦੇ ਸਾਥੀਆਂ ਨੇ ਇੱਕ ਐਸੋਸੀਏਸ਼ਨ ਦੀ ਸਥਾਪਨਾ ਕੀਤੀ ਜਿਸ ਦਾ ਉਦੇਸ਼ ਖੇਤਰ ਵਿੱਚ ਮਛੇਰ ਔਰਤਾਂ ਦੀ ਮਦਦ ਕਰਨਾ ਹੈ, ਕਿਉਂਕਿ ਉਨ੍ਹਾਂ ਦੀ ਆਮਦਨੀ ਦੇ ਸਰੋਤ ਤੱਟਵਰਤੀ ਭੂਮੀ ਕਟਾਅ ਦੇ ਖ਼ਤਰੇ ਵਿੱਚ ਹਨ।
ਐਸੋਸੀਏਸ਼ਨ ਜਿਸ ਵਿੱਚ ਹੁਣ ਲਗਭਗ 100 ਮੈਂਬਰ ਹਨ, ਉਹ ਕਾਰੋਬਾਰ ਵਿੱਚ ਔਰਤਾਂ ਨੂੰ ਪ੍ਰਭਾਵਿਤ ਕਰਨ ਵਾਲੇ ਮੁੱਦਿਆਂ 'ਤੇ ਚਰਚਾ ਕਰਨ ਲਈ ਹਫ਼ਤਾਵਾਰ ਮੀਟਿੰਗ ਕਰਦੇ ਹਨ ਅਤੇ ਲੋੜਵੰਦ ਪਰਿਵਾਰਾਂ ਦੀ ਸਹਾਇਤਾ ਲਈ ਵਿੱਤੀ ਯੋਗਦਾਨ ਪਾਉਂਦੇ ਹਨ।
ਹਰ ਵਾਰ ਜਦੋਂ ਸਮੁੰਦਰੀ ਲਹਿਰਾਂ ਆਉਂਦੀਆਂ ਹਨ ਤਾਂ ਅਸੀਂ ਨਿਰਾਸ਼ ਹੋ ਜਾਂਦੇ ਹਾਂ। ਮੌਤ ਸਾਡੀ ਅਤੇ ਸਾਡੀ ਅਗਲੀ ਪੀੜ੍ਹੀ ਲਈ ਆਉਂਦੀ ਹੈ।
ਈਸੀ ਬੁਓਬਾਸਾ
ਸਵਦੇਸ਼ੀ ਅਧਿਕਾਰ ਅਤੇ ਅਪੰਗਤਾ ਸਮਰਥਕ
ਕਾਈ ਤਾਹੂ ਸਵਦੇਸ਼ੀ ਅਤੇ ਅਪਾਹਜ ਜਲਵਾਯੂ ਮਾਹਰ, ਕੇਰਾ ਸ਼ੇਰਵੁੱਡ-ਓ'ਰੇਗਨ ਨਿਊਜ਼ੀਲੈਂਡ ਦੇ ਦੱਖਣੀ ਟਾਪੂ ਟੇ ਵਾਈਪੋਨਾਮੂ ਦੀ ਵਸਨੀਕ ਹੈ।
ਉਹ 'ਐਕਟੀਵੇਟ' ਦੀ ਸਹਿ-ਸੰਸਥਾਪਕ ਹੈੇ। ਜੋ ਜਲਵਾਯੂ ਨਿਆਂ ਅਤੇ ਸਮਾਜਿਕ ਤਬਦੀਲੀ ਵਿੱਚ ਮੁਹਾਰਤ ਵਾਲੀ ਇੱਕ ਸਮਾਜਿਕ ਪ੍ਰਭਾਵ ਵਾਲੀ ਏਜੰਸੀ ਹੈ।
ਉਸ ਦਾ ਕੰਮ ਭੂਮੀ ਅਤੇ ਪੂਰਵਜਾਂ ਪ੍ਰਤੀ ਮਾਓਰੀ ਦ੍ਰਿਸ਼ਟੀਕੋਣ 'ਤੇ ਆਧਾਰਿਤ ਹੈ, ਜਿਸ ਨੂੰ ਹਾਲ ਹੀ ਵਿੱਚ ਮੁੱਖ ਧਾਰਾ ਦੀ ਜਲਵਾਯੂ ਗੱਲਬਾਤ ਦੁਆਰਾ ਅਣਡਿੱਠ ਕਰ ਦਿੱਤਾ ਗਿਆ ਸੀ।
ਸ਼ੇਰਵੁੱਡ-ਓ'ਰੇਗਨ ਨੇ ਆਪਣੇ ਭਾਈਚਾਰਿਆਂ 'ਤੇ ਜਲਵਾਯੂ ਪਰਿਵਰਤਨ ਦੇ ਪ੍ਰਭਾਵਾਂ ਨੂੰ ਉਜਾਗਰ ਕਰਨ ਲਈ ਮੰਤਰੀਆਂ, ਅਧਿਕਾਰੀਆਂ ਅਤੇ ਵਿਆਪਕ ਸਿਵਲ ਸੁਸਾਇਟੀ ਨਾਲ ਸਬੰਧ ਬਣਾਏ ਹਨ, ਜਦੋਂ ਕਿ ਜਲਵਾਯੂ ਵਾਰਤਾਵਾਂ ਵਿੱਚ ਸਵਦੇਸ਼ੀ ਲੋਕਾਂ ਅਤੇ ਅਪਾਹਜ ਲੋਕਾਂ ਦੇ ਅਧਿਕਾਰਾਂ ਦੀ ਵਧੇਰੇ ਮਾਨਤਾ ਦਾ ਸਮਰਥਨ ਕੀਤਾ ਹੈ।
ਅਸੀਂ ਚੂਸ ਸੁੱਟਣ ਵਾਲੇ ਮਾਡਲ ਨੂੰ ਰੱਦ ਕਰ ਰਹੇ ਹਾਂ। ਅਸੀਂ ਸਥਾਨ ਲੈ ਰਹੇ ਹਾਂ, ਅਸੀਂ ਭਾਈਚਾਰੇ ਨਾਲ ਅਗਵਾਈ ਕਰ ਰਹੇ ਹਾਂ - ਅਤੇ ਇਹ ਕੰਮ ਕਰ ਰਹੇ ਹਨ। ਮੈਨੂੰ ਲੱਗਦਾ ਹੈ ਕਿ ਬਹੁਤ ਸਾਰੇ ਲੋਕ ਹੁਣ ਇਹ ਮੰਨਦੇ ਹਨ ਕਿ ਸਵਦੇਸ਼ੀ ਪ੍ਰਭੂਸੱਤਾ ਦਾ ਅਹਿਸਾਸ ਜਲਵਾਯੂ ਸੰਕਟ ਦਾ ਹੱਲ ਹੈ।
ਕੇਰਾ ਸ਼ੇਰਵੁੱਡ-ਓ'ਰੇਗਨ
ਸਿੱਖਿਅਕ ਅਤੇ ਜਲਵਾਯੂ ਸਲਾਹਕਾਰ
ਕਿਸ਼ੋਰ ਸਾਗਰਿਕਾ ਸ੍ਰੀਰਾਮ ਸਕੂਲਾਂ ਵਿੱਚ ਜਲਵਾਯੂ ਸਿੱਖਿਆ ਨੂੰ ਲਾਜ਼ਮੀ ਬਣਾਉਣ ਲਈ ਲੜ ਰਹੀ ਹੈ।
ਆਪਣੇ ਕੋਡਿੰਗ ਹੁਨਰ ਦੀ ਵਰਤੋਂ ਕਰਦੇ ਹੋਏ, ਉਸ ਨੇ ਔਨਲਾਈਨ ਪਲੈਟਫਾਰਮ 'ਕਿਡਜ਼4ਏਬੈਟਰਵਰਲਡ' (Kids4abetterworld) ਦੀ ਸਥਾਪਨਾ ਕੀਤੀ, ਜਿਸ ਨੂੰ ਦੁਨੀਆ ਭਰ ਦੇ ਬੱਚਿਆਂ ਨੂੰ ਸਿੱਖਿਆ ਦੇਣ ਅਤੇ ਉਨ੍ਹਾਂ ਦੇ ਭਾਈਚਾਰਿਆਂ ਵਿੱਚ ਸਥਿਰਤਾ ਪ੍ਰਾਜੈਕਟਾਂ ਵਿੱਚ ਸਹਾਇਤਾ ਕਰਨ ਲਈ ਤਿਆਰ ਕੀਤਾ ਗਿਆ ਹੈ।
ਉਹ ਔਨਲਾਈਨ ਅਤੇ ਔਫਲਾਈਨ ਵਾਤਾਵਰਨ ਵਰਕਸ਼ਾਪਾਂ ਜ਼ਰੀਏ ਇਸ ਦਾ ਸਮਰਥਨ ਕਰਦੀ ਹੈ। ਉਹ ਬੱਚਿਆਂ ਨੂੰ ਸਿਖਾਉਂਦੀ ਹੈ ਕਿ ਉਹ ਕਿਵੇਂ ਜਲਵਾਯੂ ਤਬਦੀਲੀ 'ਤੇ ਸਕਾਰਾਤਮਕ ਪ੍ਰਭਾਵ ਪਾ ਸਕਦੇ ਹਨ।
ਦੁਬਈ ਵਿੱਚ ਆਪਣੀ ਏ-ਲੈਵਲ ਦੀ ਪੜ੍ਹਾਈ ਦੇ ਨਾਲ ਨਾਲ, ਸ੍ਰੀਰਾਮ ਬਾਲ ਅਧਿਕਾਰਾਂ ਬਾਰੇ ਸੰਯੁਕਤ ਰਾਸ਼ਟਰ ਕਮੇਟੀ ਦੀ ਬੱਚਿਆਂ ਦੀ ਸਲਾਹਕਾਰ ਟੀਮ ਦਾ ਹਿੱਸਾ ਹੈ, ਜਿੱਥੇ ਉਹ ਵਾਤਾਵਰਨ ਅਧਿਕਾਰਾਂ ਦਾ ਸਮਰਥਨ ਕਰਦੀ ਹੈ।
ਇਹ ਸਮਾਂ ਘਬਰਾਉਣ ਹੋਣ ਦਾ ਨਹੀਂ, ਸਗੋਂ ਕਾਰਵਾਈ ਕਰਨ ਦਾ ਹੈ। ਇਸ ਲਈ ਹਰੇਕ ਬੱਚੇ ਨੂੰ ਸਥਾਈ ਰੂਪ ਨਾਲ ਜਿਉਣ ਅਤੇ ਉਨ੍ਹਾਂ ਪ੍ਰਣਾਲੀਗਤ ਤਬਦੀਲੀਆਂ ਲਈ ਸਿੱਖਿਅਤ ਕੀਤਾ ਜਾਣਾ ਚਾਹੀਦਾ ਹੈ ਜਿਹੜੀਆਂ ਨੂੰ ਸਾਡੀ ਦੁਨੀਆ ਵਿੱਚ ਦੇਖਣ ਦੀ ਲੋੜ ਹੈ।
ਸਾਗਰਿਕਾ ਸ੍ਰੀਰਾਮ
ਕਿਸਾਨ ਅਤੇ ਉੱਦਮੀ
2016 ਵਿੱਚ ਟਾਈਫੂਨ ਨੌਕ-ਟੈੱਨ ਨੇ ਫਿਲੀਪੀਨਜ਼ ਦੇ ਕੈਮਰੀਨਸ ਸੁਰ ਦੇ ਕੁਝ ਹਿੱਸਿਆਂ ਵਿੱਚ ਤਬਾਹੀ ਮਚਾਈ, ਜਿਸ ਨੇ 80% ਖੇਤੀਬਾੜੀ ਵਾਲੀ ਜ਼ਮੀਨ ਨੂੰ ਤਬਾਹ ਕਰ ਦਿੱਤਾ।
ਲੁਈ ਮਾਬੁਲੋ ਨੇ ਇਸ ਦੇ ਬਾਅਦ 'ਕਾਕਾਓ ਪ੍ਰਾਜੈਕਟ' ਦੀ ਸਥਾਪਨਾ ਕਰਕੇ ਤਬਾਹੀ ਨੂੰ ਚੁਣੌਤੀ ਦਿੱਤੀ। ਸੰਸਥਾ ਦਾ ਟੀਚਾ ਟਿਕਾਊ ਵਣ ਖੇਤੀ ਰਾਹੀਂ ਸਥਾਨਕ ਭੋਜਨ ਪ੍ਰਣਾਲੀਆਂ ਵਿੱਚ ਕ੍ਰਾਂਤੀ ਲਿਆਉਣਾ ਹੈ।
ਮਾਬੁਲੋ ਕਿਸਾਨਾਂ ਨੂੰ ਸਸ਼ਕਤ ਬਣਾਉਂਦੀ ਹੈ, ਵਿਨਾਸ਼ਕਾਰੀ ਭੋਜਨ ਪ੍ਰਣਾਲੀਆਂ ਨੂੰ ਖਤਮ ਕਰਦੀ ਹੈ ਅਤੇ ਪੇਂਡੂ-ਅਗਵਾਈ ਵਾਲੀ ਹਰੀ ਆਰਥਿਕਤਾ ਦਾ ਸਮਰਥਨ ਕਰਦੀ ਹੈ। ਜ਼ਮੀਨ 'ਤੇ ਕਾਸ਼ਤ ਕਰਨ ਵਾਲਿਆਂ ਦੇ ਹੱਥਾਂ ਵਿੱਚ ਨਿਯੰਤਰਣ ਵਾਪਸ ਲਿਆਉਂਦੀ ਹੈ।
ਉਹ ਅੰਤਰਰਾਸ਼ਟਰੀ ਜਲਵਾਯੂ ਨੀਤੀ ਦੀ ਸਲਾਹ ਦਿੰਦੀ ਹੈ, ਜਿੱਥੇ ਉਹ ਪਿੰਡਾਂ ਦੀਆਂ ਪ੍ਰੇਰਕ ਕਹਾਣੀਆਂ ਅਤੇ ਗਿਆਨ ਨੂੰ ਵਧਾਉਂਦੀ ਹੈ। ਉਸ ਨੂੰ ਸੰਯੁਕਤ ਰਾਸ਼ਟਰ ਵਾਤਾਵਰਨ ਪ੍ਰੋਗਰਾਮ ਦੁਆਰਾ 'ਯੰਗ ਚੈਂਪੀਅਨ ਆਫ ਅਰਥ' ਵਜੋਂ ਮਾਨਤਾ ਦਿੱਤੀ ਗਈ ਸੀ।
ਮੈਨੂੰ ਇਹ ਜਾਣ ਕੇ ਉਮੀਦ ਮਿਲਦੀ ਹੈ ਕਿ ਦੁਨੀਆ ਭਰ ਵਿੱਚ ਅੰਦੋਲਨ ਮੇਰੇ ਵਰਗੇ ਲੋਕਾਂ ਦੁਆਰਾ ਤਿਆਰ ਕੀਤੇ ਜਾ ਰਹੇ ਹਨ, ਹਰੇ ਭਰੇ ਦ੍ਰਿਸ਼ਾਂ ਦੇ ਨਾਲ ਭਵਿੱਖ ਦਾ ਨਿਰਮਾਣ ਕਰ ਰਹੇ ਹਨ। ਜੋ ਭਾਈਚਾਰਿਆਂ ਨੂੰ ਜੋੜਦੇ ਹਨ, ਜਿੱਥੇ ਸਾਡਾ ਭੋਜਨ ਟਿਕਾਊ ਅਤੇ ਪਹੁੰਚਯੋਗ ਹੈ। ਜਿੱਥੇ ਸਾਡੀ ਆਰਥਿਕਤਾ ਸਰਕੁਲਰ ਹੈ ਅਤੇ ਸਿਰਫ਼ ਬਰਾਬਰੀ ਦੇ ਅਸੂਲ 'ਤੇ ਸੰਚਾਲਿਤ ਹੁੰਦੀ ਹੈ।
ਲੁਈ ਮਾਬੁਲੋ
ਵਿਕਲਾਂਗਾਂ ਦੀ ਅਧਿਕਾਰ ਕਾਰਕੁਨ
ਜਦੋਂ ਉਹ ਹਾਈ ਸਕੂਲ ਵਿੱਚ ਸੀ ਉਦੋਂ ਦੋ ਸਟਰੋਕ ਤੋਂ ਬਚਣ ਤੋਂ ਬਾਅਦ ਮਾਰੀਜੇਟਾ ਮੋਜਾਸੇਵਿਕ ਦੀ ਜ਼ਿੰਦਗੀ ਨਾਟਕੀ ਢੰਗ ਨਾਲ ਬਦਲ ਗਈ।
ਸਰੀਰਕ ਅਤੇ ਮਨੋਵਿਗਿਆਨਕ ਪ੍ਰਭਾਵਾਂ ਦਾ ਅਨੁਭਵ ਕਰਨ ਤੋਂ ਬਾਅਦ, ਜਿਨ੍ਹਾਂ ਵਿੱਚੋਂ ਕਈਆਂ ਨਾਲ ਉਹ ਅੱਜ ਵੀ ਜੀ ਰਹੀ ਹੈ, ਮੋਜਾਸੇਵਿਕ ਹੁਣ ਇੱਕ ਯੁਵਾ ਸਲਾਹਕਾਰ ਅਤੇ ਵਿਕਲਾਂਗਾਂ ਲਈ ਅਧਿਕਾਰ ਕਾਰਕੁਨ ਵਜੋਂ ਕੰਮ ਕਰਦੀ ਹੈ।
ਉਹ ਨਿਊਰੋਲੌਜੀਕਲ ਵਿਕਾਰ ਵਾਲੇ ਲੋਕਾਂ ਪ੍ਰਤੀ ਰਵੱਈਏ ਅਤੇ ਵਿਵਹਾਰ ਨੂੰ ਚੁਣੌਤੀ ਦੇਣ ਲਈ ਆਪਣੀ ਆਵਾਜ਼ ਦੀ ਵਰਤੋਂ ਕਰਦੀ ਹੈ।
ਉਸ ਨੇ 'ਲਾਈਫ ਵਿਦ ਡਿਸਏਬਿਲਟੀ' ਨਾਮਕ ਵਰਕਸ਼ਾਪਾਂ ਤਿਆਰ ਕੀਤੀਆਂ, ਜਿੱਥੇ ਉਹ ਪੱਖਪਾਤ ਨੂੰ ਚੁਣੌਤੀ ਦੇਣ ਵਿੱਚ ਮਦਦ ਕਰਨ ਲਈ ਆਪਣੇ ਤਜਰਬਿਆਂ ਦੀ ਵਰਤੋਂ ਕਰਦੀ ਹੈ।
ਉਹ OneNeurology ਦੀ ਅੰਬੈਸਡਰ ਹੈ। ਇਹ ਇੱਕ ਅਜਿਹੀ ਪਹਿਲਕਦਮੀ ਹੈ ਜਿਸ ਦਾ ਉਦੇਸ਼ ਨਿਊਰੋਲੌਜੀਕਲ ਸਥਿਤੀਆਂ ਨੂੰ ਵਿਸ਼ਵਵਿਆਪੀ ਜਨਤਕ ਸਿਹਤ ਤਰਜੀਹ ਬਣਾਉਣਾ ਹੈ।
ਫਾਰ ਲਾਈਫ ਸਿਊਇੰਗ ਸ਼ੌਪ' ਦੀ ਸਹਿ-ਸੰਸਥਾਪਕ
ਸਟੇਜ ਚਾਰ ਦੇ ਕੈਂਸਰ ਦੇ ਤਿੰਨ ਸਾਲਾਂ ਦੇ ਤੀਬਰ ਇਲਾਜ ਵਿੱਚੋਂ ਗੁਜ਼ਰਦਿਆਂ ਅਤੇ ਆਪਣੀਆਂ ਦਵਾਈਆਂ ਦੇ ਭੁਗਤਾਨ ਕਰਨ ਲਈ ਸੰਘਰਸ਼ ਕਰਨ ਤੋਂ ਬਾਅਦ, ਸ਼ੈਰਬੂ ਸਾਗਿਨਬਾਏਵਾ ਹੁਣ ਠੀਕ ਹੋ ਗਈ ਹੈ।
ਉਪਚਾਰ ਅਧੀਨ ਚਾਰ ਹੋਰ ਕੈਂਸਰ ਮਰੀਜ਼ਾਂ ਦੇ ਨਾਲ, ਉਸਨੇ 'ਫਾਰ ਲਾਈਫ ਸਿਊਇੰਗ ਸ਼ੌਪ' ਸਥਾਪਤ ਕੀਤੀ, ਜਿੱਥੇ ਉਹ ਰਾਸ਼ਟਰੀ ਗਹਿਣਿਆਂ ਦੀ ਵਰਤੋਂ ਕਰਕੇ ਬੈਗ ਬਣਾਉਂਦੀ ਅਤੇ ਵੇਚਦੀ ਹੈ। ਉਹ ਆਪਣਾ ਸਾਰਾ ਮੁਨਾਫਾ ਕੈਂਸਰ ਦੇ ਇਲਾਜ ਵਿੱਚ ਸਹਾਇਤਾ ਲਈ ਦਾਨ ਕਰ ਦਿੰਦੀ ਹੈ।
ਹੁਣ ਤੱਕ, ਉਸ ਨੇ ਆਪਣੇ ਡਾਕਟਰੀ ਖਰਚਿਆਂ ਨੂੰ ਪੂਰਾ ਕਰਨ ਲਈ ਵਿੱਤੀ ਸਹਾਇਤਾ ਦੀ ਲੋੜ ਵਾਲੀਆਂ 34 ਔਰਤਾਂ ਲਈ 33,000 ਡਾਲਰ (£26,500) ਤੋਂ ਵੱਧ ਪੈਸੇ ਜੁਟਾਏ ਹਨ।
ਸਾਗਿਨਬਾਏਵਾ ਨੇ ਇਹ ਵੀ ਮੰਨਿਆ ਕਿ ਉਪਚਾਰ ਕੇਂਦਰ ਤੋਂ ਦੂਰ ਰਹਿਣ ਵਾਲੇ ਮਰੀਜ਼ਾਂ ਦੀ ਸਹਾਇਤਾ ਕਰਨ ਦੀ ਜ਼ਰੂਰਤ ਹੈ ਇਸ ਲਈ ਉਸ ਨੇ ਨਜ਼ਦੀਕੀ ਹੀ ਇੱਕ ਗੈਰ-ਲਾਭਕਾਰੀ ਹੋਸਟਲ ਸਥਾਪਤ ਕਰਨ ਵਿੱਚ ਮਦਦ ਕੀਤੀ, ਜਿੱਥੇ ਉਹ ਰਹਿ ਸਕਣ।
ਕਵਿੱਤਰੀ
ਲੇਖਕ ਅਤੇ ਸਿਆਸੀ ਕਾਰਕੁਨ ਡਾਰੀਆ ਸੇਰੈਂਕੋ ਨਾਰੀਵਾਦੀ ਯੁੱਧ-ਵਿਰੋਧੀ ਪ੍ਰਤੀਰੋਧ ਦੇ ਕਈ ਕੋਆਰਡੀਨੇਟਰਾਂ ਵਿੱਚੋਂ ਇੱਕ ਹੈ। ਇਹ ਯੂਕਰੇਨ ਉੱਤੇ ਰੂਸ ਦੇ ਹਮਲੇ ਦੇ ਵਿਰੁੱਧ ਇੱਕ ਅੰਦੋਲਨ ਹੈ।
ਪਿਛਲੇ ਨੌਂ ਸਾਲਾਂ ਤੋਂ ਉਹ ਰੂਸ ਵਿੱਚ ਲਿੰਗਕ ਹਿੰਸਾ ਬਾਰੇ ਲਿਖ ਰਹੀ ਹੈ ਅਤੇ ਨਾਰੀਵਾਦੀ ਅਤੇ ਯੁੱਧ ਵਿਰੋਧੀ ਵਾਰਤਕ ਦੀਆਂ ਦੋ ਕਿਤਾਬਾਂ ਵੀ ਲਿਖੀਆਂ ਹਨ।
ਸੇਰੈਂਕੋ 'ਕੁਆਇਟ ਪਿਕੇਟ' ਕਲਾ ਪਹਿਲ ਦੀ ਸਿਰਜਣਹਾਰ ਵੀ ਹੈ, ਜਿਸ ਵਿੱਚ ਉਹ ਲੋਕਾਂ ਨੂੰ ਖਾਸ ਮੁੱਦਿਆਂ 'ਤੇ ਸ਼ਾਮਲ ਕਰਨ ਲਈ ਸੰਦੇਸ਼ ਲਿਖੇ ਪਲੇਕਾਰਡ ਵਾਲੇ ਕੱਪੜੇ ਪਹਿਨਦੀ ਹੈ।
ਰੂਸ ਵੱਲੋਂ ਯੂਕਰੇਨ 'ਤੇ ਪੂਰੇ ਪੈਮਾਨੇ 'ਤੇ ਹਮਲਾ ਸ਼ੁਰੂ ਕਰਨ ਤੋਂ ਦੋ ਹਫ਼ਤੇ ਪਹਿਲਾਂ, ਸੇਰੈਂਕੋ ਨੂੰ "ਚਰਮਪੰਥੀ" ਸੰਦੇਸ਼ ਫੈਲਾਉਣ ਦੇ ਦੋਸ਼ ਵਿੱਚ ਅਧਿਕਾਰੀਆਂ ਦੁਆਰਾ ਹਿਰਾਸਤ ਵਿੱਚ ਲਿਆ ਗਿਆ ਸੀ। ਇਸਦੇ ਤੁਰੰਤ ਬਾਅਦ ਉਹ ਜਾਰਜੀਆ ਵਿੱਚ ਆ ਕੇ ਵਸ ਗਈ ਅਤੇ ਹੁਣ ਰੂਸੀ ਅਧਿਕਾਰੀਆਂ ਦੁਆਰਾ ਉਸ ਨੂੰ 'ਵਿਦੇਸ਼ੀ ਏਜੰਟ' ਵਜੋਂ ਨਾਮਜ਼ਦ ਕੀਤਾ ਗਿਆ ਹੈ।
ਸਪੀਡ ਕਲਾਈਂਬਰ
ਜਦੋਂ ਰੀਟਾ ਬਾਲੀ ਦੇ ਐਲੀਮੈਂਟਰੀ ਸਕੂਲ ਵਿੱਚ ਸੀ ਤਾਂ ਉਸ ਦੇ ਅੱਗੇ ਇੱਕ ਕੰਧ 'ਤੇ ਤੇਜ਼ੀ ਨਾਲ ਚੜ੍ਹਨ ਦੀ ਚੁਣੌਤੀ ਆਈ। ਉਸ ਦਿਨ ਦੇ ਬਾਅਦ ਤੋਂ ਉਹ ਇਸ ਦੀ ਪਹਿਲੀ ਪਸੰਦ ਬਣ ਗਈ।
ਉਸ ਨੂੰ ਯੁਵਾ ਪ੍ਰਤੀਯੋਗਤਾਵਾਂ ਵਿੱਚ ਸ਼ੁਰੂਆਤੀ ਸਫਲਤਾ ਮਿਲੀ। 'ਇੰਡੋਨੇਸ਼ੀਆਈ ਰੌਕ ਕਲਾਈਂਬਿੰਗ' ਨਾਲ 2023 ਆਈਐੱਫਐੱਸਸੀ ਕਲਾਈਂਬਿੰਗ ਵਿਸ਼ਵ ਚੈਂਪੀਅਨਸ਼ਿਪ ਵਿੱਚ ਉਸ ਨੇ ਔਰਤਾਂ ਦੇ ਸਪੀਡ ਈਵੈਂਟ ਵਿੱਚ 6.49 ਸਕਿੰਟ ਦੇ ਰਿਕਾਰਡ ਸਮੇਂ ਦੇ ਨਾਲ ਸੋਨ ਤਗ਼ਮਾ ਜਿੱਤ ਕੇ, ਇਸ ਸਾਲ ਸਫਲਤਾ ਦਾ ਝੰਡਾ ਗੱਡ ਦਿੱਤਾ ਹੈ।
ਇਸ ਉਪਲੱਬਧੀ ਨੇ ਉਸ ਨੂੰ ਪੈਰਿਸ 2024 ਓਲੰਪਿਕ ਦੀ ਟਿਕਟ ਦਿਵਾ ਦਿੱਤੀ। ਜਿਸ ਵਿੱਚ ਸਪੀਡ ਕਲਾਈਂਬਿੰਗ ਨੂੰ ਪਹਿਲੀ ਵਾਰ ਇੱਕ ਵੱਖਰੇ ਈਵੈਂਟ ਵਜੋਂ ਸ਼ਾਮਲ ਕੀਤਾ ਗਿਆ ਹੈ।
ਇਹ ਪਰਬਤਾਰੋਹੀ ਇੰਡੋਨੇਸ਼ੀਆ ਲਈ ਓਲੰਪਿਕ ਇਤਿਹਾਸ ਰਚ ਸਕਦੀ ਹੈ, ਜਿਸ ਦੇ ਖਾਤੇ ਵਿੱਚ ਹੁਣ ਤੱਕ ਸਿਰਫ਼ ਬੈਡਮਿੰਟਨ, ਵੇਟਲਿਫਟਿੰਗ ਅਤੇ ਤੀਰਅੰਦਾਜ਼ੀ ਵਿੱਚ ਤਗ਼ਮੇ ਆ ਸਕੇ ਹਨ।
ਪਟਕਥਾ ਲੇਖਕ
ਇੱਕ ਐਵਾਰਡ-ਜੇਤੂ ਲੇਖਕ, ਚਿੱਤਰਕਾਰ, ਅਤੇ ਪਟਕਥਾ ਲੇਖਕ ਐਲਿਸ ਓਸਮੈਨ ਨੌਜਵਾਨ ਬਾਲਗਾਂ ਲਈ ਇੱਕ ਸਭ ਤੋਂ ਵੱਧ ਵਿਕਣ ਵਾਲੇ ਗ੍ਰਾਫਿਕ ਨਾਵਲ, ਹਾਰਟਸਟੌਪਰ ਦੀ ਸਿਰਜਣਹਾਰ ਹੈ। ਉਸਨੇ LGBTQ+ ਕਮਿੰਗ ਏਜ ਸਟੋਰੀ ਨੂੰ ਨੈੱਟਫਲਿਕਸ ਲਈ ਇੱਕ ਐਮੀ ਪੁਰਸਕਾਰ ਜੇਤੂ ਟੈਲੀਵਿਜ਼ਨ ਸ਼ੋਅ ਵਿੱਚ ਵੀ ਬਦਲ ਦਿੱਤਾ ਹੈ।
ਓਸਮੈਨ ਨੇ ਹਰ ਐਪੀਸੋਡ ਲਿਖਿਆ ਹੈ ਅਤੇ ਕਾਸਟਿੰਗ ਤੋਂ ਸੰਗੀਤ ਤੱਕ ਹਰ ਪੜਾਅ 'ਤੇ ਖ਼ੁਦ ਨੂੰ ਸ਼ਾਮਲ ਕੀਤਾ ਹੈ।
ਉਹ ਨੌਜਵਾਨਾਂ ਲਈ ਕਈ ਹੋਰ ਨਾਵਲਾਂ ਦੀ ਲੇਖਕ ਹੈ, ਜਿਨ੍ਹਾਂ ਵਿੱਚ ਰੇਡੀਓ ਸਾਈਲੈਂਸ, ਲਵਲੈੱਸ ਅਤੇ ਸੋਲੀਟੇਅਰ ਸ਼ਾਮਲ ਹਨ, ਜੋ ਉਦੋਂ ਪ੍ਰਕਾਸ਼ਿਤ ਹੋਏ ਸਨ ਜਦੋਂ ਉਹ ਸਿਰਫ 19 ਸਾਲ ਦੀ ਸੀ।
ਉਸ ਦੀਆਂ ਕਿਤਾਬਾਂ ਵਾਈਏ ਬੁੱਕ ਪ੍ਰਾਈਜ਼, ਇੰਕੀ ਐਵਾਰਡਜ਼, ਕਾਰਨੇਗੀ ਮੈਡਲ ਅਤੇ ਗੁਡਰੇਡਜ਼ ਚੁਆਇਸ ਐਵਾਰਡ ਸਮੇਤ ਕਈ ਪੁਰਸਕਾਰ ਜਿੱਤੀਆਂ ਹਨ, ਸ਼ਾਰਟਲਿਸਟ ਕੀਤੀਆਂ ਗਈਆਂ ਜਾਂ ਨਾਮਜ਼ਦ ਕੀਤੀਆਂ ਗਈਆਂ ਹਨ।
ਕ੍ਰਿਕਟਰ
ਇਸ ਸਾਲ, ਹਰਮਨਪ੍ਰੀਤ ਕੌਰ ਵਿਜ਼ਡਨ ਦੇ ਸਾਲ ਦੀਆਂ ਪੰਜ ਕ੍ਰਿਕਟਰਾਂ ਵਿੱਚੋਂ ਇੱਕ ਵਜੋਂ ਨਾਮ ਪ੍ਰਾਪਤ ਕਰਨ ਵਾਲੀ ਪਹਿਲੀ ਭਾਰਤੀ ਮਹਿਲਾ ਬਣ ਗਈ।
ਭਾਰਤ ਦੀ ਮਹਿਲਾ ਰਾਸ਼ਟਰੀ ਕ੍ਰਿਕਟ ਟੀਮ ਦੀ ਕਪਤਾਨ ਦੇਸ਼ ਅਤੇ ਵਿਦੇਸ਼ ਦੋਵਾਂ ਥਾਵਾਂ 'ਤੇ ਇੱਕ ਸ਼ਾਨਦਾਰ ਸਕੋਰਰ ਹੈ। ਪਿਛਲੇ ਸਾਲ ਉਸ ਨੇ ਰਾਸ਼ਟਰਮੰਡਲ ਖੇਡਾਂ ਵਿੱਚ ਆਪਣੀ ਟੀਮ ਦੀ ਅਗਵਾਈ ਕਰਦਿਆਂ ਚਾਂਦੀ ਦਾ ਤਮਗਾ ਜਿੱਤਿਆ ਸੀ।
ਘਰੇਲੂ ਕ੍ਰਿਕਟ ਵਿੱਚ, ਉਸ ਨੇ ਮਾਰਚ ਵਿੱਚ ਸ਼ੁਰੂਆਤੀ ਮਹਿਲਾ ਪ੍ਰੀਮੀਅਰ ਲੀਗ ਜਿੱਤਣ ਲਈ ਮੁੰਬਈ ਇੰਡੀਅਨਜ਼ ਦੀ ਅਗਵਾਈ ਕੀਤੀ।
ਉਸ ਦੇ ਕਰੀਅਰ ਦਾ ਉਭਾਰ 2017 ਵਿੱਚ ਆਇਆ, ਜਦੋਂ ਉਸ ਨੇ ਆਸਟ੍ਰੇਲੀਆ ਦੇ ਖਿਲਾਫ਼ ਮਹਿਲਾ ਵਿਸ਼ਵ ਕੱਪ ਦੇ ਸੈਮੀਫਾਈਨਲ ਮੈਚ ਵਿੱਚ ਭਾਰਤ ਲਈ 115 ਗੇਂਦਾਂ 'ਤੇ 171 ਦੌੜਾਂ ਬਣਾਈਆਂ, ਜਿਸ ਨਾਲ ਉਸ ਦੀ ਟੀਮ ਨੂੰ ਫਾਈਨਲ ਵਿੱਚ ਪਹੁੰਚਣ ਵਿੱਚ ਮਦਦ ਮਿਲੀ।
ਕਾਮੇਡੀਅਨ
ਗ੍ਰੀਨਵਾਸ਼ਿੰਗ ਕਾਮੇਡੀ ਕਲੱਬ ਇੱਕ ਸਟੈਂਡ-ਅੱਪ ਸਮੂਹ ਹੈ ਜੋ ਵਾਤਾਵਰਨ ਦੇ ਮੁੱਦਿਆਂ ਦੇ ਨਾਲ-ਨਾਲ ਨਾਰੀਵਾਦ, ਗਰੀਬੀ, ਅਪਾਹਜਤਾ, ਅਤੇ LGBTQ+ ਅਧਿਕਾਰਾਂ ਦਾ ਸਮਰਥਨ ਕਰਦਾ ਹੈ।
ਇਸ ਦੀ ਸਥਾਪਨਾ ਸਟੈਂਡ-ਅੱਪ ਕਾਮੇਡੀਅਨ ਐਨੀ ਗ੍ਰੈਲ ਦੁਆਰਾ ਕੀਤੀ ਗਈ ਸੀ। ਜਿਨ੍ਹਾਂ ਦਾ ਮੰਨਣਾ ਹੈ ਕਿ ਪੰਚਲਾਈਨਾਂ ਰਾਹੀਂ, ਲੋਕਾਂ ਦੇ ਮਨਾਂ ਵਿੱਚ ਤਬਦੀਲੀ ਦੇ ਬੀਜ ਬੀਜਣਾ ਅਤੇ ਉਨ੍ਹਾਂ ਦੀਆਂ ਆਦਤਾਂ ਨੂੰ ਪ੍ਰਭਾਵਿਤ ਕਰਨਾ ਸੰਭਵ ਹੈ।
ਮਨੋਰੰਜਨ ਦੁਆਰਾ ਸੰਚਾਲਿਤ ਸਮਾਜ ਵਿੱਚ ਜਿੱਥੇ ਸੰਖੇਪ ਸੰਕਲਪਾਂ ਅਤੇ ਛੋਟੇ ਸੰਦੇਸ਼ ਪ੍ਰਚੱਲਿਤ ਹੁੰਦੇ ਹਨ, ਗ੍ਰੈਲ ਦਾ ਮੰਨਣਾ ਹੈ ਕਿ ਹਾਸਾ ਜੋ ਅਕਸਰ ਅਤਿਕਥਨੀ ਅਤੇ ਪੰਚਲਾਈਨਾਂ 'ਤੇ ਨਿਰਭਰ ਹੁੰਦਾ ਹੈ, ਉਹ ਜਲਵਾਯੂ ਤਬਦੀਲੀ ਬਾਰੇ ਵਿਚਾਰ ਸਾਂਝੇ ਕਰਨ ਲਈ ਇੱਕ ਵਧੀਆ ਮਾਧਿਅਮ ਹੋ ਸਕਦਾ ਹੈ।
ਗ੍ਰੀਨਵਾਸ਼ਿੰਗ ਕਾਮੇਡੀ ਕਲੱਬ ਦੀ ਸਫਲਤਾ ਕਾਫ਼ੀ ਉਤਸ਼ਾਹ ਭਰਪੂਰ ਹੈ ਕਿਉਂਕਿ ਇਹ ਦਰਸਾਉਂਦੀ ਹੈ ਕਿ ਅੱਜ ਬਹੁਤ ਸਾਰੇ ਲੋਕ ਜਲਵਾਯੂ ਤਬਦੀਲੀ ਬਾਰੇ ਚਿੰਤਤ ਹਨ। ਉਹ ਇਕੱਠੇ ਆਉਣਾ, ਹੱਸਣਾ ਅਤੇ ਲੜਾਈ ਨੂੰ ਜਾਰੀ ਰੱਖਣ ਲਈ ਤਿਆਰ ਹੋਣਾ ਚਾਹੁੰਦੇ ਹਨ!
ਐਨੀ ਗ੍ਰੈਲ
ਕਿਊਰੇਟਰ ਅਤੇ ਸੱਭਿਆਚਾਰਕ ਪ੍ਰਬੰਧਕ
ਸਾਓ ਪਾਓਲੋ ਦੇ ਬਾਹਰਵਾਰ ਗਰੀਬ ਇਲਾਕਿਆਂ ਵਿੱਚ ਰਹਿਣ ਵਾਲੇ ਲੋਕਾਂ ਲਈ ਕਾਮਿਕ ਕਿਤਾਬ ਸੰਮੇਲਨ ਵਿੱਚ ਸ਼ਾਮਲ ਹੋਣ ਦਾ ਅਨੁਭਵ ਲਿਆਉਣ ਦੀ ਕੋਸ਼ਿਸ਼ ਕਰਦੇ ਹੋਏ ਐਂਡਰੇਜ਼ਾ ਡੇਲਗਾਡੋ ਨੇ ਪੇਰੀਫਾਕੋਨ ਨੂੰ ਸ਼ੁਰੂ ਕਰਨ ਵਿੱਚ ਮਦਦ ਕੀਤੀ।
ਮੁਫ਼ਤ ਪ੍ਰੋਗਰਾਮ 'ਬ੍ਰਾਜ਼ੀਲਿਆਈ ਫੇਵਲਾ' ਦੇ ਹਾਸਰਸ ਲੇਖਕਾਂ, ਕਲਾਕਾਰਾਂ ਅਤੇ ਹੋਰ ਯੋਗਦਾਨੀਆਂ 'ਤੇ ਕੇਂਦਰਿਤ ਕਰਦਾ ਹੈ, ਜਿਨ੍ਹਾਂ ਨੂੰ ਆਮ ਤੌਰ 'ਤੇ ਸੱਭਿਆਚਾਰਕ ਖਪਤਕਾਰਾਂ ਜਾਂ ਰਚਨਾਕਾਰਾਂ ਵਜੋਂ ਨਜ਼ਰਅੰਦਾਜ਼ ਕੀਤਾ ਜਾਂਦਾ ਹੈ।
ਕਾਮਿਕ ਕਿਤਾਬਾਂ, ਵੀਡੀਓ ਗੇਮਾਂ, ਸੰਗੀਤ ਸਮਾਰੋਹਾਂ ਅਤੇ ਹੋਰ 'ਗੀਕ ਸੱਭਿਆਚਾਰ' ਵਿਸ਼ੇਸ਼ਤਾਵਾਂ ਦੇ ਨਾਲ, ਤੀਜਾ ਪੇਰੀਫਾਕੋਨ 2023 ਵਿੱਚ ਹੋਇਆ, ਜਿਸ ਵਿੱਚ 15,000 ਤੋਂ ਵੱਧ ਲੋਕ ਹਾਜ਼ਰ ਸਨ।
ਇੱਕ ਯੂ-ਟਿਊਬਰ ਅਤੇ ਪੌਡਕਾਸਟਰ ਦੇ ਤੌਰ 'ਤੇ ਆਪਣੇ ਪਲੈਟਫਾਰਮਾਂ ਦੀ ਵਰਤੋਂ ਕਰਦੇ ਹੋਏ, ਡੇਲਗਾਡੋ ਬ੍ਰਾਜ਼ੀਲ ਵਿੱਚ ਸੱਭਿਆਚਾਰ ਤੱਕ ਪਹੁੰਚ ਨੂੰ ਲੋਕਤੰਤਰੀ ਬਣਾਉਣ ਬਾਰੇ ਮੁਖਰ ਰਹੀ ਹੈ। ਉਹ ਖਾਸ ਤੌਰ 'ਤੇ ਸਿਆਹਫਾਮ ਕਲਾਕਾਰਾਂ ਦੇ ਕੰਮ 'ਤੇ ਧਿਆਨ ਕੇਂਦਰਿਤ ਕਰਦੀ ਹੈ।
ਫ੍ਰੀਡਾਈਵਿੰਗ ਇੰਸਟਰੱਕਟਰ
ਦੱਖਣੀ ਅਫ਼ਰੀਕਾ ਦੀ ਪਹਿਲੀ ਸਿਆਹਫਾਮ ਔਰਤ ਫ੍ਰੀਡਾਈਵਿੰਗ ਇੰਸਟਰੱਕਟਰ ਦੇ ਤੌਰ 'ਤੇ ਜ਼ੰਡੀਲੇ ਨਧਲੋਵੂ ਸਮੁੰਦਰ ਤੱਕ ਪਹੁੰਚ ਨੂੰ ਹੋਰ ਜ਼ਿਆਦਾ ਵਿਭਿੰਨਤਾ ਪੂਰਨ ਬਣਾਉਣਾ ਚਾਹੁੰਦੀ ਹੈ।
ਉਸ ਨੇ ਬਲੈਕ ਮਰਮੇਡ ਫਾਊਂਡੇਸ਼ਨ ਦੀ ਸਥਾਪਨਾ ਕੀਤੀ, ਜੋ ਨਵੇਂ ਸਮੂਹਾਂ ਨੂੰ ਇਨ੍ਹਾਂ ਸਥਾਨਾਂ ਨੂੰ ਮਨੋਰੰਜਨ, ਪੇਸ਼ੇਵਰ ਅਤੇ ਖੇਡਾਂ ਵਿੱਚ ਉਪਯੋਗ ਕਰਨ ਦੀ ਉਮੀਦ ਵਿੱਚ ਨੌਜਵਾਨਾਂ ਅਤੇ ਸਥਾਨਕ ਭਾਈਚਾਰਿਆਂ ਨੂੰ ਸਮੁੰਦਰ ਤੋਂ ਜਾਣੂ ਕਰਾਉਂਦਾ ਹੈ।
ਨਧਲੋਵੂ ਇੱਕ ਸਮੁੰਦਰ ਖੋਜੀ, ਕਹਾਣੀਕਾਰ ਅਤੇ ਫਿਲਮ ਨਿਰਮਾਤਾ ਹੈ। ਉਹ ਸਮੁੰਦਰਾਂ ਦੀ ਸੰਭਾਲ ਕਰਨ ਵਾਲੀ ਇੱਕ ਨਵੀਂ ਪੀੜ੍ਹੀ ਬਣਾਉਣ ਲਈ ਮਦਦ ਕਰਨ ਲਈ ਇਨ੍ਹਾਂ ਹੁਨਰਾਂ ਦਾ ਉਪਯੋਗ ਕਰਦੀ ਹੈ - ਉਹ ਲੋਕ ਜੋ ਸਮੁੰਦਰ ਦੇ ਪ੍ਰਦੂਸ਼ਣ ਅਤੇ ਸਮੁੰਦਰ ਦੇ ਵਧਦੇ ਪੱਧਰ ਬਾਰੇ ਸਿੱਖਦੇ ਹਨ ਅਤੇ ਆਪਣੇ ਵਾਤਾਵਰਨ ਦੀ ਸੁਰੱਖਿਆ ਕਰਨ ਵਾਲਿਆਂ ਵਿੱਚ ਸ਼ਾਮਲ ਹੋ ਜਾਂਦੇ ਹਨ।
ਜਲਵਾਯੂ ਸੰਕਟ 'ਤੇ ਵਿਚਾਰ ਕਰਦੇ ਸਮੇਂ ਸਮਾਜ ਵਿੱਚ ਤਬਦੀਲੀ ਲਿਆਉਣ ਲਈ ਅੱਗੇ ਆਉਣ ਵਾਲੇ ਨੌਜਵਾਨਾਂ ਦੀ ਗਿਣਤੀ ਬਾਰੇ ਸੋਚ ਕੇ ਮੇਰੀ ਉਮੀਦ ਜਾਗਦੀ ਹੈ।
ਜ਼ੰਡੀਲੇ ਨਧਲੋਵੁ
ਡੀਜੇ ਅਤੇ ਮਿਊਜ਼ਿਕ ਪ੍ਰੋਡਿਊਸਰ
ਪਿਛਲੇ ਸਾਲ ਈਰਾਨ ਵਿੱਚ ਵਿਰੋਧ ਪ੍ਰਦਰਸ਼ਨ ਸ਼ੁਰੂ ਹੋਣ ਤੋਂ ਬਹੁਤ ਪਹਿਲਾਂ, ਡੀਜੇ ਪਰਾਮਿਡਾ ਈਰਾਨੀ ਮੂਲ ਦੀਆਂ ਔਰਤਾਂ ਲਈ ਸੱਭਿਆਚਾਰਕ ਪਾਬੰਦੀਆਂ ਦਾ ਵਿਰੋਧ ਕਰ ਰਹੀ ਸੀ।
ਹੁਣ ਬਰਲਿਨ ਵਿੱਚ ਰਹਿਣ ਵਾਲੀ ਪਰਾਮਿਡਾ ਨੇ ਆਪਣੀ ਕਿਸ਼ੋਰ ਅਵਸਥਾ ਵਿੱਚ ਫਰੈਂਕਫਰਟ ਅਤੇ ਤਹਿਰਾਨ ਦੇ ਵਿਚਕਾਰ ਰਹਿੰਦੇ ਹੋਏ ਸੰਗੀਤ ਅਤੇ ਨ੍ਰਿਤ ਸੱਭਿਆਚਾਰ ਪ੍ਰਤੀ ਆਪਣੇ ਜਨੂੰਨ ਨੂੰ ਜਾਣਿਆ।
ਪ੍ਰਸਿੱਧ ਡਾਂਸ ਸੰਗੀਤ ਇਤਿਹਾਸ ਤੋਂ ਪ੍ਰੇਰਿਤ, ਉਨ੍ਹਾਂ ਦਾ ਰਿਕਾਰਡ ਲੇਬਲ 'ਲਵ ਆਨ ਦਿ ਰੌਕਸ' ਅੱਜ ਜੋਸ਼ ਭਰਪੂਰ ਅਤੇ ਬਾਹਰੀ ਡਾਂਸ ਸੱਭਿਆਚਾਰ ਨੂੰ ਉਤਸ਼ਾਹਿਤ ਕਰਦਾ ਹੈ।
ਬਰਲਿਨ ਵਿੱਚ ਬਰਗਹੇਨ ਦੇ ਪੈਨੋਰਾਮਾ ਬਾਰ ਦੀ ਨਿਵਾਸੀ ਹੋਣ ਦੇ ਨਾਤੇ, ਉਹ ਇੱਕ ਵਿਸ਼ਵ ਪੱਧਰ 'ਤੇ ਡੀਜੇ ਅਤੇ ਇੱਕ ਹਰਮਨਪਿਆਰੀ ਸੰਗੀਤ ਨਿਰਮਾਤਾ ਬਣ ਗਈ ਹੈ। ਉਹ ਇਸ ਸਥਾਨ ਦੀ ਵਰਤੋਂ ਪੁਰਸ਼-ਪ੍ਰਧਾਨ ਸੰਗੀਤ ਅਤੇ ਨਾਈਟ ਲਾਈਫ ਉਦਯੋਗ ਵਿੱਚ ਲਿੰਗ ਮਾਪਦੰਡਾਂ ਨੂੰ ਚੁਣੌਤੀ ਦੇਣ ਲਈ ਕਰਦੀ ਹੈ।
ਓਲੰਪਿਕ ਅਥਲੀਟ
ਹਾਲਾਂਕਿ ਉਸ ਦੀ ਵਿਸ਼ੇਸ਼ਤਾ ਹੈਪਟਾਥਲੋਨ ਹੈ, ਪਰ 100 ਮੀਟਰ ਅੜਿੱਕਾ ਦੌੜ ਵਿੱਚ ਮੁਕਾਬਲੇ ਨੇ ਹੀ ਕੈਮਿਲਾ ਪਿਰੇਲੀ ਨੂੰ ਟੋਕੀਓ ਓਲੰਪਿਕ ਵਿੱਚ ਪ੍ਰਵੇਸ਼ ਦਿਵਾਇਆ।
ਗੁਆਰਾਨੀ ਪੈਂਥਰ ਉਪਨਾਮ ਨਾਲ ਮਸ਼ਹੂਰ ਟਰੈਕ ਅਤੇ ਫੀਲਡ ਅਥਲੀਟ ਕੋਲ ਕਈ ਰਾਸ਼ਟਰੀ ਐਥਲੈਟਿਕਸ ਰਿਕਾਰਡ ਹਨ।ਉਹ ਇੱਕ ਖੇਡ ਕੋਚ ਅਤੇ ਅੰਗਰੇਜ਼ੀ ਦੀ ਅਧਿਆਪਕ ਹੈ।
ਪਿਰੇਲੀ ਪੈਰਾਗੁਏ ਦੇ ਇੱਕ ਛੋਟੇ ਜਿਹੇ ਸ਼ਹਿਰ ਵਿੱਚ ਵਾਤਾਵਰਨ ਪ੍ਰਤੀ ਚੇਤੰਨ ਪਰਿਵਾਰ ਵਿੱਚ ਪਾਲਣ ਪੋਸ਼ਣ ਹੋਇਆ, ਜਿੱਥੇ ਉਸ ਨੇ ਜਲਵਾਯੂ ਤਬਦੀਲੀ ਦੇ ਪ੍ਰਭਾਵਾਂ ਨੂੰ ਨੇੜਿਓਂ ਦੇਖਿਆ ਹੈ।
ਉਹ ਹੁਣ ਇੱਕ ਈਕੋਅਥਲੀਟ ਚੈਂਪੀਅਨ ਹੈ, ਜਿਸਦਾ ਮਤਲਬ ਹੈ ਕਿ ਉਹ ਲੋਕਾਂ ਨੂੰ ਜਲਵਾਯੂ ਤਬਦੀਲੀ ਬਾਰੇ ਗੱਲ ਕਰਨ ਅਤੇ ਕਾਰਬਨ ਨਿਕਾਸੀ ਨੂੰ ਘਟਾਉਣ ਲਈ ਕਾਰਵਾਈ ਕਰਨ ਲਈ ਉਤਸ਼ਾਹਿਤ ਕਰਨ ਲਈ ਆਪਣੇ ਖੇਡ ਪਲੈਟਫਾਰਮ ਦੀ ਵਰਤੋਂ ਕਰਨ ਲਈ ਵਚਨਬੱਧ ਹੈ।
ਮੇਰਾ ਇੱਕ ਅਜਿਹੇ ਸ਼ਹਿਰ ਵਿੱਚ ਪਾਲਣ ਪੋਸ਼ਣ ਹੋਇਆ ਜਿੱਥੇ ਜੰਗਲੀ ਜਾਨਵਰਾਂ ਨੂੰ ਦੇਖਣਾ ਰੋਜ਼ਾਨਾ ਦੀ ਗੱਲ ਸੀ। ਇਹ ਜਾਣਨਾ ਕਿ ਉਹ ਜਾਨਵਰ ਹੁਣ ਜਲਵਾਯੂ ਪਰਿਵਰਤਨ ਕਾਰਨ ਪੀੜਤ ਹਨ, ਮੈਨੂੰ ਚਿੰਤਾ ਹੁੰਦੀ ਹੈ ਅਤੇ ਮੈਂ ਉਨ੍ਹਾਂ ਦੀ ਮਦਦ ਕਰਨਾ ਚਾਹੁੰਦੀ ਹਾਂ।
ਕੈਮਿਲਾ ਪਿਰੇਲੀ
ਅਭਿਨੇਤਰੀ
ਮਨੋਰੰਜਨ ਦੀ ਦੁਨੀਆ ਦਾ ਇੱਕ ਜਾਣਿਆ-ਪਛਾਣਿਆ ਚਿਹਰਾ, ਪੁਰਸਕਾਰ ਜੇਤੂ ਅਭਿਨੇਤਰੀ, ਨਿਰਦੇਸ਼ਕ ਅਤੇ ਨਿਰਮਾਤਾ ਅਮੇਰਿਕਾ ਫਰੇਰਾ ਨੂੰ ਵੱਖ-ਵੱਖ ਅਹਿਮ ਭੂਮਿਕਾਵਾਂ ਲਈ ਜਾਣਿਆ ਜਾਂਦਾ ਹੈ - ਜਿਸ ਵਿੱਚ ਹਾਲੀਆ ਰਿਕਾਰਡ-ਤੋੜਨ ਵਾਲੀ ਫਿਲਮ ਬਾਰਬੀ, ਰੀਅਲ ਵੂਮੈਨ ਹੈਵ ਕਰਵਜ਼ ਅਤੇ ਹਿੱਟ ਸੀਰੀਜ਼ ਅਗਲੀ ਬੈਟੀ ਸ਼ਾਮਲ ਹਨ।
ਉਹ 'ਅਗਲੀ ਬੈਟੀ' ਵਿੱਚ ਆਪਣੀ ਭੂਮਿਕਾ ਲਈ ਮੁੱਖ ਅਭਿਨੇਤਰੀ ਸ਼੍ਰੇਣੀ ਵਿੱਚ ਐਮੀ ਐਵਾਰਡ ਜਿੱਤਣ ਵਾਲੀ ਸਭ ਤੋਂ ਛੋਟੀ ਉਮਰ ਦੀ ਵਿਅਕਤੀ ਬਣ ਗਈ ਅਤੇ ਪਹਿਲੀ ਲੈਟਿਨ ਵੀ। ਇੱਕ ਲੰਬੇ ਸਮੇਂ ਦੀ ਸਰਗਰਮ ਕਾਰਕੁਨ, ਫਰੇਰਾ ਔਰਤਾਂ ਦੇ ਅਧਿਕਾਰਾਂ ਅਤੇ ਸਕ੍ਰੀਨ 'ਤੇ ਵਧੇਰੇ ਨੁਮਾਇੰਦਗੀ ਕਰਨ ਦੀ ਜ਼ਰੂਰਤ ਬਾਰੇ ਇੱਕ ਮੁਖਰ ਬੁਲਾਰਾ ਹੈ।
ਹੋਂਡੂਰਨ ਪਰਵਾਸੀਆਂ ਦੀ ਇਹ ਧੀ ਆਪਣੇ ਗੈਰ-ਲਾਭਕਾਰੀ ਸੰਗਠਨ ਪੋਡਰਿਸਟਾਸ ਜ਼ਰੀਏ ਅਮਰੀਕਾ ਵਿੱਚ ਲਾਤੀਨੀ ਲੋਕਾਂ ਦੇ ਜੀਵਨ ਨੂੰ ਬਿਹਤਰ ਬਣਾਉਣ ਲਈ ਮੁਹਿੰਮ ਚਲਾਉਂਦੀ ਹੈ।
ਫੁਟਬਾਲਰ
ਕੈਟਾਲੋਨੀਆ ਵਿੱਚ ਜਨਮੀ, ਮਿਡਫੀਲਡਰ ਆਇਤਾਨਾ ਬੋਨਮਾਟੀ ਨੇ ਇਸ ਸਾਲ ਆਪਣੇ ਕਲੱਬ ਬਾਰਸੀਲੋਨਾ ਨਾਲ ਸਪੈਨਿਸ਼ ਲੀਗ ਅਤੇ ਚੈਂਪੀਅਨਜ਼ ਲੀਗ ਦੋਵੇਂ ਜਿੱਤੀਆਂ।
ਪਰ ਵਿਸ਼ਵ ਕੱਪ ਦੇ ਦੌਰਾਨ ਉਹ ਇੱਕ ਗਲੋਬਲ ਸੁਪਰਸਟਾਰ ਬਣ ਗਈ: ਉਸ ਨੇ ਸਪੇਨ ਦੀ ਜਿੱਤ ਵਿੱਚ ਅਟੁੱਟ ਭੂਮਿਕਾ ਨਿਭਾਈ, ਉਸ ਨੇ ਤਿੰਨ ਗੋਲ ਕੀਤੇ ਅਤੇ ਟੂਰਨਾਮੈਂਟ ਦੀ ਸਰਵਸ਼੍ਰੇਸ਼ਠ ਖਿਡਾਰਨ ਚੁਣੀ ਗਈ। 25 ਸਾਲ ਦੀ ਉਮਰ ਵਿੱਚ, ਉਸ ਨੇ ਵੱਕਾਰੀ ਬੈਲਨ ਡੀ'ਓਰ ਜਿੱਤਿਆ ਅਤੇ ਉਸ ਨੂੰ ਸਾਲ ਦੀ ਯੂਈਐੱਫਏ ਖਿਡਾਰਨ ਦਾ ਤਾਜ ਪਹਿਨਾਇਆ ਗਿਆ।
ਮੈਦਾਨ ਦੇ ਅੰਦਰ ਅਤੇ ਬਾਹਰ ਨਿਡਰਤਾ ਨਾਲ ਆਪਣੀ ਆਵਾਜ਼ ਦੀ ਵਰਤੋਂ ਕਰਦੇ ਹੋਏ, ਬੋਨਮਾਟੀ ਔਰਤਾਂ ਲਈ ਫੁੱਟਬਾਲ ਵਿੱਚ ਬਰਾਬਰੀ ਲਈ ਬੋਲਦੀ ਹੈ।
ਜਿਵੇਂ ਕਿ ਉਨ੍ਹਾਂ ਦੇ ਦੇਸ਼ ਦੀ ਵਿਸ਼ਵ ਕੱਪ ਜਿੱਤ 'ਤੇ ਸਪੈਨਿਸ਼ ਫੁੱਟਬਾਲ ਫੈਡਰੇਸ਼ਨ ਦੇ ਪ੍ਰਧਾਨ ਲੁਈ ਰੂਬੀਏਲਜ਼ ਦੁਆਰਾ ਇੱਕ ਖਿਡਾਰੀ ਜੇਨੀ ਹਰਮੋਸੋ ਨੂੰ ਬੁੱਲ੍ਹਾਂ 'ਤੇ ਚੁੰਮਣ ਦੇ ਬਾਅਦ ਇਸ ਝਗੜੇ ਦਾ ਪਰਛਾਵਾਂ ਪੈ ਗਿਆ ਸੀ। ਬੋਨਮਾਟੀ ਨੇ ਆਪਣੀ ਟੀਮ ਦੇ ਸਾਥੀ ਅਤੇ ਸਮਾਨ ਚੁਣੌਤੀਆਂ ਦਾ ਸਾਹਮਣਾ ਕਰ ਰਹੀਆਂ ਹੋਰ ਔਰਤਾਂ ਲਈ ਸਮਰਥਨ ਦਿਖਾਉਣ ਲਈ ਆਪਣੇ ਯੂਈਐੱਫਏ ਸਵੀਕ੍ਰਿਤੀ ਭਾਸ਼ਣ ਦੀ ਵਰਤੋਂ ਕੀਤੀ।
ਸਾਈਨ ਲੈਂਗੁਏਜ ਕਲਾਕਾਰ
ਫਰਵਰੀ ਦਾ ਸੁਪਰ ਬੋਲ LVII ਜੋ ਦੁਨੀਆ ਵਿੱਚ ਸਭ ਤੋਂ ਵੱਧ ਦੇਖੇ ਜਾਣ ਵਾਲੇ ਖੇਡ ਮੁਕਾਬਲਿਆਂ ਵਿੱਚੋਂ ਇੱਕ, ਵਿੱਚ ਜਸਟਿਨਾ ਮਾਈਲਸ ਨੇ ਇਤਿਹਾਸ ਰਚ ਦਿੱਤਾ।
ਇਹ ਸਾਈਨ ਲੈਂਗੁਏਜ ਕਲਾਕਾਰ ਉਦੋਂ ਵਾਇਰਲ ਹੋ ਗਈ ਜਦੋਂ ਉਸਨੇ ਇੱਕ ਊਰਜਾਵਾਨ ਅਤੇ ਕ੍ਰਿਸ਼ਮਈ ਐਕਟ ਵਿੱਚ ਮੈਗਾ-ਸਟਾਰ ਪੌਪ ਆਈਕਨ ਰੇਹਾਨਾ ਦੇ ਗੀਤਾਂ 'ਤੇ ਪੇਸ਼ਕਾਰੀ ਦਿੱਤੀ।
ਇਸ ਨਾਲ ਉਹ ਸੁਪਰ ਬਾੋਲ ਦੇ ਵੱਕਾਰੀ ਹਾਫਟਾਈਮ ਸ਼ੋਅ ਵਿੱਚ ਅਮਰੀਕਨ ਸੰਕੇਤਕ ਭਾਸ਼ਾ (ASL) ਦਾ ਪ੍ਰਦਰਸ਼ਨ ਕਰਨ ਵਾਲੀ ਪਹਿਲੀ ਬੋਲ਼ੀ ਔਰਤ ਬਣ ਗਈ। ਉਸ ਦੀ ਪਿਛਲੀ ਏਐੱਸਐੱਲ ਪੇਸ਼ਕਾਰੀ 'ਲਿਫਟ ਐਵਰੀ ਵੌਇਸ ਐਂਡ ਸਿੰਗ' ਨੂੰ ਬਲੈਕ ਨੈਸ਼ਨਲ ਐਂਥਮ ਵਜੋਂ ਜਾਣਿਆ ਜਾਂਦਾ ਹੈ, ਉਹ ਪੇਸ਼ਕਾਰੀ ਵੀ ਇਸ ਸਮਾਗਮ ਵਿੱਚ ਪਹਿਲੀ ਵਾਰ ਹੋਈ ਸੀ।
ਮਾਈਲਸ ਦੁਨੀਆ ਨੂੰ ਬੋਲ਼ੇ ਲੋਕਾਂ ਦੀਆਂ ਵਧੇਰੇ ਪ੍ਰਮਾਣਿਕ ਪ੍ਰਤੀਨਿਧਤਾਵਾਂ ਦਿਖਾਉਣਾ ਚਾਹੁੰਦੀ ਹੈ ਅਤੇ ਉਹ ਹੋਰ ਬੋਲ਼ੀਆਂ ਨਰਸਾਂ ਨੂੰ ਸਿਖਲਾਈ ਦੇਣ ਲਈ ਆਪਣਾ ਖੁਦ ਦਾ ਪ੍ਰੈਕਟਿਸ ਸੈਂਟਰ ਖੋਲ੍ਹਣ ਦੀ ਉਮੀਦ ਕਰਦੀ ਹੈ।
ਅਭਿਨੇਤਰੀ
ਅਭਿਨੇਤਰੀ ਦੀਆ ਮਿਰਜ਼ਾ ਨੇ ਨਾ ਸਿਰਫ਼ ਭਾਰਤੀ ਸਿਨੇਮਾ ਵਿੱਚ ਆਪਣੀਆਂ ਭੂਮਿਕਾਵਾਂ ਲਈ ਪੁਰਸਕਾਰ ਜਿੱਤੇ ਹਨ, ਬਲਕਿ ਉਹ ਕਈ ਵਾਤਾਵਰਨ ਅਤੇ ਮਾਨਵਤਾਵਾਦੀ ਪ੍ਰਾਜੈਕਟਾਂ ਵਿੱਚ ਵੀ ਸ਼ਾਮਲ ਹਨ।
ਸੰਯੁਕਤ ਰਾਸ਼ਟਰ ਵਾਤਾਵਰਨ ਪ੍ਰੋਗਰਾਮ ਦੇ ਸਦਭਾਵਨਾ ਰਾਜਦੂਤ ਵਜੋਂ, ਮਿਰਜ਼ਾ ਜਲਵਾਯੂ ਤਬਦੀਲੀ, ਸਾਫ਼ ਹਵਾ ਅਤੇ ਜੰਗਲੀ ਜੀਵ ਸੁਰੱਖਿਆ ਵਰਗੇ ਮੁੱਦਿਆਂ 'ਤੇ ਸੰਦੇਸ਼ ਫੈਲਾਉਂਦੇ ਹਨ।
ਉਹ ਵਨ ਇੰਡੀਆ ਸਟੋਰੀਜ਼ ਦੀ ਸੰਸਥਾਪਕ ਹੈ, ਇੱਕ ਅਜਿਹਾ ਪ੍ਰੋਡਕਸ਼ਨ ਹਾਊਸ ਜਿਸ ਦਾ ਉਦੇਸ਼ ਪ੍ਰਭਾਵਸ਼ਾਲੀ ਕਹਾਣੀਆਂ ਨੂੰ ਦੱਸਣਾ ਹੈ, ਜੋ ਕਿ ਉਨ੍ਹਾਂ ਦੇ ਆਪਣੇ ਸ਼ਬਦਾਂ ਵਿੱਚ, 'ਤੁਹਾਨੂੰ ਰੁਕਣ ਅਤੇ ਸੋਚਣ ਲਈ ਮਜਬੂਰ ਕਰਦੀਆਂ ਹਨ।'
ਉਹ ਸੇਵ ਦਿ ਚਿਲਡਰਨ, ਇੰਟਰਨੈਸ਼ਨਲ ਫੰਡ ਫਾਰ ਐਨੀਮਲ ਵੈਲਫੇਅਰ ਦੀ ਅੰਬੈਸਡਰ ਅਤੇ ਸੈਂਚੂਰੀ ਨੇਚਰ ਫਾਊਂਡੇਸ਼ਨ ਦੀ ਬੋਰਡ ਮੈਂਬਰ ਵੀ ਹੈ।
Kpop4Planet ਦੀ ਸੰਸਥਾਪਕ
Kpop4Planet ਜ਼ਰੀਏ ਡੇਅਨ ਲੀ ਜਲਵਾਯੂ ਸੰਕਟ ਦਾ ਸਾਹਮਣਾ ਕਰਨ ਲਈ ਦੁਨੀਆ ਭਰ ਦੇ ਕੇ-ਪੌਪ ਪ੍ਰਸ਼ੰਸਕਾਂ ਨੂੰ ਇਕਜੁੱਟ ਕਰ ਰਹੀ ਹੈ।
2021 ਵਿੱਚ ਇਸਦੀ ਸ਼ੁਰੂਆਤ ਤੋਂ ਬਾਅਦ ਇਸ ਗਰੁੱਪ ਨੇ ਦੱਖਣੀ ਕੋਰੀਆ ਦੇ ਸਭ ਤੋਂ ਵੱਡੇ ਮਨੋਰੰਜਨ ਲੇਬਲਾਂ ਅਤੇ ਸਟ੍ਰੀਮਿੰਗ ਸੇਵਾਵਾਂ ਦੇ ਪ੍ਰਭਾਵਸ਼ਾਲੀ ਲੋਕਾਂ ਨੂੰ ਜਲਵਾਯੂ ਕਾਰਵਾਈ ਕਰਨ ਅਤੇ ਨਵਿਆਉਣਯੋਗ ਊਰਜਾ ਵਿੱਚ ਤਬਦੀਲੀ ਕਰਨ ਲਈ ਕਿਹਾ ਹੈ।
ਇਸ ਗਰੁੱਪ ਨੇ ਭੌਤਿਕ ਐਲਬਮ ਰਹਿੰਦ-ਖੂੰਹਦ ਦੇ ਵਾਤਾਵਰਨ ਸਬੰਧੀ ਪ੍ਰਭਾਵਾਂ ਨੂੰ ਉਜਾਗਰ ਕੀਤਾ ਹੈ, ਜਿਸ ਨੇ ਕੇ-ਪੌਪ ਵਿੱਚ ਉੱਘੀਆਂ ਸ਼ਖਸੀਅਤਾਂ ਨੂੰ ਡਿਜੀਟਲ ਐਲਬਮ ਬਣਾਉਣ ਲਈ ਪ੍ਰੇਰਿਆ ਹੈ।
ਡੇਅਨ ਲੀ ਹੁਣ ਸੰਗੀਤ ਤੋਂ ਅੱਗੇ ਵਧਦੇ ਹੋਏ ਲਗਜ਼ਰੀ ਫੈਸ਼ਨ ਬ੍ਰਾਂਡਾਂ ਦੇ ਜਲਵਾਯੂ ਵਾਅਦਿਆਂ ਨੂੰ ਚੁਣੌਤੀ ਦੇਣ ਲਈ ਅੱਗੇ ਵਧ ਰਹੀ ਹੈ ਜੋ ਅਕਸਰ ਕੇ-ਪੌਪ ਨਾਲ ਜੁੜੀਆਂ ਮਸ਼ਹੂਰ ਹਸਤੀਆਂ ਨੂੰ ਉਨ੍ਹਾਂ ਦੇ ਜਨਤਕ ਚਿਹਰੇ ਵਜੋਂ ਪੇਸ਼ ਕਰਦੇ ਹਨ।
ਸਮਾਜਿਕ ਨਿਆਂ ਲਈ ਖੜ੍ਹੇ ਹੋਣ 'ਤੇ ਅਸੀਂ ਉਦੋਂ ਤੱਕ ਹਾਰ ਨਹੀਂ ਮੰਨਦੇ ਜਦੋਂ ਤੱਕ ਅਸੀਂ ਤਬਦੀਲੀ ਨਹੀਂ ਕਰਦੇ। ਅਸੀਂ ਜਲਵਾਯੂ ਸੰਕਟ ਨਾਲ ਲੜਦੇ ਹੋਏ ਵਾਰ-ਵਾਰ ਇਹ ਸਾਬਤ ਕੀਤਾ ਹੈ ਅਤੇ ਅੱਗੇ ਵੀ ਕਰਦੇ ਰਹਾਂਗੇ।
ਡੇਅਨ ਲੀ
ਅਭਿਨੇਤਰੀ
ਲਗਭਗ 25 ਸਾਲ ਪਹਿਲਾਂ ਮਿਆਂਮਾਰ ਵਿੱਚ ਇੱਕ ਅਭਿਨੇਤਰੀ ਦੇ ਤੌਰ 'ਤੇ ਸ਼ੁਰੂਆਤ ਕਰਨ ਵਾਲੀ ਖਿਨੇ ਹਿਨ ਵਾਈ ਫਿਲਮ 'ਸੈਨ ਯੇ' ਵਿੱਚ ਮੁੱਖ ਭੂਮਿਕਾ ਲਈ ਪ੍ਰਸਿੱਧ ਹੋ ਗਈ ਸੀ। ਉਹ ਬਰਮੀ ਸਿਨੇਮਾ ਵਿੱਚ ਸਭ ਤੋਂ ਸਫਲ ਅਭਿਨੇਤਰੀਆਂ ਵਿੱਚੋਂ ਇੱਕ ਬਣ ਗਈ।
ਹਾਲਾਂਕਿ, ਉਹ ਹੁਣ ਆਪਣੀਆਂ ਚੈਰੀਟੇਬਲ ਗਤੀਵਿਧੀਆਂ ਲਈ ਜਾਣੀ ਜਾਂਦੀ ਹੈ। 2014 ਵਿੱਚ, ਉਸ ਨੇ ਖਿਨੇ ਹਿਨ ਵਾਈ ਫਾਊਂਡੇਸ਼ਨ ਦੀ ਸਥਾਪਨਾ ਕੀਤੀ,ਜੋ ਇੱਕ ਚੈਰਿਟੀ ਹੈ ਜੋ ਅਨਾਥਾਂ ਅਤੇ ਬੇਸਹਾਰਾ ਬੱਚਿਆਂ ਦੀ ਦੇਖਭਾਲ ਸਮੇਤ ਵੱਖ-ਵੱਖ ਹੋਰ ਕਾਰਨਾਂ ਦਾ ਸਮਰਥਨ ਕਰਦੀ ਹੈ।
ਆਪਣੇ ਕੰਮ ਰਾਹੀਂ, ਉਹ ਵਰਤਮਾਨ ਵਿੱਚ ਲਗਭਗ 100 ਬੱਚਿਆਂ ਦੀ ਦੇਖਭਾਲ ਕਰਦੀ ਹੈ ਜਿਨ੍ਹਾਂ ਦੇ ਮਾਪੇ ਵੱਖ-ਵੱਖ ਕਾਰਨਾਂ ਕਰਕੇ ਉਨ੍ਹਾਂ ਦਾ ਪਾਲਣ ਪੋਸ਼ਣ ਕਰਨ ਵਿੱਚ ਅਸਮਰੱਥ ਹਨ।
ਹਿਨ ਵਾਈ ਬਾਲ ਤਸਕਰੀ ਦੀ ਰੋਕਥਾਮ ਲਈ ਇੱਕ ਰਾਜਦੂਤ ਵਜੋਂ ਵੀ ਕੰਮ ਕਰਦੀ ਹੈ।
ਅਥਲੀਟ
ਇੱਕ ਯੂਰਪੀਅਨ ਅਤੇ ਰਾਸ਼ਟਰਮੰਡਲ 4x100 ਮੀਟਰ ਸੋਨ ਤਮਗਾ ਜੇਤੂ, ਬਿਆਂਕਾ ਵਿਲੀਅਮਜ਼ 2023 ਯੂਰਪੀਅਨ ਟੀਮ ਚੈਂਪੀਅਨਸ਼ਿਪ ਲਈ ਗ੍ਰੇਟ ਬ੍ਰਿਟੇਨ ਅਤੇ ਉੱਤਰੀ ਆਇਰਲੈਂਡ ਦੀ ਕਪਤਾਨ ਸੀ।
ਜੁਲਾਈ ਵਿੱਚ, ਉਹ ਯੂਕੇ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ 200 ਮੀਟਰ ਵਿੱਚ ਦੂਜੇ ਸਥਾਨ 'ਤੇ ਰਹੀ ਅਤੇ ਬੁਡਾਪੇਸਟ ਵਿੱਚ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਲਈ ਬ੍ਰਿਟਿਸ਼ ਟੀਮ ਵਿੱਚ ਆਪਣਾ ਸਥਾਨ ਪੱਕਾ ਕੀਤਾ।
ਉਸਨੂੰ ਅਤੇ ਉਸਦੇ ਸਾਥੀ ਅਥਲੀਟ ਰਿਕਾਰਡੋ ਡੌਸ ਸੈਂਟੋਸ ਨੂੰ ਜੁਲਾਈ 2020 ਵਿੱਚ ਲੰਡਨ ਵਿੱਚ ਪੁਲਿਸ ਅਧਿਕਾਰੀਆਂ ਨੇ ਰੋਕਿਆ ਅਤੇ ਤਲਾਸ਼ੀ ਲਈ।
ਵਿਲੀਅਮਜ਼ ਅਤੇ ਡੌਸ ਸੈਂਟੋਸ ਨੇ ਪੁਲਿਸ 'ਤੇ ਨਸਲੀ ਪਰੋਫਾਈਲਿੰਗ ਦਾ ਦੋਸ਼ ਲਗਾਉਂਦੇ ਹੋਏ ਅਧਿਕਾਰਤ ਸ਼ਿਕਾਇਤ ਕੀਤੀ। ਦੋ ਅਧਿਕਾਰੀਆਂ ਨੂੰ ਘੋਰ ਦੁਰਵਿਹਾਰ ਦਾ ਦੋਸ਼ੀ ਪਾਇਆ ਗਿਆ ਅਤੇ ਨਤੀਜੇ ਵਜੋਂ ਉਨ੍ਹਾਂ ਨੂੰ ਬਰਖਾਸਤ ਕਰ ਦਿੱਤਾ ਗਿਆ।
ਸਪਰਿੰਟਰ
ਦੇਸ਼ ਦੇ 100 ਮੀਟਰ ਰਿਕਾਰਡ ਨੂੰ ਤੋੜਨ ਤੋਂ ਬਾਅਦ "ਇਤਿਹਾਸ ਦੀ ਸਭ ਤੋਂ ਤੇਜ਼ ਲੇਬਨਾਨੀ ਮਹਿਲਾ" ਵਜੋਂ ਮਸ਼ਹੂਰ, ਅਜ਼ੀਜ਼ਾ ਸਬੈਤੀ ਨੇ ਹਾਲ ਹੀ ਵਿੱਚ ਇਸ ਸਾਲ ਪੱਛਮੀ ਏਸ਼ੀਆਈ ਅਤੇ ਅਰਬ ਚੈਂਪੀਅਨਸ਼ਿਪ ਵਿੱਚ ਸੋਨ ਤਮਗਾ ਜਿੱਤਣ ਵਾਲੀ ਆਪਣੇ ਦੇਸ਼ ਦੀ ਪਹਿਲੀ ਸਿਆਹਫਾਮ ਅਥਲੀਟ ਦੇ ਰੂਪ ਵਿੱਚ ਦੁਬਾਰਾ ਸੁਰਖੀਆਂ ਬਟੋਰੀਆਂ ਹਨ।
ਇੱਕ ਲਾਇਬ੍ਰੇਰੀਅਨ ਮਾਂ ਅਤੇ ਲੇਬਨਾਨੀ ਪਿਤਾ ਦੇ ਘਰ ਪੈਦਾ ਹੋਈ ਉਹ 11 ਸਾਲ ਦੀ ਉਮਰ ਵਿੱਚ ਲੇਬਨਾਨ ਚਲੀ ਗਈ, ਜਿੱਥੇ ਉਸਨੂੰ ਨਸਲਵਾਦ ਅਤੇ ਰੰਗ-ਆਧਾਰਿਤ ਵਰਗਵਾਦ ਦਾ ਸਾਹਮਣਾ ਕਰਨਾ ਪਿਆ।
ਅਥਲੈਟਿਕਸ ਉਸ ਲਈ ਆਤਮ-ਖੋਜ ਅਤੇ ਸ਼ਕਤੀਕਰਨ ਦਾ ਮਾਰਗ ਬਣ ਗਈ ਅਤੇ ਸਮਰਥਨ ਪ੍ਰਤੀ ਵਚਨਬੱਧਤਾ ਨੂੰ ਪ੍ਰੋਤਸਾਹਨ ਮਿਲਿਆ।
ਉਹ ਆਪਣੇ ਪਦ ਦਾ ਉਪਯੋਗ ਦੇਸ਼ ਵਿੱਚ ਪ੍ਰਣਾਲੀਗਤ ਨਸਲਵਾਦ ਬਾਰੇ ਗੱਲ ਕਰਨ ਅਤੇ ਸ਼ਮੂਲੀਅਤ ਅਤੇ ਸਮਾਨਤਾ ਦਾ ਸਮਰਥਨ ਕਰਨ ਲਈ ਕਰਦੀ ਹੈ। ਉਹ ਲੇਬਨਾਨ ਦੇ ਨੌਜਵਾਨਾਂ ਨੂੰ ਪ੍ਰੇਰਿਤ ਕਰਨ ਲਈ ਸਕੂਲਾਂ ਅਤੇ ਯੂਨੀਵਰਸਿਟੀਆਂ ਨਾਲ ਸਹਿਯੋਗ ਕਰਦੀ ਹੈ।
ਘੋੜਸਵਾਰ ਵਾਲਟਰ
ਜਦੋਂ ਐਂਟੀਨਿਸਕਾ ਸੇਂਸੀ ਨੇ ਆਪਣੀ ਉਮਰ ਦੇ 30ਵੇਂ ਦਹਾਕੇ ਵਿੱਚ ਘੋੜਸਵਾਰੀ ਵਾਲਟਿੰਗ ਸ਼ੁਰੂ ਕੀਤੀ, ਤਾਂ ਉਨ੍ਹਾਂ ਨੇ ਇਹ ਅਨੁਮਾਨ ਨਹੀਂ ਲਗਾਇਆ ਸੀ ਕਿ 10 ਸਾਲਾਂ ਬਾਅਦ ਉਹ ਘੋੜੇ ਦੇ ਉੱਤੇ ਜਿਮਨਾਸਟਿਕ ਦਾ ਅਭਿਆਸ ਕਰਨ ਵਾਲੀ ਟੀਮ ਨਾਲ ਹੋਰ ਖੇਤਰਾਂ ਦਾ ਦੌਰਾ ਕਰੇਗੀ।
ਉੱਤਰੀ ਇਟਲੀ ਦੇ ਲਾ ਫੇਨਿਸ ਵਿੱਚ ਪੈਦਾ ਹੋਈ। ਉਸ ਦੀ ਜ਼ਿੰਦਗੀ ਦਾ ਸਫ਼ਰ ਸੌਖਾ ਨਹੀਂ ਰਿਹਾ ਹੈ। ਜਨਮ ਦੇ ਸਮੇਂ ਸਮੱਸਿਆਵਾਂ ਦਾ ਅਨੁਭਵ ਕਰਨ ਦੇ ਬਾਅਦ ਉਸ ਦੀ ਮਾਂ ਨੂੰ ਕਿਹਾ ਗਿਆ ਸੀ ਕਿ ਉਹ ''ਪਹਿਲੀ ਸਰਦੀ ਤੋਂ ਨਹੀਂ ਬਚ ਸਕੇਗੀ।''
ਸੈਂਸੀ ਨੇ ਸਥਾਨਕ ਏਐੱਨਐੱਫਐੱਫਏਐੱਸ ਕੇਂਦਰ (ਇਟਲੀ ਦੀ ਨੈਸ਼ਨਲ ਐਸੋਸੀਏਸ਼ਨ ਫਾਰ ਫੈਮਿਲੀਜ਼ ਐਂਡ ਪੀਪਲ ਵਿਦ ਡਿਸਏਬਿਲਿਟੀਜ਼) ਅਤੇ ਲਾ ਫੇਨਿਸ ਵਾਲਟਿੰਗ ਟੀਮ ਦੁਆਰਾ ਸ਼ੁਰੂ ਕੀਤੇ ਇੱਕ ਪ੍ਰੋਗਰਾਮ ਦੇ ਹਿੱਸੇ ਵਜੋਂ ਵਾਲਟਿੰਗ ਸ਼ੁਰੂ ਕੀਤੀ।
ਉਹ ਹੁਣ ਵਿਸ਼ਵ ਚੈਂਪੀਅਨ ਵਾਲਟਰ ਅੰਨਾ ਕੈਵਲਾਰੋ ਅਤੇ ਟ੍ਰੇਨਰ ਨੇਲਸਨ ਵਿਡੋਨੀ ਨਾਲ ਸਿਖਲਾਈ ਲੈਂਦੀ ਹੈ।
ਟੀਵੀ ਹਸਤੀ
ਜਾਰਜੀਆ ਹੈਰੀਸਨ ਦੇ ਫੋਟੋ-ਆਧਾਰਿਤ ਜਿਨਸੀ ਸ਼ੋਸ਼ਣ ਦਾ ਸ਼ਿਕਾਰ ਹੋਣ ਤੋਂ ਬਾਅਦ, ਉਸ ਨੇ ਔਰਤਾਂ ਵਿਰੁੱਧ ਹਿੰਸਾ ਨਾਲ ਨਜਿੱਠਣ ਵਿੱਚ ਮਦਦ ਕਰਨ ਅਤੇ ਯੂਕੇ ਦੀ ਸਹਿਮਤੀ ਦੇ ਨਜ਼ਰੀਏ ਨੂੰ ਬਦਲਣ ਲਈ ਆਪਣੀ ਘਟਨਾ ਨੂੰ ਵਰਤਣ ਦਾ ਫੈਸਲਾ ਕੀਤਾ।
ਟੀਵੀ ਹਸਤੀ ਜੋਲਵ ਆਈਲੈਂਡ ਅਤੇ ਦਿ ਓਨਲੀ ਵੇ ਇਜ਼ ਏਸੇਕਸ ਵਰਗੇ ਸ਼ੋਅ'ਜ਼ 'ਤੇ ਆਪਣੀ ਪੇਸ਼ਕਾਰੀ ਲਈ ਜਾਣੀ ਜਾਂਦੀ ਹੈ, ਨੇ ਅੰਤਰੰਗ ਫੋਟੋ ਦੇ ਦੁਰਪ੍ਰਯੋਗ ਨੂੰ ਅਪਰਾਧ ਬਣਾਉਣ ਲਈ ਯੂਕੇ ਦੇ ਔਨਲਾਈਨ ਸੁਰੱਖਿਆ ਬਿੱਲ ਵਿੱਚ ਸੋਧ ਲਿਆਉਣ ਲਈ ਇੱਕ ਮੁਹਿੰਮ ਦੀ ਅਗਵਾਈ ਕੀਤੀ, ਜਿਸ ਨੂੰ 'ਰਿਵੈਂਜ ਪੋਰਨ' ਵੀ ਕਿਹਾ ਜਾਂਦਾ ਹੈ ਤਾਂ ਜੋ ਮੁਕੱਦਮਾ ਚਲਾਉਣਾ ਆਸਾਨ ਹੋਵੇ।
ਹੈਰੀਸਨ ਹੁਣ ਔਨਲਾਈਨ ਪਲੈਟਫਾਰਮਾਂ ਤੋਂ ਬਿਨਾਂ ਸਹਿਮਤੀ ਦੇ ਲਈਆਂ ਗਈਆਂ ਜਾਂ ਸਾਂਝਾ ਕੀਤੀਆਂ ਗਈਆਂ ਫੋਟੋ ਜਾਂ ਫੁਟੇਜ ਦੀ ਵਰਤੋਂ ਲਈ ਸਖ਼ਤ ਨਤੀਜਿਆਂ ਦਾ ਸਾਹਮਣਾ ਕਰਨ ਦਾ ਸੱਦਾ ਦੇ ਰਹੀ ਹੈ।
ਐੱਫਜੀਐੱਮ ਪ੍ਰਚਾਰਕ
ਖਤਨੇ ਨੂੰ ਖਤਮ ਕਰਨ ਦੇ ਆਪਣੇ ਦ੍ਰਿੜ ਇਰਾਦੇ ਤੋਂ ਪ੍ਰੇਰਿਤ, ਸ਼ਮਸ ਅਰਾਵੀਲੋ ਆਪਣੇ ਸ਼ਕਤੀਸ਼ਾਲੀ ਅਤੇ ਪ੍ਰਤੱਖ ਔਨਲਾਈਨ ਵੀਡੀਓਜ਼ ਦੁਆਰਾ ਸਿੱਖਿਆ ਅਤੇ ਜਾਗਰੂਕਤਾ ਵਧਾਉਂਦੀ ਹੈ।
ਅਰਾਵੀਲੋ, ਜੋ ਸੋਮਾਲੀਆ ਵਿੱਚ ਪੈਦਾ ਹੋਈ ਸੀ, ਪਰ ਵਰਤਮਾਨ ਵਿੱਚ ਯੂਕੇ ਵਿੱਚ ਰਹਿੰਦੀ ਹੈ। ਛੇ ਸਾਲ ਦੀ ਉਮਰ ਵਿੱਚ ਉਸਦੇ ਜਣਨ ਅੰਗਾਂ ਨੂੰ ਕੱਟਿਆ ਗਿਆ ਸੀ। ਇਹ ਇੱਕ ਅਜਿਹੀ ਪ੍ਰਕਿਰਿਆ ਹੈ ਜਿਸ ਵਿੱਚ ਇੱਕ ਔਰਤ ਦੇ ਜਣਨ ਅੰਗਾਂ ਨੂੰ ਗੈਰ-ਮੈਡੀਕਲ ਕਾਰਨਾਂ ਕਰਕੇ ਅੰਸ਼ਕ ਜਾਂ ਪੂਰੀ ਤਰ੍ਹਾਂ ਹਟਾ ਦਿੱਤਾ ਜਾਂਦਾ ਹੈ।
ਟਿਕਟੌਕ 'ਤੇ 70 ਮਿਲੀਅਨ ਤੋਂ ਵੱਧ ਵਿਯੂਜ਼ ਦੇ ਨਾਲ, ਉਹ ਇਹ ਯਕੀਨੀ ਬਣਾਉਣਾ ਚਾਹੁੰਦੀ ਹੈ ਕਿ ਕੋਈ ਵੀ ਇਸ ਤੋਂ ਅਣਜਾਣ ਨਾ ਰਹੇ।
ਉਹ ਹੁਣ ਵਿਦੇਸ਼ਾਂ ਵਿੱਚ ਫਸੇ ਬ੍ਰਿਟਿਸ਼ ਨਾਗਰਿਕਾਂ ਦੀ ਮਦਦ ਕਰਦੀ ਹੈ ਜੋ ਸਨਮਾਨ-ਆਧਾਰਿਤ ਹਿੰਸਾ ਦਾ ਸਾਹਮਣਾ ਕਰਦੇ ਹਨ। ਉਹ ਲੰਡਨ ਦੀ ਮੈਟਰੋਪੋਲੀਟਨ ਪੁਲਿਸ ਨੂੰ ਐੱਫਜੀਐੱਮ 'ਤੇ ਸਲਾਹ ਵੀ ਦਿੰਦੀ ਹੈ ਅਤੇ ਇੱਕ ਚੈਰਿਟੀ, 'ਗਾਰਡਨ ਆਫ ਪੀਸ' ਸ਼ੁਰੂ ਕੀਤੀ ਹੈ।
ਮਨੁੱਖੀ ਅਧਿਕਾਰ ਪ੍ਰਚਾਰਕ
ਡੈਨਿਸ਼-ਬਹਿਰੀਨ ਮਨੁੱਖੀ ਅਧਿਕਾਰ ਪ੍ਰਚਾਰਕ ਮਰੀਅਮ ਅਲ-ਖਵਾਜਾ ਬਹਿਰੀਨ ਅਤੇ ਖਾੜੀ ਖੇਤਰ ਵਿੱਚ ਰਾਜਨੀਤਿਕ ਸੁਧਾਰ ਲਈ ਇੱਕ ਪ੍ਰਮੁੱਖ ਆਵਾਜ਼ ਹੈ।
ਉਸ ਦੇ ਕੰਮ ਦਾ ਉਦੇਸ਼ ਮਨੁੱਖੀ ਅਧਿਕਾਰਾਂ ਦੇ ਘਾਣ 'ਤੇ ਰੌਸ਼ਨੀ ਪਾਉਣਾ ਹੈ, ਖਾਸ ਤੌਰ 'ਤੇ #FreeAlKhawaja ਮੁਹਿੰਮ ਰਾਹੀਂ ਆਪਣੇ ਪਿਤਾ ਅਬਦੁੱਲਹਾਦੀ ਅਲ-ਖਵਾਜਾ ਦੀ ਰਿਹਾਈ ਦੀ ਵਕਾਲਤ ਕਰਨਾ। ਉਹ ਇੱਕ ਪ੍ਰਮੁੱਖ ਕਾਰਕੁਨ ਅਤੇ ਜ਼ਮੀਰ ਦਾ ਕੈਦੀ ਹੈ ਜੋ 2011 ਵਿੱਚ ਬਹਿਰੀਨ ਦੇ ਲੋਕਤੰਤਰ ਪੱਖੀ ਪ੍ਰਦਰਸ਼ਨਾਂ ਵਿੱਚ ਹਿੱਸਾ ਲੈਣ ਤੋਂ ਬਾਅਦ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ।
ਅਲ-ਖਵਾਜਾ ਨੇ ਸਿਵਿਕਸ ਅਤੇ 'ਇੰਟਰਨੈਸ਼ਨਲ ਸਰਵਿਸ ਫਾਰ ਹਿਊਮਨ ਰਾਈਟਸ' ਸਮੇਤ ਕਈ ਬੋਰਡਾਂ ਵਿੱਚ ਕੰਮ ਕੀਤਾ ਹੈ ਅਤੇ ਨੌਜਵਾਨ ਨਾਰੀਵਾਦੀ ਸੰਗਠਨ ਫਰੀਦਾ (FRIDA) ਅਤੇ 'ਫਿਜੀਸ਼ੀਅਨ ਫਾਰ ਹਿਊਮਨ ਰਾਈਟਸ' ਵਿੱਚ ਸ਼ਾਮਲ ਰਹੀ ਹੈ।
ਅਟਾਰਨੀ, ਲੇਖਕ ਅਤੇ ਪ੍ਰਚਾਰਕ
ਸੰਯੁਕਤ ਰਾਜ ਦੀ ਸਾਬਕਾ ਪ੍ਰਥਮ ਮਹਿਲਾ ਮਿਸ਼ੇਲ ਓਬਾਮਾ ਗਰਲਜ਼ ਅਪਰਚਿਊਨਿਟੀ ਅਲਾਇੰਸ ਦੀ ਸੰਸਥਾਪਕ ਹੈ, ਜੋ ਲੜਕੀਆਂ ਨੂੰ ਉਨ੍ਹਾਂ ਦੀ ਸਿੱਖਿਆ ਦਾ ਹੱਕ ਪ੍ਰਾਪਤ ਕਰਨਾ ਯਕੀਨੀ ਬਣਾਉਣ ਲਈ ਕੰਮ ਕਰ ਰਹੀਆਂ ਵਿਸ਼ਵ ਪੱਧਰੀ ਸੰਸਥਾਵਾਂ ਦਾ ਸਮਰਥਨ ਕਰਦੇ ਹਨ।
ਓਬਾਮਾ ਨੇ ਪ੍ਰਥਮ ਮਹਿਲਾ ਵਜੋਂ 'ਲੈੱਟ ਗਰਲਜ਼ ਲਰਨ' ਦੇ ਨਾਂ 'ਤੇ ਆਧਾਰਿਤ ਇਸ ਪਹਿਲ ਦੀ ਸ਼ੁਰੂਆਤ ਕੀਤੀ। ਜਿਸ ਨੇ ਦੁਨੀਆ ਭਰ ਵਿੱਚ ਕਿਸ਼ੋਰ ਲੜਕੀਆਂ ਨੂੰ ਮਿਆਰੀ ਸਿੱਖਿਆ ਤੱਕ ਪਹੁੰਚਣ ਵਿੱਚ ਮਦਦ ਕਰਨ ਲਈ ਇੱਕ ਸੰਪੂਰਨ-ਸਰਕਾਰੀ ਦ੍ਰਿਸ਼ਟੀਕੋਣ ਦਾ ਨਿਰਮਾਣ ਕੀਤਾ।
ਪ੍ਰਥਮ ਮਹਿਲਾ ਹੋਣ ਦੇ ਨਾਤੇ, ਉਨ੍ਹਾਂ ਨੇ ਤਿੰਨ ਹੋਰ ਪ੍ਰਮੁੱਖ ਪਹਿਲਕਦਮੀਆਂ ਦਾ ਸਮਰਥਨ ਕੀਤਾ: ਲੈੱਟਸ ਮੂਵ! ਰਾਹੀਂ ਮਾਪਿਆਂ ਨੂੰ ਬੱਚਿਆਂ ਦੇ ਸਿਹਤਮੰਦ ਪਾਲਣ ਪੋਸ਼ਣ ਵਿੱਚ ਮਦਦ ਕਰਨਾ ਚਾਹੁੰਦੇ ਹਨ; 'ਜੁਆਇਨਿੰਗ ਫੋਰਸਿਜ' ਰਾਹੀਂ ਅਮਰੀਕੀ ਸੇਵਾ ਕਰਮਚਾਰੀਆਂ, ਸਾਬਕਾ ਸੈਨਿਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦਾ ਸਮਰਥਨ ਕੀਤਾ; ਅਤੇ 'ਰੀਚ ਹਾਈਅਰ' - ਜਿਸ 'ਤੇ ਉਹ ਅੱਜ ਵੀ ਕੰਮ ਕਰਦੇ ਹਨ, ਰਾਹੀਂ ਉਹ ਨੌਜਵਾਨਾਂ ਨੂੰ ਉੱਚ ਸਿੱਖਿਆ ਪ੍ਰਾਪਤ ਕਰਨ ਲਈ ਉਤਸ਼ਾਹਿਤ ਕਰਦੇ ਹਨ।
ਹਾਊਸਿੰਗ ਪ੍ਰਚਾਰਕ
ਨੇਪਾਲ ਦੇ ਸਵਦੇਸ਼ੀ ਨੇਵਾ ਰਾਸ਼ਟਰ ਦੀ ਮੈਂਬਰ, ਟਰਾਂਸਜੈਂਡਰ ਮਨੁੱਖੀ ਅਧਿਕਾਰ ਕਾਰਕੁਨ ਰੁਕਸ਼ਾਨਾ ਕਪਾਲੀ ਜਦੋਂ ਜਵਾਨ ਹੋ ਰਹੀ ਸੀ ਤਾਂ ਉਸਨੂੰ ਆਪਣੀ ਪਛਾਣ ਬਾਰੇ ਜਾਣਕਾਰੀ ਦੀ ਘਾਟ ਨਾਲ ਜੂਝਣਾ ਪਿਆ।
ਉਸ ਨੇ ਲਿੰਗ ਅਤੇ ਕਾਮੁਕਤਾ ਦੀ ਵਿਭਿੰਨਤਾ ਦੇ ਆਲੇ ਦੁਆਲੇ ਸਵੈ-ਸਿੱਖਿਆ ਦੇ ਆਪਣੇ ਮਾਰਗ 'ਤੇ ਸ਼ੁਰੂਆਤ ਕੀਤੀ। ਉਹ ਇੱਕ ਕਿਸ਼ੋਰ ਲੜਕੀ ਦੇ ਰੂਪ ਵਿੱਚ ਸਾਹਮਣੇ ਆਈ ਸੀ ਅਤੇ ਸਮਲਿੰਗੀ ਅਧਿਕਾਰਾਂ ਨਾਲ ਜੁੜੇ ਮੁੱਦਿਆਂ 'ਤੇ ਸੋਸ਼ਲ ਮੀਡੀਆ 'ਤੇ ਆਵਾਜ਼ ਉਠਾਉਂਦੀ ਰਹੀ ਹੈ।
ਉਹ ਵਰਤਮਾਨ ਸਮੇਂ ਕਾਨੂੰਨ ਦੀ ਪੜ੍ਹਾਈ ਦੀ ਤੀਜੇ ਸਾਲ ਦੀ ਵਿਦਿਆਰਥਣ ਹੈ ਅਤੇ ਨੇਪਾਲ ਵਿੱਚ LGBTQ+ ਲੋਕਾਂ ਲਈ ਕਾਨੂੰਨੀ ਅਤੇ ਸੰਵਿਧਾਨਕ ਅਧਿਕਾਰਾਂ ਦੀ ਪ੍ਰਗਤੀ ਵਿੱਚ ਸਰਗਰਮ ਰੂਪ ਨਾਲ ਸ਼ਾਮਲ ਹੈ।
ਕਪਾਲੀ ਨੇਵਾ ਜਾਤ, ਜੁਗੀ ਦੇ ਅੰਦਰ ਇਤਿਹਾਸਕ ਤੌਰ 'ਤੇ ਹਾਸ਼ੀਆਗਤ ਜਾਤ ਨਾਲ ਸਬੰਧਿਤ ਹੈ, ਅਤੇ ਜੁਗੀ ਲੋਕਾਂ ਨੂੰ ਉਨ੍ਹਾਂ ਦੇ ਰਵਾਇਤੀ ਘਰਾਂ ਤੋਂ ਜਬਰੀ ਬੇਦਖਲ ਕਰਨ ਖਿਲਾਫ਼ ਲੜਦੀ ਹੈ।
ਮਨੁੱਖੀ ਅਧਿਕਾਰ ਵਕੀਲ
ਅਮਾਲ ਕਲੂਨੀ ਇੱਕ ਪੁਰਸਕਾਰ ਜੇਤੂ ਮਨੁੱਖੀ ਅਧਿਕਾਰ ਵਕੀਲ ਹਨ ਜਿਨ੍ਹਾਂ ਨੇ ਪਿਛਲੇ ਦੋ ਦਹਾਕਿਆਂ ਤੋਂ ਬੇਇਨਸਾਫ਼ੀ ਦੇ ਪੀੜਤਾਂ ਦਾ ਬਚਾਅ ਕਰਦੇ ਹੋਏ ਬਿਤਾਏ ਹਨ।
ਉਨ੍ਹਾਂ ਦੇ ਇਤਿਹਾਸਕ ਕੇਸਾਂ ਵਿੱਚ ਅਰਮੀਨੀਆ ਅਤੇ ਮਿਆਂਮਾਰ ਵਿੱਚ ਨਸਲਕੁਸ਼ੀ, ਮਲਾਵੀ ਅਤੇ ਕੀਨੀਆ ਵਿੱਚ ਔਰਤਾਂ ਵਿਰੁੱਧ ਜਿਨਸੀ ਹਿੰਸਾ ਅਤੇ ਯੂਕਰੇਨ ਵਿੱਚ ਮਨੁੱਖਤਾ ਖਿਲਾਫ਼ ਅਪਰਾਧ ਸ਼ਾਮਲ ਹਨ।
ਹਾਲੀਆ ਸਫਲਤਾਵਾਂ ਵਿੱਚ ਇੱਕ ਆਈਐੱਸ ਲੜਾਕੇ ਅਤੇ ਇੱਕ ਡਾਰਫੁਰ ਦੇ ਪੀੜਤਾਂ ਦੀ ਨੁਮਾਇੰਦਗੀ ਕਰਨਾ ਸ਼ਾਮਲ ਹੈ। ਉਨ੍ਹਾਂ ਨੇ ਦਮਨਕਾਰੀ ਸ਼ਾਸਨ ਦੁਆਰਾ ਨਿਸ਼ਾਨਾ ਬਣਾਏ ਗਏ ਪੱਤਰਕਾਰਾਂ ਅਤੇ ਹੋਰ ਸਿਆਸੀ ਕੈਦੀਆਂ ਦੀ ਆਜ਼ਾਦੀ ਨੂੰ ਸੁਰੱਖਿਅਤ ਕਰਨ ਵਿੱਚ ਮਦਦ ਕੀਤੀ ਹੈ।
ਉਹ ਕੋਲੰਬੀਆ ਲਾਅ ਸਕੂਲ ਵਿੱਚ ਸਹਾਇਕ ਪ੍ਰੋਫੈਸਰ ਅਤੇ ਕਲੂਨੀ ਫਾਊਂਡੇਸ਼ਨ ਫਾਰ ਜਸਟਿਸ ਦੀ ਸਹਿ-ਸੰਸਥਾਪਕ ਹੈ, ਜੋ 40 ਤੋਂ ਵੱਧ ਦੇਸ਼ਾਂ ਵਿੱਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਪੀੜਤਾਂ ਨੂੰ ਮੁਫ਼ਤ ਕਾਨੂੰਨੀ ਸਹਾਇਤਾ ਪ੍ਰਦਾਨ ਕਰਦੀ ਹੈ।
ਸਵਦੇਸ਼ੀਆਂ ਦੀ ਅਧਿਕਾਰ ਕਾਰਕੁਨ
ਇਕਵਾਡੋਰ ਦੇ ਐਮਾਜ਼ੋਨ ਵਰਖਾ ਵਣਾਂ ਦੀ ਰੱਖਿਆ ਲਈ ਲੜਾਈ ਵਿੱਚ ਇੱਕ ਮੁੱਖ ਸ਼ਖ਼ਸੀਅਤ ਦੇ ਤੌਰ 'ਤੇ ਅਲੀਸੀਆ ਕਾਹੂਈਆ ਨੇ ਇਸ ਸਾਲ ਵੱਡੀ ਜਿੱਤ ਪ੍ਰਾਪਤ ਕੀਤੀ ਸੀ।
ਅਗਸਤ ਵਿੱਚ ਇੱਕ ਇਤਿਹਾਸਕ ਜਨਮਤ ਸੰਗ੍ਰਹਿ ਵਿੱਚ ਇਕਵਾਡੋਰ ਵਾਸੀਆਂ ਨੇ ਯਾਸੂਨੀ ਨੈਸ਼ਨਲ ਪਾਰਕ ਵਿੱਚ ਸਾਰੇ ਨਵੇਂ ਤੇਲ ਦੇ ਖੂਹਾਂ ਨੂੰ ਰੋਕਣ ਲਈ ਮਤਦਾਨ ਕੀਤਾ। ਇਹ ਇੱਕ ਅਜਿਹਾ ਫੈਸਲਾ ਹੈ ਜਿਸਦਾ ਮਤਲਬ ਹੋਵੇਗਾ ਕਿ ਰਾਜ ਦੀ ਤੇਲ ਕੰਪਨੀ ਧਰਤੀ ਦੇ ਸਭ ਤੋਂ ਵੱਧ ਜੈਵਿਕ ਵਿਭਿੰਨਤਾ ਵਾਲੇ ਖੇਤਰਾਂ ਵਿੱਚੋਂ ਇੱਕ ਵਿੱਚ ਆਪਣਾ ਕੰਮ ਖਤਮ ਕਰ ਦੇਵੇਗੀ, ਜੋ ਸੰਪਰਕ ਰਹਿਤ ਸਵਦੇਸ਼ੀ ਆਬਾਦੀ ਦਾ ਘਰ ਹੈ।
ਕਾਹੂਈਆ, ਜਿਸਦਾ ਜਨਮ ਯਾਸੂਨੀ ਵਿੱਚ ਹੋਇਆ ਸੀ ਅਤੇ ਵਾਓਰਾਨੀ ਕੌਮ (NAWE) ਦੀ ਨੇਤਾ ਹੈ। ਉਹ ਇੱਕ ਦਹਾਕੇ ਤੋਂ ਵੱਧ ਸਮੇਂ ਤੋਂ ਰਾਏਸ਼ੁਮਾਰੀ ਲਈ ਮੁਹਿੰਮ ਚਲਾ ਰਹੀ ਸੀ।
ਉਹ ਵਰਤਮਾਨ ਵਿੱਚ ਇਕਵਾਡੋਰ ਦੇ ਸਵਦੇਸ਼ੀ ਲੋਕਾਂ ਦੇ ਸੰਘ ਵਿੱਚ ਮਹਿਲਾ ਵਿਭਾਗ ਦੀ ਮੁਖੀ ਹੈ।
ਜਲਵਾਯੂ ਪਰਿਵਰਤਨ ਨੇ ਸਾਡੇ ਲਈ ਚੀਜ਼ਾਂ ਨੂੰ ਬਹੁਤ ਵੱਖਰਾ ਬਣਾ ਦਿੱਤਾ ਹੈ, ਜਿਸ ਕਾਰਨ ਹੜ੍ਹ ਆਉਂਦੇ ਹਨ ਜੋ ਸਾਡੀਆਂ ਫਸਲਾਂ ਨੂੰ ਤਬਾਹ ਕਰ ਦਿੰਦੇ ਹਨ। ਜਦੋਂ ਸੂਰਜ ਬਹੁਤ ਗਰਮ ਹੁੰਦਾ ਹੈ ਅਤੇ ਸੋਕਾ ਹੁੰਦਾ ਹੈ, ਤਾਂ ਸਾਡੇ ਭੋਜਨ ਦਾ ਇੱਕ ਵੱਡਾ ਹਿੱਸਾ ਨਸ਼ਟ ਹੋ ਜਾਂਦਾ ਹੈ, ਜਿਸ ਨਾਲ ਸਾਨੂੰ ਬਹੁਤ ਦੁੱਖ ਹੁੰਦਾ ਹੈ, ਕਿਉਂਕਿ ਫਸਲਾਂ ਲਈ ਕੀਤੇ ਗਏ ਸਾਰੇ ਯਤਨ ਵਿਅਰਥ ਹੋ ਜਾਂਦੇ ਹਨ।
ਅਲੀਸੀਆ ਕਾਹੂਈਆ
ਵਕੀਲ ਅਤੇ ਮਨੁੱਖੀ ਅਧਿਕਾਰ ਕਾਰਕੁਨ
1990 ਦੇ ਦਹਾਕੇ ਦੀ ਸ਼ੁਰੂਆਤ ਵਿੱਚ ਸਾਬਕਾ ਯੂਗੋਸਲਾਵੀਆ ਵਿੱਚ ਲੜਾਈ ਸ਼ੁਰੂ ਹੋਣ ਤੋਂ ਬਾਅਦ, ਨਤਾਸਾ ਕੈਂਡਿਕ ਨੇ ਬਲਾਤਕਾਰ, ਤਸ਼ੱਦਦ, ਕਤਲ ਅਤੇ ਜ਼ਬਰਦਸਤੀ ਲਾਪਤਾ ਹੋਣ ਸਮੇਤ ਜੰਗ ਦੇ ਸਮੇਂ ਦੇ ਅੱਤਿਆਚਾਰਾਂ ਦਾ ਦਸਤਾਵੇਜ਼ੀਕਰਨ ਕੀਤਾ ਹੈ।
ਉਸ ਨੇ ਬੇਲਗ੍ਰੇਡ ਵਿੱਚ ਯੁੱਧ ਅਪਰਾਧ ਅਦਾਲਤ ਦੇ ਸਾਹਮਣੇ ਵੱਖ-ਵੱਖ ਨਸਲਾਂ ਦੇ ਪੀੜਤ ਪਰਿਵਾਰਾਂ ਦੀ ਨੁਮਾਇੰਦਗੀ ਕੀਤੀ ਹੈ ਅਤੇ ਉਸ ਸਮੂਹ ਦਾ ਹਿੱਸਾ ਸੀ ਜਿਸਨੇ ਕੋਸੋਵੋ ਪ੍ਰਤੀ ਸਰਬੀਆਈ ਤਾਕਤਵਰ ਸਲੋਬੋਡਨ ਮਿਲੋਸੇਵਿਕ ਦੀ ਸਰਕਾਰ ਦੀ ਨੀਤੀ ਦੀ ਆਲੋਚਨਾਤਮਕ ਜਾਂਚ ਕੀਤੀ ਸੀ।
ਕੈਂਡਿਕ 'ਹਿਊਮੈਨੀਟੇਰਿਅਨ ਲਾ ਸੈਂਟਰ' ਦੀ ਸੰਸਥਾਪਕ ਹੈ, ਜਿਸਦੀ ਅਕਸਰ ਯੁੱਧ ਅਪਰਾਧਾਂ ਦੀ ਨਿਰਪੱਖ ਜਾਂਚ ਲਈ ਪ੍ਰਸ਼ੰਸਾ ਕੀਤੀ ਜਾਂਦੀ ਹੈ।
ਉਸ ਨੇ ਰੀਕੌਮ (RECOM) ਰੀਕੌਂਸੀਲੀਏਸ਼ਨ ਨੈੱਟਵਰਕ ਨੂੰ ਸੰਗਠਿਤ ਕਰਨ ਵਿੱਚ ਮਦਦ ਕੀਤੀ, ਜੋ ਬਾਲਕਨ ਯੁੱਧਾਂ ਬਾਰੇ ਤੱਥਾਂ ਨੂੰ ਸਥਾਪਿਤ ਕਰਨ ਦੀ ਕੋਸ਼ਿਸ਼ ਕਰਦਾ ਹੈ, ਜਿਸ ਵਿੱਚ ਅੰਦਾਜ਼ਨ 130,000 ਲੋਕ ਮਾਰੇ ਗਏ ਸਨ।
ਫਾਇਰਫਾਈਟਰ
ਮੂਲ ਰੂਪ ਵਿੱਚ ਓਪੇਰਾ ਗਾਇਕ ਅਧਿਆਪਕਾ, ਸੋਫੀਆ ਕੋਸਾਚੇਵਾ ਨੂੰ ਇੱਕ ਹੋਰ ਪ੍ਰੇਰਣਾ ਉਦੋਂ ਮਿਲੀ ਜਦੋਂ ਉਹ 2010 ਵਿੱਚ ਫਾਇਰਫਾਈਟਰਾਂ ਦੇ ਇੱਕ ਸਮੂਹ ਨੂੰ ਮਿਲੀ।
ਉਹ ਖ਼ੁਦ ਇੱਕ ਫਾਇਰਫਾਈਟਰ ਬਣ ਗਈ ਅਤੇ ਰੂਸ ਵਿੱਚ ਜੰਗਲ ਦੀ ਅੱਗ ਨਾਲ ਨਜਿੱਠਣ ਵਿੱਚ ਮਦਦ ਕਰਨ ਲਈ ਵਾਲੰਟੀਅਰਾਂ ਨੂੰ ਸਿਖਲਾਈ ਦੇਣ ਲਈ ਇੱਕ ਸਮੁਦਾਏ ਬਣਾਇਆ। ਇਸ ਨਾਲ ਦੇਸ਼ ਭਰ ਵਿੱਚ 25 ਤੋਂ ਵੱਧ ਵਾਲੰਟੀਅਰ ਗਰੁੱਪਾਂ ਦਾ ਵਿਕਾਸ ਹੋਇਆ।
ਉਸ ਨੇ ਪੂਰੇ ਰੂਸ ਵਿੱਚ ਕਈ ਸੌ ਅੱਗ ਬੁਝਾਉਣ ਵਿੱਚ ਮਦਦ ਕੀਤੀ ਹੈ ਅਤੇ ਗ੍ਰੀਨਪੀਸ ਦੇ ਨਾਲ ਸਹਿਯੋਗ ਕੀਤਾ ਹੈ। ਜਦੋਂ ਕਿ ਉਦੋਂ ਤੱਕ ਇਸ ਐੱਨਜੀਓ ਨੂੰ ਅਧਿਕਾਰਤ ਤੌਰ 'ਤੇ ਇੱਕ 'ਅਣਇੱਛਤ ਸੰਗਠਨ' ਲੇਬਲ ਨਹੀਂ ਕੀਤਾ ਗਿਆ ਸੀ ਅਤੇ ਇਸਦੀ ਰੂਸੀ ਸ਼ਾਖਾ ਨੂੰ ਬੰਦ ਕਰ ਦਿੱਤਾ ਗਿਆ ਸੀ।
ਕੋਸਾਚੇਵਾ ਨੇ ਸਵੈਸੇਵੀ ਤੌਰ 'ਤੇ ਜੰਗਲ ਦੀ ਅੱਗ ਬੁਝਾਉਣ ਵਾਲਿਆਂ ਲਈ ਇੱਕ ਵੈੱਬਸਾਈਟ ਵੀ ਬਣਾਈ ਹੈ ਜਿਸਨੂੰ ਜੰਗਲੀ ਅੱਗ ਨੂੰ ਰੋਕਣ ਅਤੇ ਨਿਯੰਤਰਣ ਕਰਨ ਬਾਰੇ ਜਾਣਕਾਰੀ ਦੇ ਨਾਲ ਰੂਸ ਵਿੱਚ ਸਭ ਤੋਂ ਸੰਪੂਰਨ ਔਨਲਾਈਨ ਡੇਟਾਬੇਸ ਮੰਨਿਆ ਜਾਂਦਾ ਹੈ।
ਜਲਵਾਯੂ ਸੰਕਟ ਭਾਵੇਂ ਕਿੰਨਾ ਵੀ ਵਿਆਪਕ ਹੋਵੇ, ਹਰ ਵੱਡੀ ਪ੍ਰਾਪਤੀ ਛੋਟੀ ਪ੍ਰਾਪਤੀ ਤੋਂ ਸ਼ੁਰੂ ਹੁੰਦੀ ਹੈ। ਅਜਿਹਾ ਲੱਗਦਾ ਹੈ ਕਿ ਵਿਸ਼ਵ ਪੱਧਰ 'ਤੇ ਕੁਝ ਬਦਲਣ ਲਈ ਅਸੀਂ ਬਹੁਤ ਛੋਟੇ ਹਾਂ, ਪਰ ਸਾਨੂੰ ਉਨ੍ਹਾਂ ਤਬਦੀਲੀਆਂ ਨਾਲ ਸ਼ੁਰੂਆਤ ਕਰਨੀ ਚਾਹੀਦੀ ਹੈ ਜੋ ਅਸੀਂ ਆਪਣੇ ਆਲੇ ਦੁਆਲੇ ਕਰ ਸਕਦੇ ਹਾਂ।
ਸੋਫੀਆ ਕੋਸਾਚੇਵਾ
ਰਾਜ ਮੰਤਰੀ
2023 ਵਿੱਚ ਬ੍ਰਾਜ਼ੀਲ ਦੀ ਸਵਦੇਸ਼ੀ ਅਧਿਕਾਰਾਂ ਦੀ ਲਹਿਰ ਵਿੱਚ ਇੱਕ ਪ੍ਰਮੁੱਖ ਸ਼ਖਸੀਅਤ ਸੋਨੀਆ ਗੁਜਾਜਾਰਾ ਆਪਣੇ ਦੇਸ਼ ਦੇ ਮੂਲ ਲੋਕਾਂ ਲਈ ਪਹਿਲੀ ਵਾਰ ਮੰਤਰੀ ਬਣੀ, ਜਿਸ ਨੂੰ ਨਵੇਂ ਚੁਣੇ ਗਏ ਰਾਸ਼ਟਰਪਤੀ ਲੂਲਾ ਡਾ ਸਿਲਵਾ ਨੇ ਇੱਕ ਇਤਿਹਾਸਕ ਨਿਯੁਕਤੀ ਦੇ ਰੂਪ ਵਿੱਚ ਸਵੀਕਾਰ ਕੀਤਾ।
ਉਨ੍ਹਾਂ ਨੇ ਵਾਤਾਵਰਨ ਸਬੰਧੀ ਅਪਰਾਧਾਂ ਵਿਰੁੱਧ ਲੜਾਈ ਨੂੰ ਆਪਣੀਆਂ ਪ੍ਰਮੁੱਖ ਤਰਜੀਹਾਂ ਵਿੱਚੋਂ ਇੱਕ ਬਣਾਉਣ ਦੀ ਸਹੁੰ ਖਾਧੀ।
ਗੁਜਾਜਾਰਾ ਦਾ ਜਨਮ ਐਮਾਜ਼ਾਨ ਖੇਤਰ ਵਿੱਚ ਅਰਾਰੀਬੋਈਆ ਵਿੱਚ ਅਨਪੜ੍ਹ ਮਾਪਿਆਂ ਦੇ ਘਰ ਹੋਇਆ ਸੀ, ਜਿੱਥੇ ਜਲਵਾਯੂ ਤਬਦੀਲੀ ਨਾਲ ਈਕੋਤੰਤਰ 'ਤੇ ਹੋਣ ਵਾਲੇ ਵਿਨਾਸ਼ਕਾਰੀ ਪ੍ਰਭਾਵ ਉਸ ਨੂੰ ਸਭ ਤੋਂ ਪਹਿਲੀ ਕਤਾਰ ਵਿੱਚ ਮਿਲੇ।
ਉਸ ਨੇ ਸਾਹਿਤ ਦਾ ਅਧਿਐਨ ਕਰਨ, ਇੱਕ ਨਰਸ ਅਤੇ ਇੱਕ ਅਧਿਆਪਕ ਵਜੋਂ ਕੰਮ ਕਰਨ ਅਤੇ ਕਾਰਕੁਨ ਵਜੋਂ ਆਪਣਾ ਕਰੀਅਰ ਸ਼ੁਰੂ ਕਰਨਾ ਛੱਡ ਦਿੱਤਾ। 2022 ਵਿੱਚ ਉਹ ਸਾਓ ਪਾਓਲੋ ਰਾਜ ਦੀ ਪਹਿਲੀ ਸਵਦੇਸ਼ੀ ਕਾਂਗਰਸ ਮਹਿਲਾ ਬਣੀ।
ਸਾਨੂੰ ਇਸ ਬਾਰੇ ਸੋਚਣਾ ਹੋਵੇਗਾ ਕਿ ਜਲਵਾਯੂ ਨਿਆਂ ਨੂੰ ਕਿਵੇਂ ਉਤਸ਼ਾਹਿਤ ਕੀਤਾ ਜਾਵੇ ਅਤੇ ਵਾਤਾਵਰਨ ਨਸਲਵਾਦ ਨਾਲ ਕਿਵੇਂ ਲੜਿਆ ਜਾਵੇ ਕਿਉਂਕਿ ਜੋ ਲੋਕ ਵਾਤਾਵਰਨ ਦੀ ਸਭ ਤੋਂ ਵਧੀਆ ਰੱਖਿਆ ਕਰ ਸਕਦੇ ਹਨ, ਉਹ ਹੀ ਇਸ ਦੇ ਵਿਨਾਸ਼ ਤੋਂ ਸਭ ਤੋਂ ਪਹਿਲਾਂ ਅਤੇ ਸਭ ਤੋਂ ਵੱਧ ਪ੍ਰਭਾਵਿਤ ਹੁੰਦੇ ਹਨ। ਅਸੀਂ, ਸਵਦੇਸ਼ੀ ਲੋਕ, ਜੈਵ ਵਿਭਿੰਨਤਾ ਅਤੇ ਜੀਵਨ ਦੇ ਸੱਚੇ ਰੱਖਿਅਕ ਹਾਂ।
ਸੋਨੀਆ ਗੁਜਾਜਾਰਾ
ਸਿਆਸੀ ਕਾਰਕੁਨ
ਇੱਕ ਨਿਡਰ ਪ੍ਰਚਾਰਕ, ਬੇਲਾ ਗੈਲਹੋਸ ਨੇ 2002 ਵਿੱਚ ਦੇਸ਼ ਨੂੰ ਇੰਡੋਨੇਸ਼ੀਆ ਤੋਂ ਆਜ਼ਾਦੀ ਪ੍ਰਾਪਤ ਕਰਨ ਤੋਂ ਪਹਿਲਾਂ ਅਤੇ ਬਾਅਦ ਵਿੱਚ ਤਿਮੋਰ-ਲੇਸਤੇ ਨੂੰ ਬਦਲਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ।
ਗ਼ੁਲਾਮੀ ਦੇ ਸਾਲਾਂ ਦੌਰਾਨ, ਉਸ ਨੇ ਆਪਣੇ ਲੋਕਾਂ ਦੇ ਸਵੈ-ਨਿਰਣੇ ਦਾ ਸਮਰਥਨ ਕਰਦੇ ਹੋਏ ਦੁਨੀਆ ਭਰ ਦੀ ਯਾਤਰਾ ਕੀਤੀ। ਤਿਮੋਰ-ਲੇਸਤੇ ਦੀ ਆਜ਼ਾਦੀ ਤੋਂ ਬਾਅਦ ਵਾਪਸ ਪਰਤਦੇ ਹੋਏ, ਗੈਲਹੋਸ ਦਹਾਕਿਆਂ ਦੇ ਸੰਘਰਸ਼ ਦੇ ਬਾਅਦ ਦੇਸ਼ ਦੇ ਪੁਨਰ ਨਿਰਮਾਣ ਵਿੱਚ ਸ਼ਾਮਲ ਹੋ ਗਈ, ਜਿਸਦੇ ਨਾਲ ਅੱਧੀ ਆਬਾਦੀ ਬਹੁਤ ਗਰੀਬੀ ਵਿੱਚ ਚਲੇ ਗਈ ਸੀ।
2015 ਵਿੱਚ ਉਨ੍ਹਾਂ ਨੇ ਲਿਊਬਲੋਰਾ ਗ੍ਰੀਨ ਸਕੂਲ ਖੋਲ੍ਹਿਆ, ਜੋ ਟਿਕਾਊ ਵਿਕਾਸ ਨੂੰ ਉਤਸ਼ਾਹਿਤ ਕਰਦਾ ਹੈ ਅਤੇ ਬੱਚਿਆਂ ਨੂੰ ਬਦਲਾਅ ਦੇ ਏਜੰਟ ਬਣਨ ਲਈ ਪ੍ਰੇਰਿਤ ਕਰਦਾ ਹੈ।
ਗੈਲਹੋਸ ਇਸ ਸਮੇਂ ਤਿਮੋਰ-ਲੇਸਤੇ ਦੇ ਰਾਸ਼ਟਰਪਤੀ ਦੇ ਸਲਾਹਕਾਰ ਦੇ ਤੌਰ 'ਤੇ ਕੰਮ ਕਰ ਰਹੀ ਹੈ, ਜੋ ਔਰਤਾਂ ਦੇ ਆਰਥਿਕ ਸਸ਼ਕਤੀਕਰਨ 'ਤੇ ਧਿਆਨ ਕੇਂਦਰਿਤ ਕਰ ਰਹੇ ਹਨ ਅਤੇ LGBTQ+ ਭਾਈਚਾਰੇ ਲਈ ਇੱਕ ਪ੍ਰਮੁੱਖ ਆਵਾਜ਼ ਹਨ।
ਸਾਬਕਾ ਫੌਜੀ
ਫੌਜੀ ਔਰਤਾਂ ਨੇ 11 ਸਾਲਾ ਰੀਨਾ ਗੋਨੋਈ ਦੀ 2011 ਵਿੱਚ ਆਏ ਭੂਚਾਲ ਤੇ ਸੁਨਾਮੀ ਤੋਂ ਬਾਅਦ ਮਦਦ ਕੀਤੀ। ਇਸ ਤੋਂ ਬਾਅਦ ਉਸ ਨੇ ਜਰਾਨ ਦੀ ਸੈਲਫ ਡਿਫੈਂਸ ਫੋਰਸ ਵਿੱਚ ਸ਼ਾਮਲ ਹੋਣ ਦਾ ਸੁਪਨਾ ਦੇਖਿਆ।
ਉਹ ਇੱਕ ਅਧਿਕਾਰੀ ਬਣ ਗਈ, ਪਰ ਉਸਦੇ ਬਚਪਨ ਦੇ ਸੁਪਨੇ ਚਕਨਾਚੂਰ ਹੋ ਗਏ ਕਿਉਂਕਿ ਉਸਨੂੰ ''ਰੋਜ਼ਾਨਾ'' ਜਿਨਸੀ ਸ਼ੋਸ਼ਣ ਦਾ ਸਾਹਮਣਾ ਕਰਨਾ ਪਿਆ।
ਗੋਨੋਈ ਨੇ 2022 ਵਿੱਚ ਫੌਜ ਨੂੰ ਛੱਡ ਦਿੱਤਾ ਅਤੇ ਪ੍ਰਤੀਕਿਰਿਆ ਲਈ ਇੱਕ ਜਨਤਕ ਮੁਹਿੰਮ ਸ਼ੁਰੂ ਕੀਤੀ ਜੋ ਮਰਦ-ਪ੍ਰਧਾਨ ਸਮਾਜ ਵਿੱਚ ਇੱਕ ਮੁਸ਼ਕਲ ਕੰਮ ਹੈ, ਜਿੱਥੇ ਜਿਨਸੀ ਸ਼ੋਸ਼ਣ ਤੋਂ ਬਚਣ ਵਾਲਿਆਂ ਨੂੰ ਜੇ ਉਹ ਬੋਲਦੇ ਹਨ ਤਾਂ ਉਨ੍ਹਾਂ ਨੂੰ ਸਖ਼ਤ ਪ੍ਰਤੀਕਿਰਿਆ ਦਾ ਸਾਹਮਣਾ ਕਰਨਾ ਪੈਂਦਾ ਹੈ।
ਉਸ ਦੇ ਕੇਸ ਨੇ ਫੌਜ ਨੂੰ ਅੰਦਰੂਨੀ ਜਾਂਚ ਕਰਨ ਲਈ ਪ੍ਰੇਰਿਤ ਕੀਤਾ, ਜਿਸ ਨਾਲ ਛੇੜਛਾੜ ਦੀਆਂ 100 ਤੋਂ ਵੱਧ ਹੋਰ ਸ਼ਿਕਾਇਤਾਂ ਸਾਹਮਣੇ ਆਈਆਂ। ਰੱਖਿਆ ਮੰਤਰਾਲੇ ਨੇ ਬਾਅਦ ਵਿੱਚ ਗੋਨੋਈ ਤੋਂ ਮੁਆਫ਼ੀ ਮੰਗੀ।
ਸ਼ਰਨਾਰਥੀ ਅਧਿਕਾਰਾਂ ਲਈ ਪ੍ਰਚਾਰਕ
ਦੋਸਤੀ ਨੈੱਟਵਰਕ ਇੱਕ ਅਜਿਹਾ ਸੰਗਠਨ ਹੈ ਜੋ ਅਫ਼ਗਾਨਿਸਤਾਨ ਵਿੱਚ ਅਤੇ ਸ਼ਰਨਾਰਥੀ ਦੇ ਰੂਪ ਵਿੱਚ ਰਹਿਣ ਵਾਲੇ ਅਫ਼ਗਾਨਾਂ ਦੋਵਾਂ ਨੂੰ ਮਹੱਤਵਪੂਰਨ ਸਰੋਤ ਅਤੇ ਜਾਣਕਾਰੀ ਪ੍ਰਦਾਨ ਕਰਨ ਲਈ ਸਮਰਪਿਤ ਹੈ। ਜਿਸਨੂੰ 2021 ਵਿੱਚ ਤਾਲਿਬਾਨ ਦੇ ਕਬਜ਼ੇ ਦੇ ਪ੍ਰਤੀਕਿਰਿਆ ਵਿੱਚ ਸ਼ੁਰੂ ਕੀਤਾ ਗਿਆ ਸੀ।
ਖ਼ੁਦ ਇੱਕ ਅਫ਼ਗਾਨ ਸ਼ਰਨਾਰਥੀ ਹੋਣ ਦੇ ਨਾਤੇ ਸੰਸਥਾਪਕ ਸਮੀਆ ਟੌਰਾ ਵਿਸਥਾਪਿਤ ਵਿਅਕਤੀਆਂ ਨੂੰ ਦਰਪੇਸ਼ ਚੁਣੌਤੀਆਂ ਨੂੰ ਸਮਝਦੀ ਹੈ।
ਉਸ ਦਾ ਕੰਮ ਸ਼ਰਨਾਰਥੀ ਪੁਨਰਵਾਸ ਅਤੇ ਸੰਘਰਸ਼ ਤੋਂ ਪ੍ਰਭਾਵਿਤ ਵਿਦਿਆਰਥੀਆਂ ਲਈ ਸਿੱਖਿਆ ਤੱਕ ਪਹੁੰਚ 'ਤੇ ਕੇਂਦਰਿਤ ਹੈ।
ਸਿੱਖਿਆ ਦੀ ਪਰਿਵਰਤਨਸ਼ੀਲ ਸ਼ਕਤੀ ਨੂੰ ਪਛਾਣਦੇ ਹੋਏ, ਟੌਰਾ ਨੇ ਸੰਯੁਕਤ ਰਾਸ਼ਟਰ ਅਤੇ ਵਿਸ਼ਵ ਬੈਂਕ, ਮਲਾਲਾ ਫੰਡ ਅਤੇ ਸ਼ਮਿਟ ਫਿਊਚਰਜ਼ ਵਰਗੀਆਂ ਸੰਸਥਾਵਾਂ ਨਾਲ ਕੰਮ ਕੀਤਾ ਹੈ। ਇਸ ਭਾਈਵਾਲੀ ਜ਼ਰੀਏ, ਉਹ ਸ਼ਰਨਾਰਥੀਆਂ ਅਤੇ ਐਮਰਜੈਂਸੀ ਸੰਦਰਭਾਂ ਵਿੱਚ ਔਰਤਾਂ ਅਤੇ ਲੜਕੀਆਂ 'ਤੇ ਵਿਸ਼ੇਸ਼ ਧਿਆਨ ਦੇ ਨਾਲ ਸਿੱਖਿਆ ਤੱਕ ਪਹੁੰਚ ਦਾ ਸਮਰਥਨ ਕਰਦੀ ਹੈ।
ਸੰਸਦ ਮੈਂਬਰ
2019 ਵਿੱਚ ਡੇਹੇਨਾ ਡੇਵਿਸਨ 1885 ਵਿੱਚ ਚੋਣ ਹਲਕੇ ਦੀ ਸਿਰਜਣਾ ਤੋਂ ਬਾਅਦ ਬਿਸ਼ਪ ਆਕਲੈਂਡ ਲਈ ਪਹਿਲੀ ਕੰਜ਼ਰਵੇਟਿਵ ਸੰਸਦ ਮੈਂਬਰ ਬਣੀ। ਉਹ ਸਮਾਜਿਕ ਗਤੀਸ਼ੀਲਤਾ ਅਤੇ ਉਥਾਨ 'ਤੇ ਧਿਆਨ ਕੇਂਦਰਿਤ ਕਰਦੇ ਹੋਏ, 2022 ਵਿੱਚ ਲੈਵਲਿੰਗ ਅੱਪ ਮੰਤਰੀ ਬਣੀ।
ਉਸ ਨੇ ਆਪਣੇ ਪੁਰਾਣੇ ਮਾਈਗਰੇਨ ਦੇ ਨਿਦਾਨ ਬਾਰੇ ਖੁੱਲ੍ਹ ਕੇ ਗੱਲ ਕਰਦਿਆਂ ਸਤੰਬਰ 2023 ਵਿੱਚ ਅਸਤੀਫ਼ਾ ਦੇ ਦਿੱਤਾ।
ਜਦੋਂ ਡੇਵਿਸਨ 13 ਸਾਲ ਦੀ ਸੀ, ਤਾਂ ਉਸਦੇ ਪਿਤਾ ਦੀ ਇੱਕ ਮੁੱਕਾ ਮਾਰਨ ਨਾਲ ਮੌਤ ਹੋ ਗਈ ਸੀ, ਜਿਸ ਨਾਲ ਰਾਜਨੀਤੀ ਵਿੱਚ ਉਸ ਦੀ ਯਾਤਰਾ ਸ਼ੁਰੂ ਹੋ ਗਈ। ਉਸ ਨੇ 'ਵਨ ਪੰਚ ਅਸਾਲਟਸ' 'ਤੇ ਸਰਵਦਲੀ ਸੰਸਦੀ ਗਰੁੱਪ ਦੀ ਸਥਾਪਨਾ ਕੀਤੀ ਅਤੇ ਨਿਆਂ ਅਤੇ ਸਜ਼ਾ ਸੁਧਾਰ ਲਈ 'ਵਨ ਪੰਚ ਯੂਕੇ' ਨਾਲ ਮੁਹਿੰਮਾਂ ਚਲਾਈਆਂ।
ਉਹ ਪੁਰਾਣੀ ਮਾਈਗਰੇਨ ਦੇ ਇਲਾਜ ਲਈ ਤਰੀਕਿਆਂ ਨੂੰ ਸੁਧਾਰਨ ਅਤੇ ਹਮਲਾਵਰ ਲੋਬੂਲਰ ਕੈਂਸਰ ਲਈ ਵਧੇਰੇ ਖੋਜ ਫੰਡਿੰਗ ਲਈ ਮੁਹਿੰਮ ਚਲਾਉਣ 'ਤੇ ਧਿਆਨ ਕੇਂਦਰਿਤ ਕਰ ਰਹੀ ਹੈ।
ਅਪੰਗਤਾ ਅਧਿਕਾਰ ਪ੍ਰਚਾਰਕ
ਹੀਰੋ ਵੂਮੈਨ ਰਾਈਜ਼ਿੰਗ ਜਾਂ ਮਾਮਾ ਸ਼ੁਜਾ ਨੈੱਟਵਰਕ ਦਾ ਉਦੇਸ਼ ਡੀਆਰਸੀ ਵਿੱਚ ਔਰਤਾਂ ਅਤੇ ਕਿਸ਼ੋਰ ਲੜਕੀਆਂ ਲਈ ਰਹਿਣ ਦੀਆਂ ਸਥਿਤੀਆਂ ਵਿੱਚ ਸੁਧਾਰ ਕਰਨਾ ਹੈ।
ਅਪੰਗਤਾ ਅਧਿਕਾਰ ਕਾਰਕੁਨ ਨੀਮਾ ਨਮਾਦਾਮੂ ਨੇ ਜ਼ਮੀਨੀ ਪੱਧਰ 'ਤੇ ਸੰਗਠਨ ਦੀ ਸਥਾਪਨਾ ਕੀਤੀ, ਜੋ ਔਰਤਾਂ ਦੀ ਆਵਾਜ਼ ਨੂੰ ਬੁਲੰਦ ਕਰਨ ਅਤੇ ਉਨ੍ਹਾਂ ਨੂੰ ਆਪਣੇ ਅਧਿਕਾਰਾਂ ਦੀ ਵਕਾਲਤ ਕਰਨ ਲਈ ਸਿੱਖਿਆ ਅਤੇ ਤਕਨਾਲੋਜੀ ਦੀ ਵਰਤੋਂ ਕਰਦੀ ਹੈ।
ਪੂਰਬੀ ਕਾਂਗੋ ਦੇ ਇੱਕ ਦੂਰ-ਦੁਰਾਡੇ ਇਲਾਕੇ ਵਿੱਚ ਪੈਦਾ ਹੋਈ ਨਮਾਦਾਮੂ ਨੂੰ ਦੋ ਸਾਲ ਦੀ ਉਮਰ ਵਿੱਚ ਪੋਲੀਓ ਹੋ ਗਿਆ ਸੀ। ਉਹ ਯੂਨੀਵਰਸਿਟੀ ਤੋਂ ਗ੍ਰੈਜੂਏਟ ਹੋਣ ਵਾਲੀ ਆਪਣੇ ਨਸਲੀ ਸਮੂਹ ਤੋਂ ਪਹਿਲੀ ਅਪਾਹਜ ਮਹਿਲਾ ਸੀ।
ਉਹ ਸੰਸਦ ਦੀ ਮੈਂਬਰ ਬਣੀ ਅਤੇ ਦੇਸ਼ ਦੇ ਲਿੰਗ ਅਤੇ ਪਰਿਵਾਰ ਬਾਰੇ ਮੰਤਰੀ ਦੀ ਸਲਾਹਕਾਰ ਰਹੀ ਹੈ।
ਡਿਪਲੋਮੈਟ ਅਤੇ ਜਲਵਾਯੂ ਨੀਤੀ ਵਾਰਤਾਕਾਰ
ਜਦੋਂ 2009 ਵਿੱਚ ਕੋਪੇਨਹੇਗਨ ਵਿੱਚ ਸੰਯੁਕਤ ਰਾਸ਼ਟਰ ਜਲਵਾਯੂ ਸਿਖਰ ਸੰਮੇਲਨ ਵਿੱਚ ਗੱਲਬਾਤ ਰੁਕ ਗਈ, ਤਾਂ ਇੱਕ ਸਮੱਸਿਆ ਦੇ ਹੱਲ ਲਈ ਕ੍ਰਿਸਟੀਆਨਾ ਫਿਗਰੇਸ ਨੂੰ ਲਿਆਂਦਾ ਗਿਆ।
ਜਲਵਾਯੂ ਪਰਿਵਰਤਨ 'ਤੇ ਸੰਯੁਕਤ ਰਾਸ਼ਟਰ ਫਰੇਮਵਰਕ ਕਨਵੈਨਸ਼ਨ ਦੀ ਕਾਰਜਕਾਰੀ ਸਕੱਤਰ ਨਿਯੁਕਤ ਕੀਤੀ ਗਈ, ਫਿਗਰੇਸ ਨੇ ਸਾਂਝੀ ਜਲਵਾਯੂ ਰਣਨੀਤੀ 'ਤੇ ਰਾਸ਼ਟਰਾਂ ਦੀ ਸਹਿਮਤੀ ਨੂੰ ਯਕੀਨੀ ਬਣਾਉਣ ਲਈ ਇੱਕ ਯੋਜਨਾ ਵਿਕਸਿਤ ਕਰਨ ਲਈ ਅਗਲੇ ਛੇ ਸਾਲ ਬਿਤਾਏ।
ਅੰਸ਼ਿਕ ਤੌਰ 'ਤੇ ਉਸ ਦੇ ਕੰਮ ਦੇ ਮੱਦੇਨਜ਼ਰ ਲਗਭਗ 200 ਪਾਰਟੀਆਂ ਨੇ ਇਤਿਹਾਸਕ 2015 ਪੈਰਿਸ ਸਮਝੌਤੇ 'ਤੇ ਹਸਤਾਖਰ ਕੀਤੇ - ਇੱਕ ਅੰਤਰਰਾਸ਼ਟਰੀ ਸੰਧੀ ਜੋ ਔਸਤ ਗਲੋਬਲ ਤਾਪਮਾਨ ਵਿੱਚ ਵਾਧੇ ਨੂੰ ਪੂਰਵ-ਉਦਯੋਗਿਕ ਪੱਧਰਾਂ ਤੋਂ ਉੱਪਰ 2.0C ਤੋਂ "ਕਾਫ਼ੀ ਹੇਠਾਂ'' ਰੱਖਣ ਦੀ ਵਚਨਬੱਧਤਾ ਨੂੰ ਨਿਰਧਾਰਤ ਕਰਦੀ ਹੈ।
ਫਿਗਰੇਸ ਗਲੋਬਲ ਆਪਟੀਮਿਜ਼ਮ ਦੀ ਸਹਿ-ਸੰਸਥਾਪਕ ਹੈ। ਇਹ ਅਜਿਹੀ ਸੰਸਥਾ ਹੈ ਜੋ ਵਿਵਹਾਰਕ ਜਲਵਾਯੂ ਸਮਾਧਾਨ ਅਪਣਾਉਣ ਲਈ ਕਾਰੋਬਾਰਾਂ ਨਾਲ ਮਿਲ ਕੇ ਕੰਮ ਕਰਦੀ ਹੈ।
ਕਦੇ-ਕਦੇ ਮੈਂ ਗ਼ਮ ਵਿੱਚ ਡੁੱਬ ਜਾਂਦੀ ਹਾਂ ਅਤੇ ਆਪਣੀਆਂ ਭਾਵਨਾਵਾਂ ਕਾਰਨ ਅਧਰੰਗ ਹੋਏ ਵਰਗੀ ਜਿਹੀ ਮਹਿਸੂਸ ਕਰਦੀ ਹਾਂ, ਕੰਮ ਕਰਨ ਵਿੱਚ ਅਸਮਰੱਥ ਹੁੰਦੀ ਹਾਂ। ਕਈ ਵਾਰ ਮੈਨੂੰ ਗੁੱਸਾ ਆਉਂਦਾ ਹੈ ਅਤੇ ਮੈਂ ਆਪਣੀਆਂ ਭਾਵਨਾਵਾਂ ਨਾਲ ਲਬਾਲਬ ਹੋ ਜਾਂਦੀ ਹਾਂ, ਮੈਂ ਪ੍ਰਤੀਕਿਰਿਆ ਮੋਡ ਵਿੱਚ ਹਮਲਾ ਕਰਨਾ ਚਾਹੁੰਦੀ ਹਾਂ। ਪਰ ਸਭ ਤੋਂ ਵਧੀਆ ਦਿਨਾਂ ਵਿੱਚ, ਮੈਂ ਆਪਣੇ ਦਰਦ ਅਤੇ ਗੁੱਸੇ ਦੀ ਵਰਤੋਂ ਆਪਣੀਆਂ ਭਾਵਨਾਵਾਂ ਦੀ ਜੜ੍ਹ ਵਿੱਚ ਖ਼ੁਦ ਨੂੰ ਸਥਾਪਿਤ ਕਰਨ ਲਈ ਕਰਦੀ ਹਾਂ। ਉਨ੍ਹਾਂ ਨੂੰ ਤਾਕਤ, ਪਿਆਰ ਅਤੇ ਚਾਹੀ ਖੁਸ਼ੀ ਨਾਲ ਕੰਮ ਕਰਨ ਲਈ ਗਹਿਰੀ ਵਚਨਬੱਧਤਾ ਵਿੱਚ ਬਦਲਦੀ ਹਾਂ, ਉਸ ਬਿਹਤਰ ਦੁਨੀਆ ਦਾ ਸਹਿ-ਨਿਰਮਾਣ ਕਰਦੀ ਹਾਂ ਜਿਸਨੂੰ ਅਸੀਂ ਸਾਰੇ, ਸਾਡੇ ਬੱਚੇ ਅਤੇ ਉਨ੍ਹਾਂ ਦੇ ਵੰਸ਼ਜ ਚਾਹੁੰਦੇ ਹਾਂ।
ਕ੍ਰਿਸਟੀਆਨਾ ਫਿਗਰੇਸ
ਵਕੀਲ
ਯੇਲ ਪੇਸ਼ੇ ਵਜੋਂ ਵਕੀਲ ਹੈ ਜੋ ਵੂਮੈਨ ਵੇਜ ਪੀਸ (ਡਬਲਯੂਡਬਲਯੂਪੀ) ਵਿੱਚ ਸਹਿ-ਨਿਰਦੇਸ਼ਕ ਹੈੇ। ਜੋ ਸ਼ਾਂਤੀ ਲਈ ਅਭਿਆਨ ਚਲਾਉਂਦੀ ਹੈ। ਉਸ ਦੇ ਸੰਗਠਨ ਵਿੱਚ 50 ਹਜ਼ਾਰ ਤੋਂ ਜ਼ਿਆਦਾ ਮੈਂਬਰ ਹਨ ਜੋ ਜ਼ਮੀਨੀ ਪੱਧਰ 'ਤੇ ਇਜ਼ਰਾਈਲ ਵਿੱਚ ਸ਼ਾਂਤੀ ਬਹਾਲੀ ਲਈ ਕੰਮ ਕਰ ਰਹੇ ਹਨ।
2014 ਵਿੱਚ ਸਥਾਪਿਤ ਡਬਲਯੂਡਬਲਯੂਪੀ ਸ਼ਾਂਤੀ ਪ੍ਰਕਿਰਿਆ ਵਿੱਚ ਔਰਤਾਂ ਦੀ ਭੂਮਿਕਾ 'ਤੇ ਜ਼ੋਰ ਦਿੰਦੇ ਹੋਏ, ਇਜ਼ਰਾਈਲ-ਫਲਸਤੀਨੀ ਸੰਘਰਸ਼ ਦਾ ਗੱਲਬਾਤ ਜ਼ਰੀਏ ਸਿਆਸੀ ਹੱਲ ਚਾਹੁੰਦੀ ਹੈ।
ਪਿਛਲੇ ਦੋ ਸਾਲਾਂ ਤੋਂ ਉਨ੍ਹਾਂ ਦੀ ਸੰਸਥਾ ਫਲਸਤੀਨੀ ਔਰਤਾਂ ਦੇ ਸੰਗਠਨ 'ਵੂਮੈਨ ਆਫ ਦਿ ਸਨ' ਨਾਲ ਸਹਿਯੋਗ ਕਰ ਰਹੀ ਹੈ।
ਬਰੂਡੋ ਬਾਹਤ ਸੰਗਠਨ ਦੀ ਸਹਿ ਸੰਸਥਾਪਕ ਵਿਵੀਅਨ ਸਿਲਵਰ ਨੂੰ ਆਪਣਾ ਮਾਰਗਦਰਸ਼ਕ ਦੱਸਦੀ ਹੈ। ਵਿਵੀਅਨ ਨੇ ਆਪਣੇ ਜੀਵਨ ਦੇ ਕਈ ਦਹਾਕੇ ਇਜ਼ਰਾਈਲੀਆਂ ਅਤੇ ਫਲਸਤੀਨੀਆਂ ਵਿਚਕਾਰ ਸ਼ਾਂਤੀ ਅਤੇ ਆਪਸੀ ਸਮਝ ਨੂੰ ਉਤਸ਼ਾਹਿਤ ਕਰਨ ਲਈ ਸਮਰਪਿਤ ਕਰ ਦਿੱਤੇ। 7 ਅਕਤੂਬਰ 2023 ਨੂੰ ਹਮਾਸ ਦੇ ਹਮਲੇ ਵਿੱਚ ਵਿਵੀਅਨ ਦੀ ਮੌਤ ਹੋ ਗਈ।
Politics4Her ਦੀ ਸੰਸਥਾਪਕ
ਲਿੰਗ ਸਮਾਨਤਾ ਨੂੰ ਅੱਗੇ ਵਧਾਉਣ ਲਈ ਸਮਰਪਿਤ, ਯਾਸਮੀਨਾ ਬੇਂਸਿਲਮੇਨ ਨੇ Politics4Her ਦੀ ਸਥਾਪਨਾ ਕੀਤੀ, ਜੋ ਰਾਜਨੀਤਿਕ ਅਤੇ ਫੈਸਲਾ ਲੈਣ ਦੀਆਂ ਪ੍ਰਕਿਰਿਆਵਾਂ ਵਿੱਚ ਨੌਜਵਾਨ ਔਰਤਾਂ ਅਤੇ ਲੜਕੀਆਂ ਦੀ ਭਾਗੀਦਾਰੀ ਨੂੰ ਉਤਸ਼ਾਹਿਤ ਕਰਦੀ ਹੈ।
ਜਦੋਂ ਸਤੰਬਰ ਵਿੱਚ ਉਸਦੇ ਗ੍ਰਹਿ ਦੇਸ਼ ਮੋਰੋਕੋ ਵਿੱਚ ਵਿਨਾਸ਼ਕਾਰੀ ਭੂਚਾਲ ਆਇਆ ਤਾਂ ਬੇਂਸਿਲਮੇਨ ਅਤੇ ਉਸ ਦੀ ਸੰਸਥਾ ਨੇ ਲਿੰਗ-ਸੰਵੇਦਨਸ਼ੀਲ ਰਾਹਤ ਪ੍ਰਤੀਕਿਰਿਆ ਦਾ ਸੱਦਾ ਦਿੱਤਾ।
ਉਸ ਨੇ ਇੱਕ ਮੈਨੀਫੈਸਟੋ ਪ੍ਰਕਾਸ਼ਿਤ ਕੀਤਾ ਜਿਸ ਵਿੱਚ ਔਰਤਾਂ ਅਤੇ ਲੜਕੀਆਂ ਲਈ ਖਾਸ ਚੁਣੌਤੀਆਂ ਦੀ ਪਛਾਣ ਕੀਤੀ ਗਈ ਸੀ ਜੋ ਆਫ਼ਤ ਕਾਰਨ ਹੋਰ ਜ਼ਿਆਦਾ ਵਧਣ ਗੀਆਂ ਜਿਵੇਂ ਕਿ ਗਰੀਬੀ ਅਤੇ ਜ਼ਬਰੀ ਵਿਆਹ।
ਕਈ ਗੈਰ-ਲਾਭਕਾਰੀ ਸੰਸਥਾਵਾਂ ਲਈ ਮੈਂਟਰ, ਸਲਾਹਕਾਰ ਅਤੇ ਬੋਰਡ ਮੈਂਬਰ ਵਜੋਂ, ਉਹ ਨੌਜਵਾਨ ਔਰਤਾਂ ਨੂੰ ਉਨ੍ਹਾਂ ਦੇ ਲੀਡਰਸ਼ਿਪ ਹੁਨਰ ਵਿਕਸਿਤ ਕਰਨ ਵਿੱਚ ਮਦਦ ਕਰਦੀ ਹੈ। ਉਸ ਦੇ ਕੰਮ ਨੇ ਉਸ ਨੂੰ ਸੰਯੁਕਤ ਰਾਸ਼ਟਰ ਮਹਿਲਾ ਸ਼ਾਂਤੀ-ਨਿਰਮਾਤਾ ਪੁਰਸਕਾਰ ਪ੍ਰਾਪਤ ਕਰਵਾਇਆ।
ਬਾਲ ਵਿਆਹ ਵਿਰੁੱਧ ਮੁਹਿੰਮ ਕਰਤਾ
ਉਲੰਦਾ ਮਤੰਬਾ ਦਾ ਮਲਾਵੀ ਦੇ ਲਿਲੋਂਗਵੇ ਵਿੱਚ ਇੱਕ ਸਮੁਦਾਏ ਵਿੱਚ ਪਾਲਣ ਪੋਸ਼ਣ ਹੋਇਆ, ਜਿਸ ਨੇ ਔਰਤਾਂ ਦੀ ਸਿੱਖਿਆ ਲਈ ਬਹੁਤ ਘੱਟ ਸਮਰਥਨ ਦਿੱਤਾ। ਬਹੁਤ ਸਾਰੀਆਂ ਕੁੜੀਆਂ 'ਤੇ 18 ਸਾਲ ਦੀ ਉਮਰ ਤੋਂ ਪਹਿਲਾਂ ਵਿਆਹ ਕਰਨ ਲਈ ਸਕੂਲ ਛੱਡਣ ਲਈ ਦਬਾਅ ਪਾਇਆ ਗਿਆ।
ਮਤੰਬਾ ਨੇ ਆਪਣੇ ਸਮੁਦਾਏ ਦੀ ਅਜਿਹੀ ਸਥਿਤੀ ਨੂੰ ਚੁਣੌਤੀ ਦਿੱਤੀ ਅਤੇ ਨਾ ਸਿਰਫ਼ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਦੀ ਡਿਗਰੀ ਪ੍ਰਾਪਤ ਕੀਤੀ, ਸਗੋਂ ਮਾਸਟਰ ਡਿਗਰੀ ਵੀ ਪ੍ਰਾਪਤ ਕੀਤੀ।
ਉਹ ਉਨ੍ਹਾਂ ਮੌਜੂਦਾ ਕਾਨੂੰਨਾਂ ਨੂੰ ਲਾਗੂ ਕਰਨ ਦਾ ਸਮਰਥਨ ਕਰਦੀ ਹੈ ਜੋ ਲੜਕੀਆਂ ਨੂੰ ਘੱਟ ਉਮਰ ਵਿੱਚ ਵਿਆਹ ਕਰਨ ਤੋਂ ਬਚਾਉਂਦੇ ਹਨ। ਨਾਲ ਹੀ ਉਹ ਘੱਟ ਉਮਰ ਵਿੱਚ ਗਰਭ ਧਾਰਨ ਨਾਲ ਜੁੜੇ ਸਿਹਤ ਜੋਖਮਾਂ ਨੂੰ ਹੱਲ ਕਰਨ ਲਈ ਨਿਵੇਸ਼ ਵਧਾਉਣ ਦਾ ਵੀ ਸਮਰਥਨ ਕਰਦੀ ਹੈ।
ਉਹ ਵਰਤਮਾਨ ਵਿੱਚ 'ਏਜ ਅਫ਼ਰੀਕਾ' ਲਈ ਮਲਾਵੀ ਦੀ ਕੰਟਰੀ ਡਾਇਰੈਕਟਰ ਵਜੋਂ ਕੰਮ ਕਰ ਰਹੇ ਹਨ। ਇਹ ਇੱਕ ਅਜਿਹੀ ਸੰਸਥਾ ਹੈ ਜੋ ਮਹਾਂਦੀਪ ਦੀਆਂ ਸਾਰੀਆਂ ਲੜਕੀਆਂ ਲਈ ਸੈਕੰਡਰੀ ਸਕੂਲ ਤੱਕ ਬਰਾਬਰ ਪਹੁੰਚ ਚਾਹੁੰਦੀ ਹੈ।
ਪੱਤਰਕਾਰ
18 ਸਾਲ ਦੀ ਉਮਰ ਤੋਂ ਜਾਰਜੀਆ ਦੇ ਜਨਤਕ ਪ੍ਰਸਾਰਣ ਨੈੱਟਵਰਕ ਦਾ ਇੱਕ ਚਿਹਰਾ, ਟੀਵੀ ਸ਼ਖਸੀਅਤ ਤਾਮਰ ਮੁਸੇਰਿਦਜ਼ੇ - ਜਿਸ ਨੂੰ ਤਾਮੁਨਾ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ - ਉਸ ਕੋਲ ਆਪਣੇ ਲਈ ਸਭ ਕੁਝ ਸੀ। ਪਰ 31 ਸਾਲ ਦੀ ਉਮਰ ਵਿੱਚ ਉਸ ਦਾ ਜੀਵਨ ਕਾਫ਼ੀ ਬਦਲ ਗਿਆ, ਜਦੋਂ ਉਸ ਨੂੰ ਪਤਾ ਲੱਗਾ ਕਿ ਉਸ ਨੂੰ ਗੋਦ ਲਿਆ ਗਿਆ ਸੀ।
ਉਸ ਨੇ ਆਪਣੇ ਜੈਵਿਕ ਮਾਤਾ-ਪਿਤਾ ਦੀ ਖੋਜ ਕਰਨ ਲਈ ਸਭ ਕੁਝ ਛੱਡ ਦਿੱਤਾ ਅਤੇ ਆਪਣੀ ਖੋਜ ਦੌਰਾਨ ਉਸ ਨੂੰ ਇਸ ਗੱਲ ਦੇ ਸਬੂਤ ਮਿਲੇ ਕਿ 1950 ਦੇ ਦਹਾਕੇ ਤੋਂ ਜਾਰਜੀਆ ਵਿੱਚ ਵੱਡੇ ਪੱਧਰ 'ਤੇ ਬਲੈਕ-ਮਾਰਕੀਟ ਵਿੱਚ ਗੋਦ ਲੈਣ ਦਾ ਕੰਮ ਚੱਲ ਰਿਹਾ ਸੀ।
ਉਸ ਨੇ ਫੇਸਬੁੱਕ ਗਰੁੱਪ 'ਆਈ ਐੱਮ ਸਰਚਿੰਗ' ਦੀ ਸਥਾਪਨਾ ਕੀਤੀ, ਜਿਸ ਨਾਲ ਗੈਰ-ਕਾਨੂੰਨੀ ਬੱਚਾ ਗੋਦ ਲੈਣ ਬਾਰੇ ਰਾਸ਼ਟਰੀ ਪੱਧਰ 'ਤੇ ਚਰਚਾ ਸ਼ੁਰੂ ਹੋ ਗਈ, ਜਿਸ ਵਿੱਚ ਜ਼ਿਆਦਾਤਰ ਜਣੇਪਾ ਹਸਪਤਾਲਾਂ ਤੋਂ ਲਏ ਗਏ ਬੱਚੇ ਸ਼ਾਮਲ ਸਨ।
ਮੁਸੇਰਿਦਜ਼ੇ ਦੀ ਸੰਸਥਾ ਨੇ ਸੈਂਕੜੇ ਪਰਿਵਾਰਾਂ ਨੂੰ ਫਿਰ ਤੋਂ ਜੋੜਨ ਵਿੱਚ ਮਦਦ ਕੀਤੀ ਹੈ, ਪਰ ਉਹ ਅਜੇ ਵੀ ਆਪਣੇ ਪਰਿਵਾਰ ਦੀ ਤਲਾਸ਼ ਕਰ ਰਹੀ ਹੈ।
ਮਹਿਲਾ ਅਧਿਕਾਰ ਅਤੇ ਜਲਵਾਯੂ ਕਾਰਕੁਨ
ਅਲਮਾਸਰ ਲਾਇਬ੍ਰੇਰੀ ਸੈਂਟਰ ਦੀ ਸੰਸਥਾਪਕ, ਨਜਲਾ ਮੁਹੰਮਦ-ਲਾਮੀਨ ਦੱਖਣ-ਪੱਛਮੀ ਅਲਜੀਰੀਆ ਵਿੱਚ ਸਹਾਰਵੀ ਸ਼ਰਨਾਰਥੀ ਕੈਂਪਾਂ ਵਿੱਚ ਔਰਤਾਂ ਅਤੇ ਬੱਚਿਆਂ ਨੂੰ ਸਿਹਤ ਅਤੇ ਵਾਤਾਵਰਨ ਬਾਰੇ ਸਿੱਖਿਅਤ ਕਰਨਾ ਚਾਹੁੰਦੀ ਹੈ।
ਉਹ ਮੂਲ ਰੂਪ ਵਿੱਚ ਪੱਛਮੀ ਸਹਾਰਾ ਤੋਂ ਹੈ ਜੋ 1975 ਤੋਂ ਮੋਰੱਕੋ ਦੇ ਕਬਜ਼ੇ ਹੇਠ ਇੱਕ ਸਾਬਕਾ ਸਪੈਨਿਸ਼ ਬਸਤੀ ਸੀ। ਉੱਥੇ ਹੋਈ ਹਿੰਸਾ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ਨੂੰ ਜਲਾਵਤਨੀ ਲਈ ਮਜਬੂਰ ਹੋਣਾ ਪਿਆ।
ਕੈਂਪਾਂ ਵਿੱਚ ਜੰਮੀ ਅਤੇ ਵੱਡੀ ਹੋਈ, ਮੁਹੰਮਦ-ਲਾਮੀਨ ਨੇ ਅੱਲ੍ਹੜ ਉਮਰ ਵਿੱਚ ਅੰਗਰੇਜ਼ੀ ਸਿੱਖੀ, ਵਿਦੇਸ਼ੀ ਡੈਲੀਗੇਸ਼ਨਾਂ ਲਈ ਅਨੁਵਾਦ ਕੀਤਾ ਅਤੇ ਉਹ ਆਪਣੀ ਟਿਊਸ਼ਨ ਫੀਸ ਲਈ ਕਰਾਉਡ ਫੰਡਿੰਗ ਤੋਂ ਬਾਅਦ ਵਿਦੇਸ਼ ਵਿੱਚ ਪੜ੍ਹਾਈ ਕਰਨ ਦੇ ਯੋਗ ਬਣੀ।
ਟਿਕਾਊ ਵਿਕਾਸ ਅਤੇ ਮਹਿਲਾ ਅਧਿਐਨ ਵਿੱਚ ਗ੍ਰੈਜੂਏਟ ਹੋਣ ਤੋਂ ਬਾਅਦ, ਉਹ 200,000 ਤੋਂ ਵੱਧ ਸਹਾਰਾਵੀ ਸ਼ਰਨਾਰਥੀਆਂ ਨੂੰ ਜਲਵਾਯੂ ਪਰਿਵਰਤਨ ਕਾਰਨ ਬਦਤਰ ਬਣੇ ਪਾਣੀ ਅਤੇ ਭੋਜਨ ਦੀ ਅਸੁਰੱਖਿਆ ਨਾਲ ਨਜਿੱਠਣ ਵਿੱਚ ਮਦਦ ਕਰਨ ਲਈ ਕੈਂਪਾਂ ਵਿੱਚ ਪਰਤ ਆਈ।
ਸਾਨੂੰ ਇੱਕ ਮਾਰੂਥਲ ਖੇਤਰ ਵਿੱਚ ਜਲਵਾਯੂ ਪਰਿਵਰਤਨ ਦੇ ਵਧ ਰਹੇ ਪ੍ਰਭਾਵਾਂ ਦਾ ਸਾਹਮਣਾ ਕਰਨਾ ਹੋਵੇਗਾ, ਜਿੱਥੇ ਸਾਡੇ ਘਰ ਨਿਯਮਤ ਤੌਰ 'ਤੇ ਹੜ੍ਹ ਅਤੇ ਰੇਤਲੇ ਤੂਫਾਨਾਂ ਦੁਆਰਾ ਤਬਾਹ ਹੋ ਜਾਂਦੇ ਹਨ। ਸਾਡੇ ਲੋਕ ਬਹੁਤ ਜ਼ਿਆਦਾ ਤਾਪਮਾਨ ਵਿੱਚ ਤੰਗ ਹੁੰਦੇ ਹਨ। ਇਹ ਸਭ ਉਦੋਂ ਹੈ ਜਦੋਂ ਸਾਡੇ ਲੋਕਾਂ ਨੇ ਜਲਵਾਯੂ ਸੰਕਟ ਵਿੱਚ ਮੁੱਖ ਤੌਰ 'ਤੇ ਕੁਝ ਵੀ ਯੋਗਦਾਨ ਨਹੀਂ ਪਾਇਆ।
ਨਜਲਾ ਮੁਹੰਮਦ-ਲਾਮੀਨ
ਸਾਬਕਾ ਸਿਆਸਤਦਾਨ ਅਤੇ ਸ਼ਾਂਤੀ ਵਾਰਤਾਕਾਰ
ਇਸ ਸਾਲ ਉੱਤਰੀ ਆਇਰਲੈਂਡ ਦੇ ਗੁੱਡ ਫਰਾਈਡੇ ਸਮਝੌਤੇ 'ਤੇ ਹਸਤਾਖਰ ਕਰਨ ਨੂੰ 25 ਸਾਲ ਪੂਰੇ ਹੋ ਗਏ ਹਨ। ਮੋਨਿਕਾ ਮੈਕਵਿਲੀਅਮਜ਼ ਨੇ ਬਹੁਦਲੀ ਸ਼ਾਂਤੀ ਵਾਰਤਾ ਦੌਰਾਨ ਮੁੱਖ ਵਾਰਤਾਕਾਰ ਦੇ ਤੌਰ 'ਤੇ ਮਹੱਤਵਪੂਰਨ ਭੂਮਿਕਾ ਨਿਭਾਈ ਜਿਸ ਕਾਰਨ ਸਮਝੌਤਾ ਹੋਇਆ।
ਉਸ ਨੇ ਉੱਤਰੀ ਆਇਰਲੈਂਡ ਮਹਿਲਾ ਗੱਠਜੋੜ ਦੀ ਸਹਿ-ਸਥਾਪਨਾ ਕੀਤੀ, ਜੋ ਇੱਕ ਰਾਜਨੀਤਿਕ ਪਾਰਟੀ ਸੀ ਜਿਸ ਨੇ ਸੰਪਰਦਾਇਕ ਪਾੜੇ ਨੂੰ ਪਾਰ ਕੀਤਾ, ਜਿਸ ਨੇ ਸ਼ਾਂਤੀ ਸੰਧੀ ਵਿੱਚ ਮਹੱਤਵਪੂਰਣ ਵਿਵਸਥਾਵਾਂ ਪੇਸ਼ ਕੀਤੀਆਂ।
ਉਹ ਪਹਿਲੀ ਉੱਤਰੀ ਆਇਰਲੈਂਡ ਵਿਧਾਨ ਸਭਾ ਲਈ ਚੁਣੀ ਗਈ ਅਤੇ ਉੱਤਰੀ ਆਇਰਲੈਂਡ ਮਨੁੱਖੀ ਅਧਿਕਾਰ ਕਮਿਸ਼ਨ ਦੀ ਮੁੱਖ ਕਮਿਸ਼ਨਰ ਵਜੋਂ, ਉਸ ਨੇ ਉੱਤਰੀ ਆਇਰਲੈਂਡ ਲਈ ਅਧਿਕਾਰਾਂ ਦੇ ਬਿੱਲ ਬਾਰੇ ਸਲਾਹ ਦਾ ਖਰੜਾ ਤਿਆਰ ਕੀਤਾ।
ਮੈਕਵਿਲੀਅਮਜ਼ ਵਰਤਮਾਨ ਵਿੱਚ ਹਥਿਆਰਬੰਦ ਸਮੂਹਾਂ ਨੂੰ ਭੰਗ ਕਰਨ ਲਈ ਇੱਕ ਕਮਿਸ਼ਨਰ ਵਜੋਂ ਕੰਮ ਕਰਦੀ ਹੈ ਅਤੇ ਉਸ ਨੇ ਔਰਤਾਂ ਵਿਰੁੱਧ ਹਿੰਸਾ 'ਤੇ ਵਿਆਪਕ ਤੌਰ 'ਤੇ ਪ੍ਰਕਾਸ਼ਨ ਕੀਤਾ ਹੈ।
ਲੇਖਕ ਅਤੇ ਕਲਾਕਾਰ
ਸੇਪੀਦੇਹ ਰਾਸ਼ਨੂ ਇਰਾਨ ਵਿੱਚ ਲਾਜ਼ਮੀ ਤੌਰ 'ਤੇ ਹਿਜਾਬ ਪਹਿਨਣ ਦੇ ਨਿਯਮਾਂ ਦੇ ਵਿਰੋਧ ਲਈ ਜਾਣੀ ਜਾਂਦੀ ਹੈ।
ਸਿਰ ਢੱਕਣ ਲਈ ਦਬਾਅ ਬਣਾ ਰਹੀ ਔਰਤ ਨਾਲ ਬੱਸ ਵਿੱਚ ਝਗੜੇ ਤੋਂ ਬਾਅਦ, ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
ਹਿਰਾਸਤ ਵਿੱਚ ਹੋਣ ਦੇ ਬਾਵਜੂਦ ਉਹ ਸਰਕਾਰੀ ਟੀਵੀ 'ਤੇ ਜ਼ਖ਼ਮੀ ਹੋਏ ਚਿਹਰੇ ਨਾਲ ਆਪਣੇ ਵਿਵਹਾਰ ਲਈ 'ਮੁਆਫ਼ੀ' ਮੰਗਦਿਆਂ ਦਿਖਾਈ ਦਿੱਤੀ। ਇਹ ਜੁਲਾਈ 2022 ਦੀ ਗੱਲ ਹੈ। ਇਸ ਤੋਂ ਕੁਝ ਹਫ਼ਤੇ ਪਹਿਲਾਂ 22 ਸਾਲਾ ਮਹਿਸਾ ਅਮੀਨੀ ਦੀ ਈਰਾਨ ਦੀ ਨੈਤਿਕਤਾ ਪੁਲਿਸ ਹਿਰਾਸਤ ਵਿੱਚ ਮੌਤ ਹੋ ਗਈ ਸੀ।
ਇਸ ਸਾਲ ਦੀ ਸ਼ੁਰੂਆਤ ਵਿੱਚ ਰਾਸ਼ਨੂ ਨੂੰ ਬਿਨਾਂ ਹੈੱਡ ਸਕਾਰਫ਼ ਦੇ ਆਪਣੀਆਂ ਤਸਵੀਰਾਂ ਔਨਲਾਈਨ ਸ਼ੇਅਰ ਕਰਨ ਤੋਂ ਬਾਅਦ ਮੁਕੱਦਮਾ ਦਰਜ ਕੀਤਾ ਗਿਆ ਸੀ। ਉਸ ਦਾ ਕਹਿਣਾ ਹੈ ਕਿ ਉਸ ਨੂੰ ਉਸ ਦੀ ਸਰਗਰਮੀ ਦੇ ਕਾਰਨ ਯੂਨੀਵਰਸਿਟੀ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ।
ਉਹ ਇਸ ਸਮੇਂ ਜੇਲ੍ਹ ਤੋਂ ਬਾਹਰ ਹੈ ਅਤੇ ਲਾਜ਼ਮੀ ਤੌਰ 'ਤੇ ਹਿਜਾਬ ਪਹਿਨਣ ਦੇ ਨਿਯਮਾਂ ਦੀ ਉਲੰਘਣਾ ਕਰ ਰਹੀ ਹੈ।
ਨਾਰੀਵਾਦੀ ਨੇਤਾ
1970 ਦੇ ਦਹਾਕੇ ਤੋਂ ਆਲਮੀ ਨਾਰੀਵਾਦੀ ਅੰਦੋਲਨ ਦੀ ਨੇਤਾ ਵਜੋਂ, ਨਾਰੀਵਾਦ ਵਿੱਚ ਗਲੋਰੀਆ ਸਟਾਈਨੇਮ ਦੇ ਯੋਗਦਾਨ ਨੂੰ ਦੁਨੀਆ ਭਰ ਵਿੱਚ ਪੀੜ੍ਹੀਆਂ ਤੋਂ ਮਾਨਤਾ ਪ੍ਰਦਾਨ ਕੀਤੀ ਗਈ ਹੈ।
ਸਟਾਈਨੇਮ ਨੇ ਇੱਕ ਕਾਰਕੁਨ, ਪੱਤਰਕਾਰ, ਲੇਖਕ, ਲੈਕਚਰਾਰ, ਅਤੇ ਮੀਡੀਆ ਬੁਲਾਰੇ ਵਜੋਂ ਸਮਾਨਤਾ ਦੇ ਮੁੱਦਿਆਂ 'ਤੇ ਕੰਮ ਕੀਤਾ ਹੈ।
ਉਨ੍ਹਾਂ ਨੇ 'ਮਿਸੇਜ਼ ਮੈਗਜ਼ੀਨ' ਦੀ ਸਹਿ-ਸਥਾਪਨਾ ਵੀ ਕੀਤੀ, ਜੋ ਪਹਿਲੀ ਵਾਰ 1971 ਵਿੱਚ ਪ੍ਰਕਾਸ਼ਿਤ ਹੋਈ ਸੀ ਅਤੇ ਅੱਜ ਵੀ ਪ੍ਰਕਾਸ਼ਨ ਵਿੱਚ ਹੈ। ਜਿਸ ਨੂੰ ਕਿ ਔਰਤਾਂ ਦੇ ਅਧਿਕਾਰ ਅੰਦੋਲਨ ਦੇ ਮੁੱਦਿਆਂ ਨੂੰ ਮੁੱਖ ਧਾਰਾ ਵਿੱਚ ਲਿਆਉਣ ਲਈ ਅਮਰੀਕਾ ਵਿੱਚ ਪਹਿਲੀ ਪੱਤ੍ਰਿਕਾ ਮੰਨਿਆ ਜਾਂਦਾ ਹੈ।
89 ਸਾਲ ਦੀ ਉਮਰ ਵਿੱਚ ਸਟਾਈਨੇਮ ਨੇ ਵਿਮੈਨਜ਼ ਮੀਡੀਆ ਸੈਂਟਰ, ਈਆਰਏ ਕੋਲੀਸ਼ਨ ਅਤੇ ਇਕੁਐਲਿਟੀ ਨਾਓ ਵਰਗੀਆਂ ਅਨੁਭਵੀ ਸੰਸਥਾਵਾਂ ਦੇ ਸਮਰਥਨ ਰਾਹੀਂ ਇੱਕ ਜ਼ਿਆਦਾ ਨਿਆਂਪੂਰਨ ਦੁਨੀਆ ਦੀ ਦਿਸ਼ਾ ਵਿੱਚ ਆਪਣਾ ਕੰਮ ਜਾਰੀ ਰੱਖਿਆ ਹੈ।
ਜਲਵਾਯੂ ਨੀਤੀ ਸਲਾਹਕਾਰ
ਜਲਵਾਯੂ ਨੀਤੀਆਂ 'ਤੇ ਇੱਕ ਪ੍ਰਮੁੱਖ ਮਾਹਰ, ਇਰੀਨਾ ਸਟਾਵਚੁਕ ਹਾਲ ਹੀ ਵਿੱਚ ਯੂਕਰੇਨ ਪ੍ਰੋਗਰਾਮ ਪ੍ਰਬੰਧਕ ਵਜੋਂ ਯੂਰਪੀਅਨ ਕਲਾਈਮੇਟ ਫਾਊਂਡੇਸ਼ਨ ਵਿੱਚ ਸ਼ਾਮਲ ਹੋਈ ਹੈ, ਜਿਸਦਾ ਮੁੱਖ ਟੀਚਾ ਆਪਣੇ ਦੇਸ਼ ਦੀ ਯੁੱਧ ਤੋਂ ਬਾਅਦ ਦੀ ਰਿਕਵਰੀ ਲਈ ਗ੍ਰੀਨ ਅਤੇ ਜਲਵਾਯੂ-ਪਰੂਫ ਹੱਲ ਤਿਆਰ ਕਰਨਾ ਹੈ।
ਇਸ ਭੂਮਿਕਾ ਨੂੰ ਸੰਭਾਲਣ ਤੋਂ ਪਹਿਲਾਂ, ਉਸ ਨੇ 2019 ਤੋਂ 2022 ਤੱਕ ਯੂਕਰੇਨੀ ਸਰਕਾਰ ਲਈ ਉਪ ਵਾਤਾਵਰਨ ਮੰਤਰੀ ਵਜੋਂ ਕੰਮ ਕੀਤਾ ਜੋ ਜਲਵਾਯੂ ਪਰਿਵਰਤਨ ਨੀਤੀਆਂ, ਯੂਰਪੀਅਨ ਏਕੀਕਰਨ, ਅੰਤਰਰਾਸ਼ਟਰੀ ਸਬੰਧਾਂ ਅਤੇ ਜੈਵ ਵਿਭਿੰਨਤਾ ਲਈ ਜ਼ਿੰਮੇਵਾਰ ਸੀ।
ਸਟਾਵਚੁਕ ਦੋ ਪ੍ਰਮੁੱਖ ਵਾਤਾਵਰਣਕ ਗੈਰ ਸਰਕਾਰੀ ਸੰਗਠਨਾਂ - ਈਕੋਐਕਸ਼ਨ ਅਤੇ ਕੀਵ ਸਾਈਕਲਿਸਟ ਐਸੋਸੀਏਸ਼ਨ (ਯੂ-ਸਾਈਕਲ) - ਦੀ ਸਹਿ-ਸੰਸਥਾਪਕ ਵੀ ਹੈ। ਉਸ ਨੇ ਜਲਵਾਯੂ ਤਬਦੀਲੀ ਦੇ ਮੁੱਦਿਆਂ 'ਤੇ ਕੰਮ ਕਰਨ ਵਾਲੇ ਸਿਵਲ ਸੁਸਾਇਟੀ ਸਮੂਹਾਂ ਦੇ ਖੇਤਰੀ ਨੈੱਟਵਰਕ ਦਾ ਤਾਲਮੇਲ ਕੀਤਾ ਹੈ।
ਸਾਡਾ ਕੰਮ ਉਸ ਸਥਾਨ ਅਤੇ ਸਥਿਤੀ ਵਿੱਚ ਆਪਣਾ ਸਭ ਤੋਂ ਵਧੀਆ ਪ੍ਰਦਰਸ਼ਨ ਕਰਨਾ ਹੈ ਜਿਸ ਵਿੱਚ ਅਸੀਂ ਹਾਂ। ਮੈਂ ਅਸੀਸੀ ਦੇ ਸੇਂਟ ਫਰਾਂਸਿਸ ਦੇ ਸ਼ਬਦਾਂ ਦੀ ਪਾਲਣਾ ਕਰਦੀ ਹਾਂ: "ਉਹ ਕਰਨਾ ਸ਼ੁਰੂ ਕਰੋ ਜੋ ਜ਼ਰੂਰੀ ਹੈ; ਫਿਰ ਉਹ ਕਰੋ ਜੋ ਸੰਭਵ ਹੈ; ਅਤੇ ਅਚਾਨਕ ਤੁਸੀਂ ਅਸੰਭਵ ਕੰਮ ਕਰ ਰਹੇ ਹੋਵੋਗੇ।''
ਇਰੀਨਾ ਸਟਾਵਚੁਕ
ਲਾਪਤਾ ਵਿਅਕਤੀਆਂ ਦੇ ਪਰਿਵਾਰਾਂ ਲਈ ਸਮਰਥਨ
2008 ਵਿੱਚ ਆਪਣੀ ਭੈਣ ਦੇ ਲਾਪਤਾ ਹੋਣ ਤੋਂ ਬਾਅਦ ਬਰਨਾਡੇਟ ਸਮਿਥ ਨੇ ਉੱਤਰ ਜਾਣਨ ਲਈ ਅਣਥੱਕ ਖੋਜ ਕੀਤੀ।
ਉਹ ਪੂਰੇ ਕੈਨੇਡਾ ਵਿੱਚ ਲਾਪਤਾ ਅਤੇ ਕਤਲ ਕੀਤੀਆਂ ਆਦਿਵਾਸੀ ਔਰਤਾਂ ਅਤੇ ਲੜਕੀਆਂ ਦੇ ਪਰਿਵਾਰਾਂ ਲਈ ਪ੍ਰਮੁੱਖ ਸਮਰਥਕ ਬਣ ਗਈ ਅਤੇ ਕਾਰਵਾਈ ਦੇ ਤਾਲਮੇਲ ਅਤੇ ਜਵਾਬ ਲੱਭਣ ਵਿੱਚ ਮਦਦ ਕਰਨ ਲਈ ਇੱਕ ਗੱਠਜੋੜ ਦੀ ਸਥਾਪਨਾ ਕੀਤੀ।
ਉਨ੍ਹਾਂ ਨੇ 'ਡਰੈਗ ਦਿ ਰੈੱਡ' ਦੀ ਸਹਿ-ਸਥਾਪਨਾ ਵੀ ਕੀਤੀ। ਇਹ ਇੱਕ ਅਜਿਹੀ ਪਹਿਲਕਦਮੀ ਹੈ ਜੋ ਵਿਨੀਪੈਗ ਦੀ ਰੈੱਡ ਨਦੀ ਵਿੱਚ ਲਾਪਤਾ ਵਿਅਕਤੀਆਂ ਦੀਆਂ ਲਾਸ਼ਾਂ ਜਾਂ ਸਬੂਤਾਂ ਦੀ ਖੋਜ ਕਰਦੀ ਹੈ।
ਸਮਿਥ ਨੂੰ ਹਾਲ ਹੀ ਵਿੱਚ ਤੀਜੀ ਵਾਰ ਮੈਨੀਟੋਬਾ ਦੀ ਵਿਧਾਨ ਸਭਾ ਲਈ ਚੁਣਿਆ ਗਿਆ ਸੀ ਅਤੇ ਉਨ੍ਹਾਂ ਨੇ ਪ੍ਰਾਂਤ ਵਿੱਚ ਕੈਬਨਿਟ ਮੰਤਰੀ ਵਜੋਂ ਨਿਯੁਕਤ ਕੀਤੀਆਂ ਦੋ ਪ੍ਰਥਮ ਨੇਸ਼ਨ ਔਰਤਾਂ ਵਿੱਚੋਂ ਪਹਿਲੀ ਵਜੋਂ ਇਤਿਹਾਸ ਰਚਿਆ। ਉਹ ਵਰਤਮਾਨ ਵਿੱਚ ਹਾਊਸਿੰਗ, ਨਸ਼ਾਖੋਰੀ ਅਤੇ ਬੇਘਰ ਸਬੰਧੀ ਮੰਤਰੀ ਵਜੋਂ ਕੰਮ ਕਰਦੀ ਹੈ।
ਆਵਾਸ ਪ੍ਰਚਾਰਕ
ਮਿਆਮੀ ਦੇ ਲਿਟਲ ਹੈਤੀ ਇਲਾਕੇ ਦੀ ਵਸਨੀਕ ਮੈਡਮੇ ਰੇਨੀਟਾ ਹੋਮਜ਼ ਓ.ਯੂ.ਆਰ. ਦੀ ਸੰਸਥਾਪਕ ਨਿਰਦੇਸ਼ਕ ਹੈ। ਹੋਮਜ਼, ਅਮਰੀਕਾ ਦੇ ਫਲੋਰੀਡਾ ਰਾਜ ਵਿੱਚ ਟਰੇਡ ਅਤੇ ਸੰਪਤੀ ਸਲਾਹਕਾਰ ਹੈ।
ਉਹ ਹਾਸ਼ੀਏ 'ਤੇ ਰਹਿਣ ਵਾਲੇ ਭਾਈਚਾਰਿਆਂ ਲਈ ਰਿਹਾਇਸ਼ੀ ਅਧਿਕਾਰਾਂ ਲਈ ਮੁਹਿੰਮ ਚਲਾਉਂਦੀ ਹੈ, ਜਿਸ ਵਿੱਚ ਜਲਵਾਯੂ ਤਬਦੀਲੀ ਤੋਂ ਪ੍ਰਭਾਵਿਤ ਲੋਕ ਵੀ ਸ਼ਾਮਲ ਹਨ ਕਿਉਂਕਿ ਸਮੁੰਦਰ ਦਾ ਜਲ ਸਤਰ ਵਧਣ ਨਾਲ ਤੱਟ ਤੋਂ ਅੱਗੇ ਦੇ ਖੇਤਰਾਂ ਵਿੱਚ ਜਾਇਦਾਦ ਦੀਆਂ ਕੀਮਤਾਂ ਵਧ ਜਾਂਦੀਆਂ ਹਨ।
11 ਬੱਚਿਆਂ ਦੀ ਸਿੰਗਲ ਮਦਰ ਦੁਆਰਾ ਪਾਲੀ ਗਈ, ਹੋਮਜ਼ ਅਪਾਹਜਤਾ ਨਾਲ ਜੀਵਨ ਬਤੀਤ ਕਰਨ ਵਾਲੀ ਬਜ਼ੁਰਗ ਔਰਤ ਹੈ।
ਉਹ ਕਲੀਓ ਇੰਸਟੀਚਿਊਟ ਦੇ 'ਐਮਪਾਵਰਿੰਗ ਰੇਸਿਲੀਐਂਟ ਵੂਮੈਨ ਪ੍ਰੋਗਰਾਮ' ਦੀ ਫੈਲੋ ਹੈ, ਜੋ ਵਿਗਿਆਨ-ਆਧਾਰਿਤ ਸਿੱਖਿਆ ਦੁਆਰਾ ਜਲਵਾਯੂ ਕਾਰਵਾਈ ਨੂੰ ਪ੍ਰੋਤਸਾਹਨ ਦੇਣਾ ਚਾਹੁੰਦੀ ਹੈ। ਉਹ ਅਫ਼ਰੀਕਨ-ਅਮਰੀਕਨ ਅਤੇ ਅੰਦਰੂਨੀ ਸ਼ਹਿਰ ਦੀਆਂ ਔਰਤਾਂ ਨਾਲ ਸਬੰਧਤ ਮੁੱਦਿਆਂ 'ਤੇ ਸਥਾਨਕ ਹਾਊਸਿੰਗ ਏਜੰਸੀਆਂ ਦੀ ਸਹਾਇਤਾ ਕਰਦੀ ਹੈ।
ਧਰਤੀ ਮਾਤਾ ਨਾਲ ਔਰਤਾਂ ਦੇ ਰੂਪ ਵਿੱਚ ਸਾਡੇ ਰਿਸ਼ਤੇ ਨੂੰ ਮਾਨਤਾ ਦੇਣ ਦੀ ਉਮੀਦ ਹੈ। ਅਸੀਂ ਲਚਕੀਲੇ ਹਾਂ, ਮਜ਼ਬੂਤ ਹਾਂ, ਇਸ ਦੀ ਚੰਗੀ ਸਾਂਭ ਸੰਭਾਲ ਲਈ ਬਣੇ ਹਾਂ; ਅਸੀਂ ਕਾਰਵਾਈ ਕਰਦੇ ਹਾਂ ਅਤੇ ਅਸੀਂ ਇਸ ਦੀ ਦੇਖਭਾਲ ਕਰਦੇ ਹਾਂ।
ਰੇਨੀਟਾ ਹੋਮਜ਼
ਐੱਗ ਫ੍ਰੀਜ਼ਿੰਗ ਪ੍ਰਚਾਰਕ
2018 ਵਿੱਚ, ਉਸਨੇ ਬੀਜਿੰਗ ਦੇ ਇੱਕ ਜਨਤਕ ਹਸਪਤਾਲ ਵਿੱਚ ਆਪਣੇ ਅੰਡੇ ਫ੍ਰੀਜ਼ ਕਰਨ ਦੀ ਕੋਸ਼ਿਸ਼ ਕੀਤੀ। ਪਰ ਸਿੰਗਲ ਮਹਿਲਾ ਜ਼ੂ ਜ਼ਾਓਜ਼ਾਓ ਨੂੰ ਦੱਸਿਆ ਗਿਆ ਕਿ ਇਹ ਪ੍ਰਕਿਰਿਆ ਸਿਰਫ਼ ਚੀਨ ਵਿੱਚ ਵਿਆਹੇ ਜੋੜਿਆਂ ਲਈ ਉਪਲੱਬਧ ਹੈ।
ਉਹ ਚੀਨ ਵਿੱਚ ਅਣਵਿਆਹੀਆਂ ਔਰਤਾਂ ਦੇ ਅੰਡੇ ਫ੍ਰੀਜ਼ ਕਰਨ ਦੇ ਅਧਿਕਾਰਾਂ 'ਤੇ ਪਹਿਲੀ ਕਾਨੂੰਨੀ ਚੁਣੌਤੀ ਵਿੱਚ ਹਸਪਤਾਲ ਨੂੰ ਅਦਾਲਤ ਵਿੱਚ ਲੈ ਗਈ।
ਦਸੰਬਰ 2019 ਵਿੱਚ ਸ਼ੁਰੂ ਹੋਈ ਇਸ ਕਾਨੂੰਨੀ ਲੜਾਈ ਨੇ ਦੇਸ਼ ਦੀ ਘੱਟ ਜਨਮ ਦਰ ਬਾਰੇ ਚਿੰਤਾਵਾਂ ਦੇ ਵਿਚਕਾਰ ਸੁਰਖੀਆਂ ਬਟੋਰੀਆਂ
ਅੰਤਿਮ ਫੈਸਲਾ ਅਜੇ ਵੀ ਲੰਬਿਤ ਹੈ, ਪਰ ਜ਼ੂ ਦੇ ਕੇਸ ਦਾ ਅਧਿਐਨ ਕਾਨੂੰਨ, ਮੈਡੀਸਨ ਅਤੇ ਨੈਤਿਕਤਾ ਦੇ ਖੇਤਰਾਂ ਵਿੱਚ ਵਿਦਵਾਨਾਂ ਦੁਆਰਾ ਕੀਤਾ ਗਿਆ ਹੈ। ਅੱਜ, ਉਹ ਇਕੱਲੀਆਂ ਔਰਤਾਂ ਦੇ ਪ੍ਰਜਨਨ ਅਧਿਕਾਰਾਂ ਅਤੇ ਸਰੀਰਕ ਮਾਲਕੀ ਲਈ ਇੱਕ ਪ੍ਰਮੁੱਖ ਸਮਰਥਕ ਬਣੀ ਹੋਈ ਹੈ।
ਗ੍ਰੀਨ ਬਿਲਡਿੰਗ ਉੱਦਮੀ
2014 ਵਿੱਚ ਜਦੋਂ ਅਖੌਤੀ ਇਸਲਾਮਿਕ ਸਟੇਟ ਸਮੂਹ ਨੇ ਉਸ ਦੇ ਦੇਸ਼ ਇਰਾਕ ਦੇ ਵੱਡੇ ਹਿੱਸੇ ਉੱਤੇ ਕਬਜ਼ਾ ਕਰ ਲਿਆ, ਉਦੋਂ ਬਸੀਮਾ ਅਬਦੁੱਲਰਹਿਮਾਨ ਅਮਰੀਕਾ ਵਿੱਚ ਯੂਨੀਵਰਸਿਟੀ ਵਿੱਚ ਪੜ੍ਹ ਰਹੀ ਸੀ।
ਲੜਾਈ ਦੇ ਨਤੀਜੇ ਵਜੋਂ ਬਹੁਤ ਸਾਰੇ ਸ਼ਹਿਰ ਤਬਾਹ ਹੋ ਗਏ ਸਨ, ਪਰ ਜਦੋਂ ਅਬਦੁਲਰਹਿਮਾਨ ਸਟ੍ਰਕਚਰਲ ਇੰਜਨੀਅਰਿੰਗ ਵਿੱਚ ਪੋਸਟਗ੍ਰੈਜੂਏਸ਼ਨ ਕਰਨ ਤੋਂ ਬਾਅਦ ਘਰ ਪਰਤੀ ਤਾਂ ਉਸ ਨੂੰ ਮਦਦ ਕਰਨ ਦਾ ਇੱਕ ਤਰੀਕਾ ਦਿਖਾਈ ਦਿੱਤਾ।
ਉਨ੍ਹਾਂ ਨੇ KESK ਦੀ ਸਥਾਪਨਾ ਕੀਤੀ, ਜੋ ਗ੍ਰੀਨ ਇਮਾਰਤ ਨੂੰ ਸਮਰਪਿਤ ਇਰਾਕ ਦੀ ਪਹਿਲੀ ਪਹਿਲਕਦਮੀ ਸੀ। ਉਨ੍ਹਾਂ ਨੇ ਪਾਇਆ ਕਿ ਗਰੀਨ ਬਿਲਡਿੰਗ ਬਣਾਉਣ ਦਾ ਮਤਲਬ ਹੈ ਨਵੀਨਤਮ ਊਰਜਾ-ਕੁਸ਼ਲ ਤਕਨਾਲੋਜੀਆਂ ਅਤੇ ਸਮੱਗਰੀ ਨੂੰ ਇਰਾਕ ਦੇ ਰਵਾਇਤੀ ਇਮਾਰਤੀ ਤਰੀਕਿਆਂ ਨਾਲ ਜੋੜਨਾ।
ਉਹ ਇਹ ਯਕੀਨੀ ਬਣਾਉਣ ਲਈ ਵਚਨਬੱਧ ਹੈ ਕਿ ਅੱਜ ਦੀਆਂ ਇਮਾਰਤਾਂ ਬਣਾਉਣ ਦੀਆਂ ਵਿਧੀਆਂ ਆਉਣ ਵਾਲੀਆਂ ਪੀੜ੍ਹੀਆਂ ਦੀ ਭਲਾਈ ਨਾਲ ਸਮਝੌਤਾ ਨਾ ਕਰਨ।
ਮੈਂ ਅਕਸਰ ਜਲਵਾਯੂ ਸੰਕਟ ਬਾਰੇ ਚਿੰਤਤ ਰਹਿੰਦੀ ਹਾਂ। ਮੈਂ ਮਦਦ ਨਹੀਂ ਕਰ ਸਕਦੀ, ਪਰ ਹੈਰਾਨ ਹਾਂ ਕਿ ਕਿਸੇ ਨੂੰ ਇਸ ਦੇ ਜੋਖਮਾਂ ਨੂੰ ਘਟਾਉਣ ਦੇ ਹੱਲ ਦਾ ਹਿੱਸਾ ਬਣੇ ਬਿਨਾਂ ਸ਼ਾਂਤੀ ਕਿਵੇਂ ਮਿਲ ਸਕਦੀ ਹੈ।
ਬਸੀਮਾ ਅਬਦੁਲਰਹਿਮਾਨ
ਵਾਲੰਟੀਅਰ ਬਚਾਅ ਕਰਮਚਾਰੀ
ਜਿਵੇਂ ਹੀ 2017 ਵਿੱਚ ਸੀਰੀਆ ਦਾ ਘਰੇਲੂ ਯੁੱਧ ਵਧਿਆ, ਅਮੀਨਾ ਅਲ-ਬਿਸ਼ ਨੇ ਸੀਰੀਆ ਸਿਵਲ ਡਿਫੈਂਸ ਦੀ ਪਹਿਲੀ ਮਹਿਲਾ ਵਾਲੰਟੀਅਰਾਂ ਵਿੱਚੋਂ ਇੱਕ ਬਣਨ ਦਾ ਫੈਸਲਾ ਕੀਤਾ, ਜੋ ਜੀਵਨ ਬਚਾਉਣ ਅਤੇ ਜ਼ਖਮੀ ਨਾਗਰਿਕਾਂ ਨੂੰ ਮੁੱਢਲੀ ਮੈਡੀਕਲ ਸਹਾਇਤਾ ਪ੍ਰਾਦਨ ਕਰਨ ਦੀ ਉਮੀਦ ਕਰਦੀ ਹੈ। ਇਸ ਨੂੰ ਵ੍ਹਾਈਟ ਹੈਲਮਟ ਦੇ ਰੂਪ ਵਿੱਚ ਵੀ ਜਾਣਿਆ ਜਾਂਦਾ ਹੈ।
ਅਮੀਨਾ ਨੇ ਬਾਅਦ ਵਿੱਚ ਫਰਵਰੀ 2023 ਵਿੱਚ ਸੀਰੀਆ ਅਤੇ ਤੁਰਕੀ ਵਿੱਚ ਆਏ ਭੁਚਾਲ ਦੇ ਪੀੜਤਾਂ ਨੂੰ ਬਚਾਉਣ ਲਈ ਸਵੈ-ਇੱਛਾ ਨਾਲ ਕੰਮ ਕੀਤਾ, ਜਿਸ ਨੇ ਆਲੇ-ਦੁਆਲੇ ਨੂੰ ਤਬਾਹ ਕਰ ਦਿੱਤਾ ਅਤੇ ਉਸ ਦੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਮਲਬੇ ਹੇਠ ਦੱਬ ਦਿੱਤਾ।
ਹੁਣ ਅਲ-ਬਿਸ਼ ਉੱਤਰੀ ਸੀਰੀਆ ਵਿੱਚ ਆਪਣੇ ਭਾਈਚਾਰੇ ਦੀਆਂ ਹੋਰ ਔਰਤਾਂ ਦੇ ਜੀਵਨ ਨੂੰ ਬਿਹਤਰ ਬਣਾਉਣ ਲਈ ਕੰਮ ਕਰਦੀ ਹੈ, ਜਿੱਥੇ ਲੜਾਈ ਜਾਰੀ ਹੈ। ਉਹ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿੱਚ ਡਿਗਰੀ ਕਰ ਰਹੀ ਹੈ ਅਤੇ ਕਹਿੰਦੀ ਹੈ ਕਿ ਉਸਦਾ ਸੁਪਨਾ ਸ਼ਾਂਤੀਪੂਰਨ ਸੀਰੀਆ ਬਣਾਉਣ ਵਿੱਚ ਹਿੱਸਾ ਲੈਣਾ ਹੈ।
ਸਰਜਨ
ਗਾਜ਼ਾ ਵਿੱਚ ਪਹਿਲੀ ਪ੍ਰਮਾਣਿਤ ਮਹਿਲਾ ਸਰਜਨ ਡਾ. ਸਾਰਾ ਅਲ-ਸੱਕਾ ਇਸ ਦੇ ਸਭ ਤੋਂ ਵੱਡੇ ਹਸਪਤਾਲ ਅਲ-ਸ਼ਿਫਾ ਵਿੱਚ ਕੰਮ ਕਰਦੀ ਹੈ।
ਉਹ ਆਪਣੇ ਇੰਸਟਾਗ੍ਰਾਮ ਅਕਾਉਂਟ ਦੀ ਮਦਦ ਨਾਲ ਦਿਖਾਉਂਦੀ ਹੈ ਕਿ ਲੜਾਈ ਦੇ ਦੌਰਾਨ ਲੋਕਾਂ ਦਾ ਇਲਾਜ ਕਰਨਾ ਕਿੰਨਾ ਚੁਣੌਤੀ ਭਰਿਆ ਕੰਮ ਹੈ। ਇਜ਼ਰਾਈਲ ਦੇ ਹਮਾਸ ਖਿਲਾਫ਼ ਹਮਲੇ ਵਿੱਚ ਅਲ-ਸ਼ਿਫਾ ਹਸਪਤਾਲ ਨੂੰ ਕਾਫ਼ੀ ਨੁਕਸਾਨ ਪਹੁੰਚਿਆ ਹੈ।
ਉਹ ਹਸਪਤਾਲ ਵਿੱਚ ਬਿਜਲੀ, ਬਾਲਣ, ਪਾਣੀ ਅਤੇ ਭੋਜਨ ਦੀ ਕਮੀ ਬਾਰੇ ਇੰਸਟਾਗ੍ਰਾਮ 'ਤੇ ਪੋਸਟ ਕਰਦੀ ਰਹਿੰਦੀ ਹੈ। ਜਿਸ ਕਾਰਨ ਉਹ ਆਪਣੇ ਮਰੀਜ਼ਾਂ ਦਾ ਇਲਾਜ ਕਰਨ ਤੋਂ ਅਸਮਰੱਥ ਹੋ ਗਏ। ਉਸ ਨੂੰ ਇਜ਼ਰਾਈਲੀ ਹਮਲੇ ਤੋਂ ਪਹਿਲਾਂ ਅਲ-ਸ਼ਿਫਾ ਹਸਪਮਾਲ ਨੂੰ ਛੱਡਣਾ ਪਿਆ ਸੀ। ਇਜ਼ਰਾਈਲੀ ਸੈਨਾ ਇਸ ਹਮਲੇ ਨੂੰ ਹਮਾਸ ਦੇ ਖਿਲਾਫ਼ ਜ਼ਰੂਰੀ ਕਾਰਵਾਈ ਦੱਸ ਰਹੀ ਹੈ।
ਅਲ-ਸੱਕਾ ਦਾ ਜਨਮ ਅਤੇ ਪਾਲਣ ਪੋਸ਼ਣ ਸਾਊਦੀ ਅਰਬ ਵਿੱਚ ਹੋਇਆ ਸੀ, ਪਰ ਉਹ 2010 ਵਿੱਚ ਗਾਜ਼ਾ ਚਲੀ ਗਈ ਸੀ। ਉਸ ਨੇ ਗਾਜ਼ਾ ਇਸਲਾਮਿਕ ਯੂਨੀਵਰਸਿਟੀ ਵਿੱਚ ਮੈਡੀਸਨ ਅਤੇ ਲੰਡਨ ਦੀ ਕਵੀਨ ਮੈਰੀ ਯੂਨੀਵਰਸਿਟੀ ਵਿੱਚ ਸਰਜਰੀ ਦੀ ਪੜ੍ਹਾਈ ਕੀਤੀ। ਉਹ ਹੁਣ ਗਾਜ਼ਾ ਵਿੱਚ ਇਕਲੌਤੀ ਮਹਿਲਾ ਸਰਜਨ ਨਹੀਂ ਹੈ। ਹੁਣ ਹੋਰ ਔਰਤਾਂ ਵੀ ਉਸ ਦੇ ਨਕਸ਼ੇ ਕਦਮਾਂ 'ਤੇ ਚੱਲ ਰਹੀਆਂ ਹਨ।
ਮਾਨਸਿਕ ਸਿਹਤ ਸਮਰਥਕ
ਜੈਨੀਫਰ ਉਚੇਂਦੂ ਵੱਲੋਂ ਸਥਾਪਿਤ ਨੌਜਵਾਨ ਅਗਵਾਈ ਵਾਲੀ ਸੰਸਥਾ SustyVibes ਦੀ ਅਭਿਲਾਸ਼ਾ ਸਥਿਰਤਾ ਨੂੰ ਕਿਰਿਆਸ਼ੀਲ, ਭਰੋਸੇਮੰਦ ਅਤੇ ਚੰਗਾ ਬਣਾਉਣਾ ਹੈ।
ਉਚੇਂਦੂ ਦੇ ਹਾਲ ਹੀ ਦੇ ਕੰਮ ਨੇ ਅਫ਼ਰੀਕੀ ਲੋਕਾਂ, ਖਾਸ ਕਰਕੇ ਨੌਜਵਾਨਾਂ ਦੀ ਮਾਨਸਿਕ ਸਿਹਤ 'ਤੇ ਜਲਵਾਯੂ ਸੰਕਟ ਦੇ ਪ੍ਰਭਾਵਾਂ ਦੀ ਪੜਚੋਲ ਕਰਨ 'ਤੇ ਧਿਆਨ ਕੇਂਦਰਿਤ ਕੀਤਾ ਹੈ।
2022 ਵਿੱਚ ਉਸ ਨੇ ਖੋਜ, ਸਮਰਥਨ ਅਤੇ ਜਲਵਾਯੂ-ਜਾਗਰੂਕ ਮਨੋ-ਚਿਕਿਤਸਾ ਦੁਆਰਾ ਅਫ਼ਰੀਕੀ ਲੋਕਾਂ ਵਿੱਚ ਜਲਵਾਯੂ ਭਾਵਨਾਵਾਂ ਨੂੰ ਪ੍ਰਮਾਣਿਤ ਕਰਨ ਅਤੇ ਸੁਰੱਖਿਅਤ ਕਰਨ 'ਤੇ ਧਿਆਨ ਕੇਂਦਰਿਤ ਕਰਨ ਲਈ ਈਕੋ-ਐਂਜ਼ੀਟੀ ਅਫ਼ਰੀਕਾ ਪ੍ਰਾਜੈਕਟ (TEAP) ਦੀ ਸਥਾਪਨਾ ਕੀਤੀ।
ਉਸ ਦਾ ਟੀਚਾ ਉਨ੍ਹਾਂ ਲੋਕਾਂ ਅਤੇ ਸੰਸਥਾਵਾਂ ਨਾਲ ਕੰਮ ਕਰਨਾ ਹੈ ਜੋ ਮਾਨਸਿਕਤਾ ਨੂੰ ਬਦਲਣ ਵਿੱਚ ਦਿਲਚਸਪੀ ਰੱਖਦੇ ਹਨ ਅਤੇ ਜਲਵਾਯੂ ਦੀਆਂ ਭਾਵਨਾਵਾਂ ਬਾਰੇ ਸਿੱਖਣ ਦਾ ਔਖਾ ਅਤੇ ਅਕਸਰ ਅਸੁਵਿਧਾਜਨਕ ਕੰਮ ਕਰਦੇ ਹਨ।
ਜਦੋਂ ਜਲਵਾਯੂ ਸੰਕਟ ਦੀ ਗੱਲ ਆਉਂਦੀ ਹੈ ਤਾਂ ਮੈਂ ਕਈ ਤਰ੍ਹਾਂ ਦੀਆਂ ਭਾਵਨਾਵਾਂ ਦਾ ਅਨੁਭਵ ਕਰਦੀ ਹਾਂ। ਮੈਂ ਹੌਲੀ-ਹੌਲੀ ਇਸ ਤੱਥ ਨਾਲ ਸਮਝੌਤਾ ਕਰ ਰਹੀ ਹਾਂ ਕਿ ਮੈਂ ਕਦੇ ਵੀ ਜ਼ਰੂਰਤ ਮੁਤਾਬਿਕ ਕੰਮ ਨਹੀਂ ਕਰ ਸਕਾਂਗੀ, ਪਰ ਇਸ ਦੀ ਬਜਾਏ ਮੈਂ ਆਪਣਾ ਸਰਵਸ਼੍ਰੇਸ਼ਠ ਪ੍ਰਦਰਸ਼ਨ ਕਰ ਸਕਦੀ ਹਾਂ। ਕੰਮ ਕਰਨ, ਆਰਾਮ ਕਰਨ ਅਤੇ ਸਹੀ ਹੋਣ ਲਈ ਦੂਜਿਆਂ ਨਾਲ ਇਕਜੁੱਟਤਾ ਦਿਖਾਉਣ ਨਾਲ ਮੈਨੂੰ ਆਪਣੀਆਂ ਜਲਵਾਯੂ-ਪ੍ਰੇਰਿਤ ਭਾਵਨਾਵਾਂ ਨੂੰ ਸੁਰੱਖਿਅਤ ਰੱਖਣ ਵਿੱਚ ਮਦਦ ਮਿਲਦੀ ਹੈ।
ਜੈਨੀਫਰ ਉਚੇਂਦੂ
ਜੰਗਲ ਦੀ ਅੱਗ ਦਾ ਪਤਾ ਲਗਾਉਣ ਵਾਲੀ ਤਕਨੀਕ ਡਿਵੈਲਪਰ
ਇਸ ਸਾਲ ਜੰਗਲ ਦੀ ਅੱਗ ਨੇ ਦੁਨੀਆ ਦੇ ਕੁਝ ਸਭ ਤੋਂ ਵੱਡੇ ਜੰਗਲਾਂ ਨੂੰ ਤਬਾਹ ਕਰ ਦਿੱਤਾ ਹੈ। ਅੱਗ ਬੁਝਾਉਣ ਵਾਲਿਆਂ ਨੂੰ ਅਕਸਰ ਅੱਗ ਦੀ ਭਿਆਨਕਤਾ ਅਤੇ ਫੈਲਾਅ ਨਾਲ ਨਜਿੱਠਣ ਲਈ ਸੰਘਰਸ਼ ਕਰਨਾ ਪੈਂਦਾ ਸੀ, ਇਸ ਲਈ ਸੋਨੀਆ ਕਸਟਨਰ ਨੇ ਅੱਗ ਦਾ ਪਹਿਲਾਂ ਹੀ ਪਤਾ ਲਗਾਉਣ ਵਿੱਚ ਮਦਦ ਕਰਨ ਲਈ ਇੱਕ ਸੰਸਥਾ ਦੀ ਸਥਾਪਨਾ ਕੀਤੀ।
ਪੈਨੋ ਏਆਈ ਐਮਰਜੈਂਸੀ ਸੇਵਾਵਾਂ ਨੂੰ ਫੋਨ ਕਰਨ ਲਈ ਜਨਤਾ ਦੇ ਮੈਂਬਰਾਂ 'ਤੇ ਨਿਰਭਰ ਰਹਿਣ ਦੀ ਬਜਾਏ, ਅੱਗ ਲੱਗਣ ਦੇ ਸੰਕੇਤਾਂ ਲਈ ਲੈਂਡਸਕੇਪ ਨੂੰ ਸਕੈਨ ਕਰਕੇ ਇਸ 'ਤੇ ਪ੍ਰਤੀਕਿਰਿਆ ਦੇਣ ਵਾਲਿਆਂ ਨੂੰ ਸੁਚੇਤ ਕਰਕੇ ਅੱਗ ਫੈਲਣ ਤੋਂ ਪਹਿਲਾਂ ਹੀ ਤੇਜ਼ੀ ਨਾਲ ਪ੍ਰਤੀਕਿਰਿਆ ਤਿਆਰ ਕਰਨ ਲਈ ਆਰਟੀਫੀਸ਼ੀਅਲ ਇੰਟੈਲੀਜੈਂਸ ਤਕਨਾਲੋਜੀ ਦੀ ਵਰਤੋਂ ਕਰਦਾ ਹੈ।
ਕਸਟਨਰ ਨੇ ਪਹਿਲਾਂ ਕਈ ਤਰ੍ਹਾਂ ਦੇ ਤਕਨੀਕੀ ਸਟਾਰਟ-ਅੱਪਸ ਵਿੱਚ ਕੰਮ ਕਰਦੇ ਹੋਏ ਦਸ ਸਾਲ ਤੋਂ ਵੱਧ ਸਮਾਂ ਬਿਤਾਇਆ ਹੈ।
ਜੋ ਚੀਜ਼ ਮੈਨੂੰ ਉਮੀਦ ਦਿੰਦੀ ਹੈ ਉਹ ਹੈ ਮਨੁੱਖੀ ਨਵੀਨਤਾ ਦੀ ਅਦੁੱਤੀ ਸ਼ਕਤੀ। ਮੈਂ ਜਲਵਾਯੂ ਸੰਕਟ ਦੇ ਸਭ ਤੋਂ ਮਾੜੇ ਪ੍ਰਭਾਵਾਂ ਨਾਲ ਨਜਿੱਠਣ ਵਿੱਚ ਮਦਦ ਕਰਨ ਲਈ ਤਕਨਾਲੋਜੀ ਅਤੇ ਡੇਟਾ-ਸੰਚਾਲਿਤ ਸਮਾਧਾਨਾਂ ਦੀ ਸਮਰੱਥਾ ਨੂੰ ਪ੍ਰਤੱਖ ਰੂਪ ਨਾਲ ਦੇਖਿਆ ਹੈ।
ਸੋਨੀਆ ਕਸਟਨਰ
ਪਸ਼ੂ ਦੀ ਡਾਕਟਰ
ਇੱਕ ਪੁਰਸਕਾਰ ਜੇਤੂ ਯੂਗਾਂਡਾ ਵੈਟਰਨਿਸਟ ਅਤੇ ਕੰਜ਼ਰਵੇਸ਼ਨਿਸਟ ਦੇ ਰੂਪ ਵਿੱਚ, ਗਲੇਡਿਸ ਕਾਲੇਮਾ-ਜ਼ਿਕੁਸੋਕਾ ਦੇਸ਼ ਦੇ ਲੁਪਤ ਹੋ ਰਹੇ ਪਹਾੜੀ ਗੋਰੀਲਿਆਂ ਨੂੰ ਬਚਾਉਣ ਲਈ ਕੰਮ ਕਰਦੀ ਹੈ, ਜਿਨ੍ਹਾਂ ਦਾ ਨਿਵਾਸ ਜਲਵਾਯੂ ਤਬਦੀਲੀ ਦੁਆਰਾ ਨਸ਼ਟ ਹੋ ਰਿਹਾ ਹੈ।
ਉਹ ਕੰਜ਼ਰਵੇਸ਼ਨ ਥਰੂ ਪਬਲਿਕ ਹੈਲਥ ਦੀ ਸੰਸਥਾਪਕ ਅਤੇ ਸੀਈਓ ਹੈ। ਇਹ ਇੱਕ ਗੈਰ ਸਰਕਾਰੀ ਸੰਗਠਨ ਹੈ ਜੋ ਲੋਕਾਂ, ਗੋਰੀਲਿਆਂ ਅਤੇ ਹੋਰ ਜੰਗਲੀ ਜੀਵਾਂ ਨੂੰ ਸਹਿਹੋਂਦ ਵਿੱਚ ਲਿਆ ਕੇ ਉਨ੍ਹਾਂ ਦੀ ਸਿਹਤ ਅਤੇ ਨਿਵਾਸ ਸਥਾਨ ਵਿੱਚ ਸੁਧਾਰ ਕਰ ਕੇ ਜੈਵ ਵਿਭਿੰਨਤਾ ਦੀ ਸੰਭਾਲ ਨੂੰ ਉਤਸ਼ਾਹਿਤ ਕਰਦੀ ਹੈ।
ਤਿੰਨ ਦਹਾਕਿਆਂ ਦੇ ਬਾਅਦ, ਉਸ ਨੇ ਪਹਾੜੀ ਗੋਰੀਲਿਆਂ ਦੀ ਗਿਣਤੀ 300 ਤੋਂ ਵਧਾ ਕੇ ਲਗਭਗ 500 ਕਰਨ ਵਿੱਚ ਮਦਦ ਕੀਤੀ ਹੈ, ਜੋ ਉਨ੍ਹਾਂ ਨੂੰ ਗੰਭੀਰ ਤੌਰ 'ਤੇ ਲੁਪਤ ਹੋਣ ਦੀ ਸਥਿਤੀ ਵਿੱਚੋਂ ਬਾਹਰ ਕਰਕੇ ਲੁਪਤ ਹੋਣ ਵਾਲੀ ਸ਼੍ਰੇਣੀ ਵਿੱਚ ਲਿਆਉਣ ਲਈ ਕਾਫ਼ੀ ਸੀ।
ਕਾਲੇਮਾ-ਜ਼ਿਕੁਸੋਕਾ ਨੂੰ ਸੰਯੁਕਤ ਰਾਸ਼ਟਰ ਵਾਤਾਵਰਨ ਪ੍ਰੋਗਰਾਮ ਦੁਆਰਾ 2021 ਵਿੱਚ 'ਚੈਂਪੀਅਨ ਆਫ ਅਰਥ' ਦਾ ਨਾਂ ਦਿੱਤਾ ਗਿਆ ਸੀ।
ਜਲਵਾਯੂ ਸੰਕਟ ਵਿੱਚ ਜੋ ਚੀਜ਼ ਮੈਨੂੰ ਉਮੀਦ ਦਿੰਦੀ ਹੈ ਉਹ ਇਸ ਦਾ ਤੁਰੰਤ ਹੱਲ ਕਰਨ ਦੀ ਲੋੜ ਨੂੰ ਸਵੀਕਾਰ ਕਰਨਾ ਹੈ। ਇਸ ਸੰਕਟ ਨੂੰ ਘਟਾਉਣ ਅਤੇ ਅਨੁਕੂਲ ਬਣਾਉਣ ਲਈ ਨਵੀਨਤਾਕਾਰੀ ਤਰੀਕੇ ਮੌਜੂਦ ਹਨ।
ਗਲੇਡਿਸ ਕਾਲੇਮਾ-ਜ਼ਿਕੁਸੋਕਾ
ਸਮੁੰਦਰੀ ਵਿਗਿਆਨੀ
ਸੀਗ੍ਰਾਸ ਕਾਰਬਨ ਨੂੰ ਸਟੋਰ ਕਰਨ ਅਤੇ ਮੱਛੀਆਂ ਲਈ ਨਰਸਰੀ ਪ੍ਰਦਾਨ ਕਰਨ ਦੀ ਯੋਗਤਾ ਲਈ ਜਾਣਿਆ ਜਾਂਦਾ ਹੈ, ਪਰ ਪਾਣੀ ਦੇ ਹੇਠਾਂ ਰਹਿਣ ਵਾਲੇ ਕੁਝ ਸਥਾਨ ਤਬਾਹ ਹੋ ਗਏ ਹਨ।
ਲੀਨ ਕੁਲੇਨ-ਅਨਸਵਰਥ ਪ੍ਰਾਜੈਕਟ ਸੀਗ੍ਰਾਸ ਦੀ ਸੰਸਥਾਪਕ ਅਤੇ ਮੌਜੂਦਾ ਸੀਈਓ'ਜ਼ ਵਿੱਚੋਂ ਇੱਕ ਹੈ ਜੋ ਸਾਰਥਕ ਪੈਮਾਨੇ 'ਤੇ ਯੂਕੇ ਦੀ ਪਹਿਲੀ ਸੀਗ੍ਰਾਸ ਸੰਭਾਲਣ ਦੀ ਯੋਜਨਾ ਹੈ।
ਇਹ ਪ੍ਰਾਜੈਕਟ ਬੀਜ ਲਗਾਉਣ ਲਈ ਰਿਮੋਟ-ਕੰਟਰੋਲ ਰੋਬੋਟ ਦੀ ਵਰਤੋਂ ਕਰਕੇ ਪ੍ਰਕਿਰਿਆ ਨੂੰ ਆਸਾਨ ਬਣਾਉਂਦਾ ਹੈੇ। ਇਸ ਦੇ ਨਾਲ ਹੀ ਦੂਜੇ ਦੇਸ਼ਾਂ ਨੂੰ ਆਪਣੇ ਪਾਣੀ ਦੇ ਹੇਠਲੇ ਘਾਹ ਮੈਦਾਨਾਂ ਨੂੰ ਬਹਾਲ ਕਰਨ ਵਿੱਚ ਮਦਦ ਕਰਨ ਲਈ ਇੱਕ ਬਲੂਪ੍ਰਿੰਟ ਤਿਆਰ ਕਰ ਸਕਦਾ ਹੈ।
ਸਮੁੰਦਰੀ ਖੋਜ ਵਿੱਚ 20 ਸਾਲਾਂ ਤੋਂ ਵੱਧ ਤਜਰਬੇ ਵਾਲੀ ਇੱਕ ਅੰਤਰ-ਅਨੁਸ਼ਾਸਨੀ ਵਿਗਿਆਨੀ, ਕੁਲੇਨ-ਅਨਸਵਰਥ ਵਿਗਿਆਨ-ਆਧਾਰਿਤ ਸੰਭਾਲ ਅਤੇ ਬਹਾਲੀ ਲਈ ਸਮਰਪਿਤ ਹੈ।
ਹਰੇਕ ਵਿਅਕਤੀ ਨੂੰ ਵੀ ਕੁਝ ਹਾਸਲ ਕਰਨ ਲਈ ਬਹੁਤ ਕੁਝ ਕਰਨਾ ਹੈ, ਪਰ ਲੋਕ ਇਕੱਠੇ ਮਿਲ ਕੇ ਕੰਮ ਕਰ ਰਹੇ ਹਨ ਅਤੇ ਗਿਆਨ ਸਾਂਝਾ ਕਰ ਰਹੇ ਹਨ। ਮੈਂ ਆਪਣੇ ਛੋਟੇ ਜਿਹੇ ਹਿੱਸੇ ਲਈ ਇਹ ਜਾਣਦੀ ਹਾਂ ਕਿ ਅਸੀਂ ਇੱਕ ਮਹੱਤਵਪੂਰਨ ਨਿਵਾਸ ਸਥਾਨ ਨੂੰ ਮੁੜ ਸੁਰਜੀਤ ਕਰ ਸਕਦੇ ਹਾਂ, ਇਸਦੀ ਰੱਖਿਆ ਕਰ ਸਕਦੇ ਹਾਂ ਅਤੇ ਇਸ ਨੂੰ ਸਾਡੇ ਗ੍ਰਹਿ ਅਤੇ ਸਮਾਜ ਨੂੰ ਪ੍ਰਦਾਨ ਕਰਨ ਵਾਲੇ ਸਾਰੇ ਲਾਭਾਂ ਲਈ ਮੁੜ ਤੋਂ ਬਹਾਲ ਕਰ ਸਕਦੇ ਹਾਂ।
ਲੀਨ ਕੁਲੇਨ-ਅਨਸਵਰਥ
ਬਾਇਓ ਗੈਸ ਕਾਰੋਬਾਰ ਮਾਲਕ
2012 ਵਿੱਚ ਟਰੈਨ ਗਮ ਨੇ ਵੀਅਤਨਾਮ ਵਿੱਚ ਖੇਤਾਂ ਵਿੱਚ ਵਧੇਰੇ ਜਲਵਾਯੂ-ਅਨੁਕੂਲ ਊਰਜਾ ਸਰੋਤਾਂ ਨੂੰ ਪੇਸ਼ ਕਰਨਾ ਸ਼ੁਰੂ ਕੀਤਾ।
ਦੋ ਬੱਚਿਆਂ ਦੀ ਮਾਂ ਟਰੈਨ ਨੇ ਬਾਜ਼ਾਰ ਵਿੱਚ ਇੱਕ ਪਾੜਾ ਦੇਖਿਆ ਅਤੇ ਹਨੋਈ ਵਿੱਚ ਬਾਇਓਗੈਸ ਪਲਾਂਟ ਲਗਾਉਣ ਅਤੇ ਪ੍ਰਬੰਧਨ ਦਾ ਕਾਰੋਬਾਰ ਸ਼ੁਰੂ ਕੀਤਾ। ਉਸ ਨੇ ਬਾਅਦ ਵਿੱਚ ਇਸ ਸੰਚਾਲਨ ਨੂੰ ਤਿੰਨ ਗੁਆਂਢੀ ਪ੍ਰਾਂਤਾਂ ਵਿੱਚ ਵਿਸਥਾਰ ਦਿੱਤਾ।
ਉਸ ਦਾ ਪ੍ਰਾਜੈਕਟ ਗਾਂ ਅਤੇ ਸੂਰ ਦੇ ਮਲਮੂਤਰ, ਜਲਕੁੰਭੀ ਅਤੇ ਹੋਰ ਰਹਿੰਦ-ਖੂੰਹਦ ਨੂੰ ਬਾਇਓਗੈਸ ਵਿੱਚ ਬਦਲ ਕੇ ਕਿਸਾਨਾਂ ਨੂੰ ਲਾਗਤਾਂ ਵਿੱਚ ਕਟੌਤੀ ਕਰਨ ਵਿੱਚ ਮਦਦ ਕਰਦਾ ਹੈ। ਜਿਸ ਨੂੰ ਕੁਦਰਤੀ ਗੈਸ ਦੀ ਤੁਲਨਾ ਵਿੱਚ ਕਿਤੇ ਜ਼ਿਆਦਾ ਟਿਕਾਊ ਊਰਜਾ ਸਰੋਤ ਮੰਨਿਆ ਜਾਂਦਾ ਹੈ। ਜਿਸ ਦੀ ਵਰਤੋਂ ਖਾਣਾ ਬਣਾਉਣ ਅਤੇ ਘਰ ਦੇ ਉਪਕਰਨਾਂ ਨੂੰ ਚਲਾਉਣ ਲਈ ਊਰਜਾ ਵਜੋਂ ਕੀਤੀ ਜਾ ਸਕਦੀ ਹੈ।
ਟਰੈਨ ਵਰਗੇ ਕਾਰੋਬਾਰ ਸਥਾਨਕ ਭਾਈਚਾਰਿਆਂ ਨੂੰ ਸ਼ਾਮਲ ਕਰਦੇ ਹਨ ਅਤੇ ਜਲਵਾਯੂ ਪਰਿਵਰਤਨ ਨੂੰ ਘਟਾਉਣ ਲਈ ਲੋੜੀਂਦੇ ਸਿਆਸੀ ਸਮਰਥਨ ਪ੍ਰਦਾਨ ਕਰਦੇ ਹਨ।
ਸਾਨੂੰ ਜਿਉਣਾ ਚਾਹੀਦਾ ਹੈ ਅਤੇ ਚੰਗੀ ਤਰ੍ਹਾਂ ਜਿਉਣਾ ਚਾਹੀਦਾ ਹੈ। ਇਸ ਲਈ ਮੈਂ ਸਰੀਰਕ ਕਸਰਤ, ਸੰਤੁਲਿਤ ਭੋਜਨ ਅਤੇ ਨੀਂਦ ਦੇ ਪੈਟਰਨ ਨੂੰ ਕਾਇਮ ਰੱਖ ਕੇ ਆਪਣੀ ਸਿਹਤ ਨੂੰ ਵਧਾ ਕੇ ਆਪਣੇ ਅਜ਼ੀਜ਼ਾਂ ਨੂੰ ਸੰਭਾਲਣ ਅਤੇ ਉਨ੍ਹਾਂ ਦੀ ਰੱਖਿਆ ਕਰਨ ਦੀ ਕੋਸ਼ਿਸ਼ ਕੀਤੀ ਹੈ। ਮੈਂ ਲੋਕਾਂ ਨੂੰ ਜੈਵਿਕ ਜੀਵਨ ਸ਼ੈਲੀ ਜਿਉਣ, ਆਪਣੇ ਖ਼ੁਦ ਦੇ ਫਲ ਅਤੇ ਸਬਜ਼ੀਆਂ ਉਗਾਉਣ ਅਤੇ ਆਪਣੀਆਂ ਸਬਜ਼ੀਆਂ 'ਤੇ ਰਸਾਇਣਕ ਕੀਟਨਾਸ਼ਕਾਂ ਦੀ ਵਰਤੋਂ ਦੇ ਖਿਲਾਫ਼ ਸਮਰਥਨ ਕਰਨ ਲਈ ਵੀ ਉਤਸ਼ਾਹਿਤ ਕਰਦੀ ਹਾਂ।
ਟਰੈਨ ਗਮ
ਅਰਥਸ਼ਾਸਤਰੀ ਅਤੇ ਨੋਬੇਲ ਪੁਰਸਕਾਰ ਜੇਤੂ
ਇੱਕ ਅਮਰੀਕੀ ਆਰਥਿਕ ਇਤਿਹਾਸਕਾਰ ਅਤੇ ਕਿਰਤ ਅਰਥ ਸ਼ਾਸਤਰੀ, ਕਲਾਉਡੀਆ ਗੋਲਡਿਨ ਨੂੰ ਔਰਤਾਂ ਦੇ ਰੁਜ਼ਗਾਰ ਅਤੇ ਲਿੰਗ ਮੁਤਾਬਿਕ ਤਨਖਾਹ ਦੇ ਪਾੜੇ ਦੇ ਕਾਰਨਾਂ 'ਤੇ ਕੰਮ ਕਰਨ ਲਈ ਇਸ ਸਾਲ ਦਾ ਅਰਥ ਸ਼ਾਸਤਰ ਵਿੱਚ ਨੋਬੇਲ ਪੁਰਸਕਾਰ ਦਿੱਤਾ ਗਿਆ।
ਉਹ ਪੁਰਸਕਾਰ ਪ੍ਰਾਪਤ ਕਰਨ ਵਾਲੀ ਸਿਰਫ਼ ਤੀਜੀ ਔਰਤ ਹੈ ਅਤੇ ਪੁਰਸ਼ ਸਹਿਕਾਰਮੀਆਂ ਨਾਲ ਪੁਰਸਕਾਰ ਸਾਂਝਾ ਨਾ ਕਰਨ ਵਾਲੀ ਪਹਿਲੀ ਔਰਤ ਹੈ।
ਗੋਲਡਿਨ ਹਾਰਵਰਡ ਯੂਨੀਵਰਸਿਟੀ ਵਿੱਚ ਅਰਥ ਸ਼ਾਸਤਰ ਦੀ ਹੈਨਰੀ ਲੀ ਪ੍ਰੋਫੈਸਰ ਹੈ, ਅਤੇ ਆਮਦਨ ਅਸਮਾਨਤਾ, ਸਿੱਖਿਆ ਅਤੇ ਇਮੀਗ੍ਰੇਸ਼ਨ ਵਰਗੇ ਵਿਸ਼ਿਆਂ 'ਤੇ ਖੋਜ ਕਰਦੀ ਹੈ।
ਉਸ ਦੇ ਕੁਝ ਸਭ ਤੋਂ ਪ੍ਰਭਾਵਸ਼ਾਲੀ ਪੇਪਰ ਔਰਤਾਂ ਦੇ ਕਰੀਅਰ ਅਤੇ ਪਰਿਵਾਰ ਦੀ ਤਾਂਘ ਦੇ ਇਤਿਹਾਸ ਅਤੇ ਔਰਤਾਂ ਦੇ ਕਰੀਅਰ ਅਤੇ ਵਿਆਹ ਦੇ ਫੈਸਲਿਆਂ 'ਤੇ ਗਰਭ ਨਿਰੋਧਕ ਗੋਲੀ ਦੇ ਪ੍ਰਭਾਵ ਨੂੰ ਦੇਖਦੇ ਹਨ।
ਵਿਗਿਆਨੀ
ਹੁਣ ਵਰਲਡ ਰਿਸੋਰਸਜ਼ ਇੰਸਟੀਚਿਊਟ (ਡਬਲਯੂਆਰਆਈ) ਦੀ ਨਿਰਦੇਸ਼ਕ ਸੂਜ਼ਨ ਚੋਂਬਾ ਦਾ ਕਹਿਣਾ ਹੈ ਕਿ ਕੇਂਦਰੀ ਕੀਨੀਆ ਦੇ ਕਿਰੀਨਯਾਗਾ ਕਾਉਂਟੀ ਵਿੱਚ ਬਚਪਨ ਦੀ ਗਰੀਬੀ ਦਾ ਉਸ ਦਾ ਅਨੁਭਵ ਉਸ ਨੂੰ ਦੂਜਿਆਂ ਦੇ ਜੀਵਨ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰਨ ਲਈ ਪ੍ਰੇਰਿਤ ਕਰਦਾ ਹੈ।
ਉਹ ਮੁੱਖ ਤੌਰ 'ਤੇ ਜੰਗਲਾਂ ਦੀ ਸੁਰੱਖਿਆ, ਲੈਂਡਸਕੇਪ ਨੂੰ ਬਹਾਲ ਕਰਨ ਅਤੇ ਅਫ਼ਰੀਕਾ ਦੀਆਂ ਭੋਜਨ ਪ੍ਰਣਾਲੀਆਂ ਨੂੰ ਬਦਲਣ ਨਾਲ ਜੁੜੀ ਹੋਈ ਹੈ।
ਕਾਂਗੋ ਬੇਸਿਨ ਦੇ ਗਰਮ ਖੰਡੀ ਜੰਗਲਾਂ ਤੋਂ ਲੈ ਕੇ ਖੁਸ਼ਕ ਪੱਛਮੀ ਅਫ਼ਰੀਕੀ ਸਾਹੇਲ ਤੱਕ, ਅਤੇ ਨਾਲ ਹੀ ਪੂਰਬੀ ਅਫ਼ਰੀਕਾ ਤੱਕ, ਚੋਂਬਾ ਛੋਟੇ ਕਿਸਾਨਾਂ, ਖਾਸ ਤੌਰ 'ਤੇ ਔਰਤਾਂ ਅਤੇ ਨੌਜਵਾਨਾਂ ਨਾਲ ਕੰਮ ਕਰਨ ਵਿੱਚ ਸਮਾਂ ਬਿਤਾਉਂਦੀ ਹੈ, ਤਾਂ ਜੋ ਉਨ੍ਹਾਂ ਦੀ ਜ਼ਮੀਨ ਦਾ ਵੱਧ ਤੋਂ ਵੱਧ ਲਾਭ ਉਠਾਉਣ ਵਿੱਚ ਮਦਦ ਮਿਲ ਸਕੇ।
ਉਹ ਤੀਬਰ ਜਲਵਾਯੂ ਪਰਿਵਰਤਨ ਦੀ ਸਥਿਤੀ ਦੇ ਮੱਦੇਨਜ਼ਰ ਵਧੇਰੇ ਲਚਕੀਲੇ ਭਾਈਚਾਰਿਆਂ ਦਾ ਨਿਰਮਾਣ ਕਰਨ ਲਈ ਸਰਕਾਰਾਂ ਅਤੇ ਖੋਜਕਰਤਾਵਾਂ ਨਾਲ ਆਪਣੀ ਮੁਹਾਰਤ ਸਾਂਝੀ ਕਰਦੀ ਹੈ।
ਮੈਂ ਵਿਸ਼ਵ ਦੇ ਨੇਤਾਵਾਂ ਦੀ ਅਕਿਰਿਆਸ਼ੀਲਤਾ ਤੋਂ ਵਧੇਰੇ ਪ੍ਰਭਾਵਿਤ ਹਾਂ, ਖਾਸ ਤੌਰ 'ਤੇ ਵੱਡੇ ਪੱਧਰ 'ਤੇ ਨਿਕਾਸੀ ਕਰਨ ਵਾਲਿਆਂ ਤੋਂ, ਜਿਨ੍ਹਾਂ ਕੋਲ ਦਿਸ਼ਾ ਬਦਲਣ ਦੀ ਆਰਥਿਕ ਸ਼ਕਤੀ ਵੀ ਹੈ, ਪਰ ਉਹ ਧਨ, ਸ਼ਕਤੀ ਅਤੇ ਰਾਜਨੀਤੀ ਨਾਲ ਪਿੱਛੇ ਹਟ ਜਾਂਦੇ ਹਨ। ਉਨ੍ਹਾਂ ਭਾਵਨਾਵਾਂ ਦਾ ਪ੍ਰਬੰਧਨ ਕਰਨ ਲਈ, ਮੈਂ ਖ਼ੁਦ ਨੂੰ ਜ਼ਮੀਨੀ ਪੱਧਰ 'ਤੇ ਕਾਰਜਾਂ ਵਿੱਚ ਲਗਾ ਦਿੰਦੀ ਹਾਂ। ਕੁਦਰਤ ਦੀ ਸੁਰੱਖਿਆ ਅਤੇ ਇਸ ਦੀ ਬਹਾਲੀ 'ਤੇ ਪੂਰੇ ਅਫ਼ਰੀਕਾ ਵਿੱਚ ਔਰਤਾਂ ਅਤੇ ਨੌਜਵਾਨਾਂ ਨਾਲ ਕੰਮ ਕਰਦੀ ਹਾਂ। ਆਪਣੀਆਂ ਭੋਜਨ ਪ੍ਰਣਾਲੀਆਂ ਅਤੇ ਨੀਤੀਆਂ ਨੂੰ ਬਦਲਦੀ ਹਾਂ।
ਸੂਜ਼ਨ ਚੋਂਬਾ
ਏਆਈ ਮਾਹਰ
ਬੇਹੱਦ ਪ੍ਰਭਾਵਸ਼ਾਲੀ ਆਰਟੀਫਿਸ਼ੀਅਲ-ਇੰਟੈਲੀਜੈਂਸ ਕੰਪਿਊਟਰ ਵਿਗਿਆਨੀ ਟਿਮਨੀਤ ਜੇਬਰੂ ਡਿਸਟਰੀਬਿਊਟਿਡ ਆਰਟੀਫਿਸ਼ੀਅਲ ਇੰਟੈਲੀਜੈਂਸ ਰਿਸਰਚ ਇੰਸਟੀਚਿਊਟ (ਡੀਏਆਈਆਰ) ਦੀ ਸੰਸਥਾਪਕ ਅਤੇ ਕਾਰਜਕਾਰੀ ਨਿਰਦੇਸ਼ਕ ਹੈ। ਇਸ ਨੂੰ ''ਬਿਗ ਟੈਕ ਦੇ ਵਿਆਪਕ ਪ੍ਰਭਾਵ ਤੋਂ ਮੁਕਤ, ਸੁਤੰਤਰ, ਕਮਿਊਨਿਟੀ-ਆਧਾਰਿਤ ਏਆਈ ਖੋਜ ਲਈ ਇੱਕ ਸਪੇਸ" ਵਜੋਂ ਸਥਾਪਤ ਕੀਤਾ ਗਿਆ ਹੈ।
ਉਸ ਨੇ ਚਿਹਰੇ ਦੀ ਪਛਾਣ ਕਰਨ ਵਾਲੀਆਂ ਤਕਨਾਲੋਜੀਆਂ ਵਿੱਚ ਨਸਲੀ ਪੱਖਪਾਤ ਦੀ ਆਲੋਚਨਾ ਕੀਤੀ ਹੈ ਅਤੇ ਇੱਕ ਗੈਰ-ਲਾਭਕਾਰੀ ਸੰਸਥਾ ਦੀ ਸਹਿ-ਸਥਾਪਨਾ ਕੀਤੀ ਹੈ ਜੋ ਏਆਈ ਵਿੱਚ ਸਿਆਹਫਾਮ ਲੋਕਾਂ ਨੂੰ ਸ਼ਾਮਲ ਕਰਨ ਵਿੱਚ ਸੁਧਾਰ ਕਰਨ ਲਈ ਕੰਮ ਕਰਦੀ ਹੈ।
ਇਥੋਪੀਆ ਵਿੱਚ ਪੈਦਾ ਹੋਈ ਕੰਪਿਊਟਰ ਵਿਗਿਆਨੀ ਐਡਿਸਕੋਡਰ ਦੇ ਬੋਰਡ ਵਿੱਚ ਹੈ, ਜੋ ਇਥੋਪੀਆਈ ਵਿਦਿਆਰਥੀਆਂ ਨੂੰ ਪ੍ਰੋਗਰਾਮਿੰਗ ਸਿਖਾਉਂਦਾ ਹੈ।
2020 ਵਿੱਚ ਗੁਗਲ ਦੀ ਨੈਤਿਕ ਏਆਈ ਟੀਮ ਦੀ ਸਹਿ-ਲੀਡਰ ਵਜੋਂ ਕੰਮ ਕਰਦੇ ਹੋਏ, ਉਸ ਨੇ ਇੱਕ ਅਕਾਦਮਿਕ ਪੇਪਰ ਦਾ ਸਹਿ-ਲੇਖਨ ਕੀਤਾ ਜਿਸ ਵਿੱਚ ਘੱਟ ਗਿਣਤੀਆਂ ਅਤੇ ਹਾਸ਼ੀਆਗਤ ਲੋਕਾਂ ਅਤੇ ਸਥਾਨਾਂ ਵਿਰੁੱਧ ਢਾਂਚਾਗਤ ਪੱਖਪਾਤ ਸਮੇਤ ਏਆਈ ਭਾਸ਼ਾ ਦੇ ਮਾਡਲਾਂ ਵਿੱਚ ਮੁੱਦੇ ਉਠਾਏ ਗਏ।
ਰਿਪੋਰਟ ਦੇ ਕਾਰਨ ਉਸ ਨੂੰ ਕੰਪਨੀ ਛੱਡਣੀ ਪਈ। ਉਸ ਸਮੇਂ ਕੰਪਨੀ ਨੇ ਜਵਾਬ ਦਿੱਤਾ ਕਿ ਪੇਪਰ ਨੇ ਸਬੰਧਿਤ ਖੋਜ ਨੂੰ ਨਜ਼ਰਅੰਦਾਜ਼ ਕੀਤਾ ਅਤੇ ਕਿਹਾ ਕਿ ਜੇਬਰੂ ਨੇ ਅਸਤੀਫ਼ਾ ਦੇ ਦਿੱਤਾ ਹੈ। ਹਾਲਾਂਕਿ, ਜੇਬਰੂ ਦਾ ਕਹਿਣਾ ਹੈ ਕਿ ਕਾਰਜ ਸਥਾਨ 'ਤੇ ਵਿਤਕਰੇ ਦੇ ਮੁੱਦੇ ਉਠਾਉਣ ਕਾਰਨ ਉਸ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਸੀ।
ਸਮਾਜਿਕ ਮਨੋਵਿਗਿਆਨੀ
ਜਦੋਂ ਸਮਾਜਿਕ ਮਨੋਵਿਗਿਆਨੀ ਫੈਬੀਓਲਾ ਟ੍ਰੇਜੋ ਨੇ ਲਗਭਗ ਦੋ ਦਹਾਕੇ ਪਹਿਲਾਂ ਆਪਣੀ ਅਕਾਦਮਿਕ ਯਾਤਰਾ ਸ਼ੁਰੂ ਕੀਤੀ ਸੀ, ਤਾਂ ਮੈਕਸੀਕੋ ਵਿੱਚ ਸਮਾਜਿਕ ਨਿਆਂ ਦੇ ਮੁੱਦੇ ਵਜੋਂ ਔਰਤਾਂ ਦੇ ਜਿਨਸੀ ਸੁੱਖ 'ਤੇ ਧਿਆਨ ਕੇਂਦਰਿਤ ਕਰਨ ਵਾਲੀ ਕੋਈ ਖੋਜ ਨਹੀਂ ਹੋਈ ਸੀ।
ਟ੍ਰੇਜੋ ਨੇ ਆਪਣੇ ਕੰਮ ਨਾਲ ਰਾਹ ਪੱਧਰਾ ਕੀਤਾ, ਜੋ ਸਮਾਜਿਕ ਅਸਮਾਨਤਾ, ਲਿੰਗ-ਆਧਾਰਿਤ ਹਿੰਸਾ ਅਤੇ ਜਿਨਸੀ ਸੁੱਖ ਦੀ ਰਾਜਨੀਤਿਕ ਸ਼ਕਤੀ ਨੂੰ ਵੇਖਦਾ ਹੈ, ਅਤੇ ਔਰਤਾਂ ਲਈ ਜਿਨਸੀ ਨਿਆਂ ਨੂੰ ਉਤਸ਼ਾਹਿਤ ਕਰਨਾ ਚਾਹੁੰਦਾ ਹੈ।
ਉਸ ਦਾ ਤਰਕ ਹੈ ਕਿ ਕੁਝ ਅਸਮਾਨਤਾਵਾਂ ਔਰਤਾਂ ਨੂੰ ਜਿਨਸੀ ਤੌਰ 'ਤੇ ਵਧੇਰੇ ਕਮਜ਼ੋਰ ਬਣਾਉਂਦੀਆਂ ਹਨ। ਉਹ ਬੋਲਣ, ਵਿਗਿਆਨਕ ਖੋਜਾਂ ਅਤੇ ਵਿਹਾਰਕ ਵਰਕਸ਼ਾਪਾਂ ਰਾਹੀਂ ਲੋਕਾਂ ਨੂੰ ਇਨ੍ਹਾਂ ਮੁੱਦਿਆਂ ਨੂੰ ਦੂਰ ਕਰਨ ਵਾਲੇ ਤਰੀਕਿਆਂ ਨਾਲ ਆਨੰਦ, ਚਰਮ ਸੁੱਖ ਅਤੇ ਹੱਥਰਸੀ ਦਾ ਪਤਾ ਲਗਾਉਣ ਵਿੱਚ ਮਦਦ ਕਰਦੀ ਹੈ।
ਉਸ ਦਾ ਕੰਮ ਲਾਤੀਨੀ ਅਮਰੀਕਾ ਅਤੇ ਸਪੈਨਿਸ਼ ਬੋਲਣ ਵਾਲੇ ਭਾਈਚਾਰਿਆਂ ਨਾਲ ਸਬੰਧਿਤ ਹੈ, ਜਿੱਥੇ ਔਰਤਾਂ ਦੀ ਸਿਹਤ ਅਤੇ ਕਾਮੁਕਤਾ ਨਾਲ ਜੁੜੇ ਮੁੱਦੇ ਵਰਜਿਤ ਹਨ।
ਸਾਊਂਡ ਰਿਕਾਰਡਿਸਟ
ਹੱਥ ਵਿੱਚ ਟੇਪ ਰਿਕਾਰਡਰ ਲੈ ਕੇ ਇਜ਼ਾਬੇਲਾ ਡਲੂਜ਼ਿਕ ਪੋਲੈਂਡ ਵਿੱਚ ਯੂਰਪ ਦੇ ਸਭ ਤੋਂ ਪੁਰਾਣੇ ਅਤੇ ਸਭ ਤੋਂ ਵਧੀਆ ਸੁਰੱਖਿਅਤ ਜੰਗਲਾਂ ਵਿੱਚੋਂ ਇੱਕ ਬਿਆਲੋਵੇਏਜ਼ ਦੀਆਂ ਅਸਧਾਰਨ ਆਵਾਜ਼ਾਂ ਰਿਕਾਰਡ ਕਰਨ ਲਈ ਜਾਣੀ ਜਾਂਦੀ ਹੈ।
ਮਰਦਾਂ ਦੇ ਦਬਦਬੇ ਵਾਲੇ ਪੇਸ਼ੇ ਵਿੱਚ ਇੱਕ ਜਵਾਨ ਔਰਤ ਦਾ ਫੀਲਡ ਰਿਕਾਰਡਿਸਟ ਬਣਨਾ ਨਾ ਸਿਰਫ਼ ਇੱਕ ਅਸਾਧਾਰਨ ਗੱਲ ਹੈ, ਬਲਕਿ ਇਸ ਲਈ ਵੀ ਅਸਾਧਾਰਨ ਹੈ ਕਿਉਂਕਿ ਉਹ ਜਨਮ ਤੋਂ ਹੀ ਨੇਤਰਹੀਣ ਹੈ।
ਜਦੋਂ ਤੋਂ ਉਸਦੇ ਪਰਿਵਾਰ ਨੇ ਉਸਨੂੰ 12 ਸਾਲ ਦੀ ਉਮਰ ਵਿੱਚ ਇੱਕ ਟੇਪ ਰਿਕਾਰਡਰ ਦਿੱਤਾ ਸੀ, ਉਦੋਂ ਤੋਂ ਹੀ ਡਲੂਜ਼ਿਕ ਦੀ ਪੰਛੀਆਂ ਦੇ ਗਾਇਨ ਪ੍ਰਤੀ ਵਿਸ਼ੇਸ਼ ਸੰਵੇਦਨਸ਼ੀਲਤਾ ਵਿਕਸਿਤ ਹੋ ਗਈ ਅਤੇ ਉਹ ਆਪਣੇ ਕੰਨਾਂ ਨਾਲ ਪੂਰੀ ਤਰ੍ਹਾਂ ਨਾਲ ਪੰਛੀਆਂ ਦੀਆਂ ਪ੍ਰਜਾਤੀਆਂ ਦੀ ਪਛਾਣ ਕਰ ਸਕਦੀ ਹੈ।
ਉਸ ਦਾ ਮੰਨਣਾ ਹੈ ਕਿ ਕੁਦਰਤ ਦੀਆਂ ਧੁਨੀਆਂ ''ਇੱਕ ਦੂਜੇ ਵਿੱਚ ਕਿਸੇ ਵੀ ਮਤਭੇਦ ਨੂੰ ਮਹਿਸੂਸ ਕੀਤੇ ਬਿਨਾਂ'', ''ਸਾਰੀ ਚੰਗਿਆਈ, ਸੁੰਦਰਤਾ ਅਤੇ ਤਸੱਲੀ'' ਪ੍ਰਦਾਨ ਕਰਦੀਆਂ ਹਨ, ਉਨ੍ਹਾਂ ਨੂੰ ਸਾਂਝਾ ਕਰਨਾ ਸਾਡਾ ਇੱਕ ਵਿਸ਼ੇਸ਼ ਅਧਿਕਾਰ ਹੈ।
ਵਿਗਿਆਨੀ ਅਤੇ ਖੋਜੀ
ਅਮਰੀਕਾ ਵਿੱਚ ਮੈਸੇਚੁਸੈਟਸ ਇੰਸਟੀਚਿਊਟ ਆਫ਼ ਟੈਕਨਾਲੋਜੀ (ਐੱਮਆਈਟੀ) ਦੀ ਐਸੋਸੀਏਟ ਪ੍ਰੋਫੈਸਰ, ਕੈਨਨ ਦਗਦੇਵੀਰੇਨ ਨੇ ਹਾਲ ਹੀ ਵਿੱਚ ਛਾਤੀ ਦੇ ਕੈਂਸਰ ਦੀ ਸ਼ੁਰੂਆਤੀ ਪਛਾਣ ਕਰਨ ਲਈ ਇੱਕ ਪਹਿਨਣਯੋਗ ਅਲਟਰਾਸਾਊਂਡ ਪੈਚ ਦੀ ਖੋਜ ਕੀਤੀ ਹੈ।
ਉਸ ਨੇ ਆਪਣੀ ਮਾਸੀ ਤੋਂ ਪ੍ਰੇਰਨਾ ਪ੍ਰਾਪਤ ਕੀਤੀ, ਜਿਨ੍ਹਾਂ ਨੇ ਨਿਯਮਤ ਕੈਂਸਰ ਜਾਂਚ ਹੋਣ ਦੇ ਬਾਵਜੂਦ, 49 ਸਾਲ ਦੀ ਉਮਰ ਵਿੱਚ ਅੰਤਿਮ ਪੜਾਅ ਦੇ ਛਾਤੀ ਦੇ ਕੈਂਸਰ ਦਾ ਪਤਾ ਲੱਗਿਆ ਸੀ। ਇਸ ਨਾਲ ਉਨ੍ਹਾਂ ਦੀ ਛੇ ਮਹੀਨਿਆਂ ਬਾਅਦ ਮੌਤ ਹੋ ਗਈ।
ਆਪਣੀ ਮਾਸੀ ਦੇ ਬਿਸਤਰੇ 'ਤੇ, ਦਗਦੇਵੀਰੇਨ ਨੇ ਇੱਕ ਡਾਇਗਨੌਸਟਿਕ ਯੰਤਰ ਦੀ ਯੋਜਨਾ ਤਿਆਰ ਕੀਤੀ ਜਿਸ ਨੂੰ ਬ੍ਰਾ ਵਿੱਚ ਪਾਇਆ ਜਾ ਸਕਦਾ ਹੈ ਅਤੇ ਛਾਤੀ ਦੇ ਕੈਂਸਰ ਦੇ ਉੱਚ ਜੋਖਮ ਵਾਲੇ ਵਿਅਕਤੀਆਂ ਦੀ ਵਧੇਰੇ ਵਾਰ ਜਾਂਚ ਕਰਨ ਦੀ ਆਗਿਆ ਦੇਵੇਗੀ। ਇਹ ਤਕਨਾਲੋਜੀ ਸੰਭਾਵੀ ਤੌਰ 'ਤੇ ਲੱਖਾਂ ਜਾਨਾਂ ਬਚਾ ਸਕਦੀ ਹੈ।
ਖੋਜ ਯਾਤਰਾ ਗਾਈਡ
ਗਲੇਸ਼ੀਅਰ ਸਥਾਨਕ ਭਾਈਚਾਰਿਆਂ ਲਈ ਤਾਜ਼ੇ ਪਾਣੀ ਦਾ ਇੱਕ ਜ਼ਰੂਰੀ ਸਰੋਤ ਪ੍ਰਦਾਨ ਕਰਦੇ ਹਨ, ਪਰ ਕੋਲੰਬੀਆ ਵਿੱਚ ਉਹ ਤੇਜ਼ੀ ਨਾਲ ਅਲੋਪ ਹੋ ਰਹੇ ਹਨ।
ਐੱਨਜੀਓ ਕੰਬਰੇਸ ਬਲੈਂਕਾਸ (ਵ੍ਹਾਈਟ ਪੀਕਸ) ਦੀ ਸੰਸਥਾਪਕ ਮਾਰਸੇਲਾ ਫਰਨਾਂਡੇਜ਼ ਅਤੇ ਇਸ ਵਿੱਚ ਉਨ੍ਹਾਂ ਦੇ ਸਹਿਯੋਗੀ ਇਸ ਮੁੱਦੇ ਬਾਰੇ ਜਾਗਰੂਕਤਾ ਪੈਦਾ ਕਰਦੇ ਹਨ, ਜਿਸ ਵਿੱਚ ਇਸ ਗੱਲ ਨੂੰ ਉਜਾਗਰ ਕੀਤਾ ਜਾਂਦਾ ਹੈ ਕਿ ਪਹਿਲਾਂ ਮੌਜੂਦ 14 ਗਲੇਸ਼ੀਅਰਾਂ ਵਿੱਚੋਂ ਹੁਣ ਸਿਰਫ਼ ਛੇ ਬਚੇ ਹਨ ਅਤੇ ਇਹ ਖਤਰੇ ਵਿੱਚ ਹਨ।
ਵਿਗਿਆਨਕ ਮੁਹਿੰਮਾਂ ਰਾਹੀਂ ਅਤੇ ਪਰਬਤਾਰੋਹੀਆਂ, ਫੋਟੋਗ੍ਰਾਫ਼ਰਾਂ, ਵਿਗਿਆਨੀਆਂ ਅਤੇ ਕਲਾਕਾਰਾਂ ਦੀ ਇੱਕ ਟੀਮ ਨੂੰ ਇਕੱਠਾ ਕਰਕੇ, ਫਰਨਾਂਡੇਜ਼ ਤਬਦੀਲੀਆਂ ਦੀ ਨਿਗਰਾਨੀ ਕਰਦੀ ਹੈ ਅਤੇ ਗਲੇਸ਼ੀਅਰ ਦੇ ਨੁਕਸਾਨ ਨੂੰ ਰੋਕਣ ਲਈ ਰਚਨਾਤਮਕ ਤਰੀਕੇ ਵਿਕਸਿਤ ਕਰਦੀ ਹੈ।
ਇਸ ਸਬੰਧੀ ਆਪਣੇ ਇੱਕ ਹੋਰ ਪ੍ਰਾਜੈਕਟ, 'ਪਾਜ਼ਾਬੋਰਡੋ' (ਪੀਸ ਆਨ ਬੋਰਡ) ਦੇ ਨਾਲ, ਉਹ ਕੋਲੰਬੀਆ ਦੇ 50 ਸਾਲਾਂ ਦੇ ਅੰਦਰੂਨੀ ਹਥਿਆਰਬੰਦ ਸੰਘਰਸ਼ ਦੌਰਾਨ ਹਿੰਸਾ ਤੋਂ ਪ੍ਰਭਾਵਿਤ ਖੇਤਰਾਂ ਦਾ ਦੌਰਾ ਵੀ ਕਰਦੀ ਹੈ।
ਗਲੇਸ਼ੀਅਰਾਂ ਦੀ ਗੈਰ ਮੌਜੂਦਗੀ ਨੇ ਮੈਨੂੰ ਦੁੱਖ ਨਾਲ ਨਜਿੱਠਣਾ ਸਿਖਾਇਆ ਹੈ... ਜਦੋਂ ਤੁਸੀਂ ਉਨ੍ਹਾਂ ਨੂੰ ਸੁਣਦੇ ਹੋ ਤਾਂ ਤੁਸੀਂ ਜਾਣਦੇ ਹੋ ਕਿ ਉਨ੍ਹਾਂ ਦਾ ਨੁਕਸਾਨ ਇੱਕ ਅਜਿਹਾ ਨੁਕਸਾਨ ਹੈ ਜਿਸ ਨੂੰ ਅਸੀਂ ਠੀਕ ਨਹੀਂ ਕਰ ਸਕਦੇ, ਪਰ ਅਸੀਂ ਫਿਰ ਵੀ ਯੋਗਦਾਨ ਪਾ ਸਕਦੇ ਹਾਂ ਅਤੇ ਇੱਕ ਛਾਪ ਛੱਡ ਸਕਦੇ ਹਾਂ।
ਮਾਰਸੇਲਾ ਫਰਨਾਂਡੇਜ਼
ਡਾਇਰਿਸਟ ਅਤੇ ਸਥਿਰਤਾ ਸਮਰਥਕ
2018 ਤੋਂ ਬਾਯਾਂਗ ਈਕੋ-ਡਾਇਰੀ ਲਿਖਦੀ ਆ ਰਹੀ ਹੈ, ਸਥਾਨਕ ਪ੍ਰਜਾਤੀਆਂ ਅਤੇ ਪਾਣੀ ਦੇ ਸਰੋਤਾਂ ਵਿੱਚ ਤਬਦੀਲੀਆਂ ਦੀ ਨਿਗਰਾਨੀ ਕਰ ਰਹੀ ਹੈ, ਮੌਸਮ ਰਿਕਾਰਡ ਰੱਖ ਰਹੀ ਹੈ ਅਤੇ ਪੌਦਿਆਂ ਦਾ ਨਿਰੀਖਣ ਕਰ ਰਹੀ ਹੈ।
ਉਹ ਚੀਨ ਦੇ ਕਿੰਘਈ ਪ੍ਰਾਂਤ ਵਿੱਚ ਰਹਿੰਦੀ ਹੈ, ਜੋ ਕਿ ਜ਼ਿਆਦਾਤਰ ਤਿੱਬਤੀ ਪਠਾਰ 'ਤੇ ਸਥਿਤ ਹੈ ਅਤੇ ਪਹਿਲਾਂ ਹੀ ਉੱਚ ਤਾਪਮਾਨ, ਗਲੇਸ਼ੀਅਰਾਂ ਦੇ ਪਿਘਲਣ ਅਤੇ ਰੇਗਿਸਤਾਨ ਵਰਗੇ ਜਲਵਾਯੂ ਪਰਿਵਰਤਨ ਦੇ ਪ੍ਰਭਾਵਾਂ ਦਾ ਅਨੁਭਵ ਕਰ ਰਿਹਾ ਹੈ।
ਬਾਯਾਂਗ ਸੰਜਿਆਂਗਯੁਆਨ ਵੂਮੈਨ ਐਨਵਾਇਰਮੈਂਟਲਿਸਟ ਨੈੱਟਵਰਕ ਦਾ ਹਿੱਸਾ ਹੈ ਅਤੇ ਆਪਣੇ ਭਾਈਚਾਰੇ ਵਿੱਚ ਸਿਹਤ ਅਤੇ ਸਥਿਰਤਾ ਦਾ ਸਮਰਥਨ ਕਰਦੀ ਹੈ।
ਉਸ ਨੇ ਸਥਾਨਕ ਜਲ ਸਰੋਤਾਂ ਦੀ ਰੱਖਿਆ ਕਰਨ ਅਤੇ ਦੂਜਿਆਂ ਨੂੰ ਵਾਤਾਵਰਨ ਦੇ ਹਿੱਤ ਵਿੱਚ ਸ਼ਾਮਲ ਹੋਣ ਲਈ ਪ੍ਰੇਰਿਤ ਕਰਨ ਲਈ - ਲਿਪ ਬਾਮ, ਸਾਬਣ ਅਤੇ ਬੈਗ ਸਮੇਤ ਵਾਤਾਵਰਣ-ਅਨੁਕੂਲ ਉਤਪਾਦ ਬਣਾਉਣ ਵਿੱਚ ਹੁਨਰ ਹਾਸਲ ਕੀਤੇ ਹਨ।
ਵਾਤਾਵਰਨ ਸਲਾਹਕਾਰ
ਪੂਰੇ ਮਹਾਂਦੀਪ ਲਈ ਇੱਕ ਪ੍ਰੇਰਨਾਦਾਇਕ ਨੇਤਾ, ਵੰਜੀਰਾ ਮਥਾਈ ਕੋਲ ਸਮਾਜਿਕ ਅਤੇ ਵਾਤਾਵਰਨ ਤਬਦੀਲੀ ਦਾ ਮੁੱਦਾ ਉਠਾਉਣ ਦਾ 20 ਸਾਲਾਂ ਤੋਂ ਵੱਧ ਦਾ ਅਨੁਭਵ ਹੈ।
ਉਸ ਨੇ ਗਰੀਨ ਬੈਲਟ ਮੂਵਮੈਂਟ ਦੀ ਅਗਵਾਈ ਕੀਤੀ, ਜੋ ਕੀਨੀਆ ਵਿੱਚ ਇੱਕ ਅਹਿਮ ਸਵਦੇਸ਼ੀ ਜ਼ਮੀਨੀ ਪੱਧਰ ਦਾ ਸੰਗਠਨ ਹੈ, ਜਿਸ ਨੂੰ ਵੰਜੀਰਾ ਦੀ ਮਾਂ ਅਤੇ 2004 ਦੇ ਨੋਬੇਲ ਸ਼ਾਂਤੀ ਪੁਰਸਕਾਰ ਦੀ ਜੇਤੂ, ਵੰਗਾਰੀ ਮਥਾਈ ਦੁਆਰਾ ਸਥਾਪਿਤ ਕੀਤਾ ਗਿਆ ਸੀ। ਇਸ ਰਾਹੀਂ ਰੁੱਖ ਲਗਾ ਕੇ ਔਰਤਾਂ ਨੂੰ ਸਸ਼ਕਤ ਬਣਾਇਆ।
ਮਥਾਈ ਹੁਣ ਵਰਲਡ ਰਿਸੋਰਸਸ ਇੰਸਟੀਚਿਊਟ ਵਿੱਚ ਅਫ਼ਰੀਕਾ ਅਤੇ ਗਲੋਬਲ ਪਾਰਟਨਰਸ਼ਿਪਸ ਦੀ ਮੈਨੇਜਿੰਗ ਡਾਇਰੈਕਟਰ ਹੈ, ਅਤੇ ਵੰਗਾਰੀ ਮਥਾਈ ਫਾਊਂਡੇਸ਼ਨ ਦੀ ਚੇਅਰਮੈਨ ਹੈ।
ਉਹ ਵਰਤਮਾਨ ਵਿੱਚ ਬੇਜ਼ੋਸ ਅਰਥ ਫੰਡ ਦੇ ਨਾਲ-ਨਾਲ ਕਲੀਨ ਕੁਕਿੰਗ ਅਲਾਇੰਸ ਅਤੇ ਯੂਰਪੀਅਨ ਕਲਾਈਮੇਟ ਫਾਊਂਡੇਸ਼ਨ ਲਈ ਅਫ਼ਰੀਕੀ ਸਲਾਹਕਾਰ ਵਜੋਂ ਕੰਮ ਕਰਦੀ ਹੈ।
ਕਾਰਵਾਈ 'ਸਥਾਨਕ' ਹੈ। ਸਾਨੂੰ ਸਥਾਨਕ ਪਹਿਲਕਦਮੀਆਂ ਜਿਵੇਂ ਕਿ ਰੁੱਖ-ਆਧਾਰਿਤ ਉੱਦਮੀਆਂ ਅਤੇ ਮੁੜ ਪ੍ਰਾਪਤੀ, ਨਵਿਆਉਣਯੋਗ ਊਰਜਾ ਅਤੇ ਸਰਕੂਲਰ ਅਰਥਚਾਰੇ ਦੇ ਆਲੇ-ਦੁਆਲੇ ਕਮਿਊਨਿਟੀ-ਅਗਵਾਈ ਵਾਲੇ ਕੰਮ ਦਾ ਸਮਰਥਨ ਕਰਨ ਦੀ ਲੋੜ ਹੈ। ਇਸ ਤਰ੍ਹਾਂ ਦੇ ਹੇਠਲੇ ਪੱਧਰ ਦੇ ਯਤਨ ਮੈਨੂੰ ਉਮੀਦ ਦਿੰਦੇ ਹਨ ਕਿਉਂਕਿ ਉਹ ਸਾਨੂੰ ਦਿਖਾਉਂਦੇ ਹਨ ਕਿ ਕੀ ਕੁਝ ਸੰਭਵ ਹੈ।
ਵੰਜੀਰਾ ਮਥਾਈ
ਦਾਈ
ਜਦੋਂ ਪਿਛਲੇ ਸਾਲ ਪਾਕਿਸਤਾਨ ਵਿੱਚ ਵਿਨਾਸ਼ਕਾਰੀ ਹੜ੍ਹ ਆਏ, ਤਾਂ ਦਾਈ ਨੇਹਾ ਮਨਕਾਨੀ ਨੇ ਆਪਣਾ ਕੁਸ਼ਲ ਪੇਸ਼ ਕਰਨ ਲਈ ਪ੍ਰਭਾਵਿਤ ਖੇਤਰਾਂ ਦੀ ਯਾਤਰਾ ਕੀਤੀ।
ਆਪਣੀ ਚੈਰਿਟੀ 'ਮਾਮਾ ਬੇਬੀ ਫੰਡ' ਰਾਹੀਂ ਮਨਕਾਨੀ ਅਤੇ ਉਨ੍ਹਾਂ ਦੀ ਟੀਮ ਨੇ 15,000 ਤੋਂ ਵੱਧ ਹੜ੍ਹ ਪ੍ਰਭਾਵਿਤ ਪਰਿਵਾਰਾਂ ਨੂੰ ਜੀਵਨ ਰੱਖਿਅਕ ਜਣੇਪਾ ਕਿੱਟਾਂ ਅਤੇ ਦਾਈਆਂ ਦੀ ਦੇਖਭਾਲ ਪ੍ਰਦਾਨ ਕੀਤੀ।
ਉਨ੍ਹਾਂ ਦਾ ਆਮ ਅਭਿਆਸ ਘੱਟ-ਸਰੋਤ ਵਾਲੇ ਖੇਤਰ, ਐਮਰਜੈਂਸੀ ਪ੍ਰਤੀਕਿਰਿਆ ਅਤੇ ਜਲਵਾਯੂ-ਪ੍ਰਭਾਵਿਤ ਭਾਈਚਾਰਿਆਂ 'ਤੇ ਕੇਂਦਰਿਤ ਹੈ।
ਮਾਮਾ ਬੇਬੀ ਫੰਡ ਨੇ ਹੁਣ ਇੱਕ ਕਿਸ਼ਤੀ ਐਂਬੂਲੈਂਸ ਸ਼ੁਰੂ ਕਰਨ ਲਈ ਢੁੱਕਵਾਂ ਪੈਸਾ ਇਕੱਠਾ ਕੀਤਾ ਹੈ ਜੋ ਤੱਟਵਰਤੀ ਭਾਈਚਾਰਿਆਂ ਵਿੱਚ ਰਹਿਣ ਵਾਲੀਆਂ ਗਰਭਵਤੀ ਔਰਤਾਂ ਨੂੰ ਤੁਰੰਤ ਇਲਾਜ ਲਈ ਨੇੜਲੇ ਹਸਪਤਾਲਾਂ ਅਤੇ ਕਲੀਨਿਕਾਂ ਤੱਕ ਪਹੁੰਚਾਏਗੀ।
ਜਲਵਾਯੂ ਨਾਲ ਸਬੰਧਤ ਆਫ਼ਤਾਂ ਦਾ ਸਾਹਮਣਾ ਕਰ ਰਹੇ ਭਾਈਚਾਰਿਆਂ ਵਿੱਚ ਦਾਈਆਂ ਦਾ ਕੰਮ ਮਹੱਤਵਪੂਰਨ ਹੈ। ਅਸੀਂ ਦੋਵੇਂ ਯਾਨੀ ਪਹਿਲੇ ਪ੍ਰਤੀਕਿਰਿਆ ਕਰਤਾ ਅਤੇ ਜਲਵਾਯੂ ਕਾਰਕੁੰਨ ਹਾਂ, ਜੋ ਇਹ ਯਕੀਨੀ ਬਣਾਉਂਦੇ ਹਨ ਕਿ ਔਰਤਾਂ ਪ੍ਰਜਨਨ, ਗਰਭ ਅਵਸਥਾ ਅਤੇ ਜਣੇਪੇ ਤੋਂ ਬਾਅਦ ਦੀ ਦੇਖਭਾਲ ਪ੍ਰਾਪਤ ਕਰਨਾ ਜਾਰੀ ਰੱਖ ਸਕਣ, ਭਾਵੇਂ ਉਨ੍ਹਾਂ ਦੇ ਆਸ ਪਾਸ ਦੀ ਸਥਿਤੀ ਖਰਾਬ ਹੀ ਕਿਉਂ ਨਾ ਹੋ ਰਹੀ ਹੋਵੇ।
ਨੇਹਾ ਮਨਕਾਨੀ
ਸਮੇਂ ਤੋਂ ਪਹਿਲਾਂ ਮੀਨੋਪੌਜ਼ ਪ੍ਰਚਾਰਕ
ਇਜ਼ਾਬੈਲ ਫਰਿਆਸ ਮੀਅਰ ਨੂੰ ਕਦੇ ਵੀ ਅਨੁਮਾਨ ਨਹੀਂ ਸੀ ਕਿ ਉਸਦਾ ਅਨਿਯਮਿਤ ਮਾਹਵਾਰੀ ਚੱਕਰ ਕਿਸੇ ਵੀ ਸ਼ੱਕੀ ਚੀਜ਼ ਦਾ ਲੱਛਣ ਸੀ, ਪਰ 18 ਸਾਲ ਦੀ ਉਮਰ ਵਿੱਚ ਉਸ ਨੂੰ ਸਮੇਂ ਤੋਂ ਪਹਿਲਾਂ ਮੀਨੋਪੌਜ਼ ਜਾਂ ਸਮੇਂ ਤੋਂ ਪਹਿਲਾਂ ਅੰਡਕੋਸ਼ ਦੀ ਘਾਟ ਦਾ ਪਤਾ ਲੱਗਿਆ। ਇਹ ਸਥਿਤੀ ਉਦੋਂ ਵਾਪਰਦੀ ਹੈ ਜਦੋਂ ਅੰਡਕੋਸ਼ ਸਹੀ ਢੰਗ ਨਾਲ ਕੰਮ ਕਰਨਾ ਬੰਦ ਕਰ ਦਿੰਦਾ ਹੈ ਅਤੇ 40 ਸਾਲ ਤੋਂ ਘੱਟ ਉਮਰ ਦੀਆਂ ਅੰਦਾਜ਼ਨ 1% ਔਰਤਾਂ ਨੂੰ ਪ੍ਰਭਾਵਿਤ ਕਰਦਾ ਹੈ।
ਔਰਤਾਂ ਨੂੰ ਮੀਨੋਪੌਜ਼ ਦੇ ਸਮਾਨ ਲੱਛਣਾਂ ਦਾ ਅਨੁਭਵ ਹੁੰਦਾ ਹੈ, ਪਰ ਬਹੁਤ ਛੋਟੀ ਉਮਰ ਵਿੱਚ। ਫਰਿਆਸ ਨੇ ਇਸ ਬਾਰੇ ਖੁੱਲ੍ਹ ਕੇ ਗੱਲ ਕੀਤੀ ਹੈ ਕਿ ਇਹ ਸਥਿਤੀ ਉਸ ਦੇ ਜੀਵਨ ਨੂੰ ਕਿਵੇਂ ਪ੍ਰਭਾਵਿਤ ਕਰਦੀ ਹੈ, ਜਿਸ ਵਿੱਚ ਓਸਟੀਓਪੋਰੋਸਿਸ ਨਾਲ ਰਹਿਣਾ ਵੀ ਸ਼ਾਮਲ ਹੈ।
30 ਸਾਲਾ ਪੱਤਰਕਾਰ ਨੇ ਲਾਤੀਨੀ ਅਮਰੀਕਾ ਵਿੱਚ ਸਮੇਂ ਤੋਂ ਪਹਿਲਾਂ ਮੀਨੋਪੌਜ਼ ਲਈ ਜਾਣਕਾਰੀ ਸਾਂਝਾ ਕਰਨ ਲਈ ਮਿੱਥਾਂ ਨਾਲ ਨਜਿੱਠਣ ਅਤੇ ਸਥਿਤੀ ਤੋਂ ਪੀੜਤ ਲੋਕਾਂ ਲਈ ਸੁਰੱਖਿਅਤ ਥਾਵਾਂ ਬਣਾਉਣ ਲਈ ਪਹਿਲਾ ਖੇਤਰੀ ਨੈੱਟਵਰਕ ਸ਼ੁਰੂ ਕੀਤਾ ਹੈ।
ਜਲਵਾਯੂ ਅਤੇ ਅਪੰਗਤਾ ਵਿੱਚ ਸਲਾਹਕਾਰ
ਇੱਕ ਮਨੁੱਖੀ ਅਧਿਕਾਰਾਂ ਦੀ ਨੇਤਰਹੀਣ ਵਕੀਲ ਏਲਹਮ ਯੂਸਫੀਅਨ ਜਲਵਾਯੂ ਪਰਿਵਰਤਨ ਨੂੰ ਸੰਬੋਧਿਤ ਕਰਦੇ ਸਮੇਂ ਖਾਸ ਤੌਰ 'ਤੇ ਮੌਸਮੀ ਘਟਨਾਵਾਂ ਦੀ ਸੰਕਟਕਾਲੀ ਪ੍ਰਤੀਕਿਰਿਆ ਸਬੰਧੀ ਵਿਕਲਾਂਗ ਲੋਕਾਂ ਨੂੰ ਸ਼ਾਮਲ ਕਰਨ ਲਈ ਇੱਕ ਉਤਸ਼ਾਹੀ ਸਮਰਥਕ ਹੈ।
ਈਰਾਨ ਵਿੱਚ ਪੈਦਾ ਅਤੇ ਵੱਡੀ ਹੋਈ, ਯੂਸਫੀਅਨ 2016 ਵਿੱਚ ਅਮਰੀਕਾ ਚਲੀ ਗਈ। ਅੱਜ, ਉਹ ਅੰਤਰਰਾਸ਼ਟਰੀ ਵਿਕਲਾਂਗਤਾ ਗੱਠਜੋੜ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ, ਜੋ ਅਪਾਹਜ ਲੋਕਾਂ ਦੀ ਪ੍ਰਤੀਨਿਧਤਾ ਕਰਨ ਵਾਲੇ 1,100 ਤੋਂ ਵੱਧ ਸੰਗਠਨਾਂ ਦਾ ਇੱਕ ਗਲੋਬਲ ਨੈੱਟਵਰਕ ਹੈ।
ਉਸ ਦਾ ਮਿਸ਼ਨ ਅਪਾਹਜ ਲੋਕਾਂ 'ਤੇ ਜਲਵਾਯੂ ਪਰਿਵਰਤਨ ਦੇ ਪ੍ਰਭਾਵਾਂ ਬਾਰੇ ਨੀਤੀ ਨਿਰਮਾਤਾਵਾਂ ਨੂੰ ਉਨ੍ਹਾਂ ਦੀਆਂ ਜ਼ਿੰਮੇਵਾਰੀਆਂ ਬਾਰੇ ਸਿੱਖਿਅਤ ਕਰਨਾ ਹੈ। ਉਹ ਜਲਵਾਯੂ ਸੰਕਟ ਦੇ ਵਿਰੁੱਧ ਲੜਾਈ ਵਿੱਚ ਅਪਾਹਜ ਵਿਅਕਤੀਆਂ ਦੀ ਅਥਾਹ ਸੰਭਾਵਨਾ ਦੀ ਵੀ ਹਿਮਾਇਤ ਕਰਦੀ ਹੈ।
ਅਸੀਂ ਵਿਕਲਾਂਗ ਵਿਅਕਤੀਆਂ ਦੇ ਤੌਰ 'ਤੇ ਗੁੰਝਲਦਾਰ ਚੁਣੌਤੀਆਂ ਨੂੰ ਪਾਰ ਕਰਨ ਅਤੇ ਹੱਲ ਲੱਭਣ ਦੀ ਆਪਣੀ ਯੋਗਤਾ ਨੂੰ ਵਾਰ-ਵਾਰ ਸਾਬਤ ਕੀਤਾ ਹੈ। ਵਿਕਲਾਂਗ ਲੋਕ ਜਲਵਾਯੂ ਪਰਿਵਰਤਨ ਦੇ ਵਿਰੁੱਧ ਲੜਾਈ ਵਿੱਚ ਸਭ ਤੋਂ ਅੱਗੇ ਖੜ੍ਹੇ ਹੋ ਸਕਦੇ ਹਨ ਅਤੇ ਉਨ੍ਹਾਂ ਨੂੰ ਖੜ੍ਹਾ ਹੋਣਾ ਵੀ ਚਾਹੀਦਾ ਹੈ।
ਏਲਹਮ ਯੂਸਫੀਅਨ
ਵਿਗਿਆਨੀ
ਔਰਤੋ ਅਤੇ ਕੁੜੀਓ, ਤੁਸੀਂ ਜਲਵਾਯੂ ਹੱਲ ਦਾ ਹਿੱਸਾ ਹੋ'। ਇਹ ਓਮਾਨੀ ਵਿਗਿਆਨੀ ਰੂਮੈਥਾ ਅਲ ਬੁਸੈਦੀ ਦੀ 2021 ਟੈੱਡ ਟਾਕ ਦਾ ਸਿਰਲੇਖ ਹੈ, ਜਿਸ ਨੂੰ ਇੱਕ ਮਿਲੀਅਨ ਤੋਂ ਵੱਧ ਵਾਰ ਦੇਖਿਆ ਗਿਆ ਹੈ। ਇਹ ਅਰਬ ਔਰਤਾਂ ਦੇ ਅਧਿਕਾਰਾਂ ਪ੍ਰਤੀ ਉਸ ਦੇ ਸਮਰਥਨ ਨੂੰ ਦਰਸਾਉਂਦਾ ਹੈ।
ਅਲ ਬੁਸੈਦੀ ਦੀ ਮੁਹਾਰਤ ਨੇ ਉਸ ਨੂੰ ਜਲਵਾਯੂ ਤਬਦੀਲੀ ਦੀ ਅਰਬ ਯੁਵਾ ਪ੍ਰੀਸ਼ਦ ਅਤੇ ਓਮਾਨ ਦੀ ਵਾਤਾਵਰਨ ਸੁਸਾਇਟੀ ਵਿੱਚ ਸਥਾਨ ਦਿਵਾਇਆ ਹੈ।
ਉਸ ਨੇ ਬਾਇਡਨ ਪ੍ਰਸ਼ਾਸਨ ਨੂੰ ਜਲਵਾਯੂ-ਸੂਚਿਤ ਵਿਦੇਸ਼ੀ ਸਹਾਇਤਾ ਪ੍ਰਦਾਨ ਕਰਨ ਅਤੇ ਗ੍ਰੀਨਲੈਂਡ ਦੀ ਸਰਕਾਰ ਨੂੰ ਟਿਕਾਊ ਸੈਰ-ਸਪਾਟੇ ਬਾਰੇ ਵੀ ਸਲਾਹ ਦਿੱਤੀ ਹੈ।
ਉਹ ਦੱਖਣੀ ਧਰੁਵ 'ਤੇ ਪਹੁੰਚਣ ਵਾਲੀ ਸਭ ਤੋਂ ਘੱਟ ਉਮਰ ਦੀ ਓਮਾਨੀ ਔਰਤ ਹੈ ਅਤੇ ਵੂਮੈਨਐਕਸ (WomeX) ਦੀ ਸੰਸਥਾਪਕ ਹੈ, ਜੋ ਅਰਬ ਔਰਤਾਂ ਨੂੰ ਵਪਾਰਕ ਗੱਲਬਾਤ ਦੇ ਹੁਨਰ ਵਿਕਸਿਤ ਕਰਨ ਵਿੱਚ ਮਦਦ ਕਰਨ ਲਈ ਇੱਕ ਮੰਚ ਹੈ।
ਜਲਵਾਯੂ ਪਰਿਵਰਤਨ 'ਤੇ ਕਾਬੂ ਪਾਉਣ ਦਾ ਇੱਕ ਨੰਬਰ ਹੱਲ ਹੈ ਔਰਤਾਂ ਅਤੇ ਲੜਕੀਆਂ ਦਾ ਸਸ਼ਕਤੀਕਰਨ। ਉਨ੍ਹਾਂ ਦੇ ਭਾਈਚਾਰਿਆਂ ਵਿੱਚ ਉਨ੍ਹਾਂ ਦਾ ਬਹੁਗੁਣਾ ਪ੍ਰਭਾਵ ਧਾਰਨਾਵਾਂ ਅਤੇ ਕਾਰਵਾਈਆਂ ਨੂੰ ਬਦਲ ਦੇਵੇਗਾ ਅਤੇ ਇਸ ਸਥਾਨ ਦੀ ਰੱਖਿਆ ਕਰੇਗਾ ਜਿਸ ਨੂੰ ਅਸੀਂ ਘਰ ਕਹਿੰਦੇ ਹਾਂ।
ਰੁਮੈਥਾ ਅਲ ਬੁਸੈਦੀ
ਬੱਚਿਆਂ ਦੇ ਅਧਿਕਾਰਾਂ ਦੀ ਸਮਰਥਕ
ਯੂਕਰੇਨੀ ਬੱਚਿਆਂ ਦੀ ਯੁੱਧ ਦੇ ਸਦਮੇ ਵਿੱਚ ਮਦਦ ਕਰਨਾ ਓਲੇਨਾ ਰੋਜ਼ਵਾਡੋਵਸਕਾ ਦਾ ਮਿਸ਼ਨ ਹੈ। ਉਹ ਵੌਇਸਸ ਆਫ਼ ਚਿਲਡਰਨ ਦੀ ਸਹਿ-ਸੰਸਥਾਪਕ ਹੈ, ਜੋ ਮਨੋਵਿਗਿਆਨਕ ਸਹਾਇਤਾ ਪ੍ਰਦਾਨ ਕਰਨ ਵਾਲੀ ਚੈਰਿਟੀ ਹੈ।
ਸੰਗਠਨ ਦੀ ਸ਼ੁਰੂਆਤ 2019 ਵਿੱਚ ਇੱਕ ਜ਼ਮੀਨੀ ਪੱਧਰ ਦੀ ਪਹਿਲਕਦਮੀ ਦੇ ਰੂਪ ਵਿੱਚ ਹੋਈ ਸੀ। ਚਾਰ ਸਾਲ ਬਾਅਦ ਜਦੋਂ ਰੂਸੀ ਸਮਰਥਿਤ ਵੱਖਵਾਦੀਆਂ ਨੇ ਯੂਕਰੇਨ ਦੇ ਵਿਰੁੱਧ ਲੜਨਾ ਸ਼ੁਰੂ ਕੀਤਾ ਤਾਂ ਰੋਜ਼ਵਾਡੋਵਸਕਾ ਨੇ ਡੋਨਬਾਸ ਵਿੱਚ ਫਰੰਟਲਾਈਨ ਦੇ ਨਜ਼ਦੀਕ ਸਵੈਇੱਛਾ ਨਾਲ ਕੰਮ ਕੀਤਾ।
ਫਾਊਂਡੇਸ਼ਨ ਕੋਲ ਹੁਣ 14 ਕੇਂਦਰਾਂ ਵਿੱਚ 100 ਤੋਂ ਵੱਧ ਮਨੋਵਿਗਿਆਨੀ ਕੰਮ ਕਰ ਰਹੇ ਹਨ, ਨਾਲ ਹੀ ਇੱਕ ਮੁਫਤ ਹੌਟਲਾਈਨ ਵੀ ਹੈ। ਇਸ ਨੇ ਹਜ਼ਾਰਾਂ ਬੱਚਿਆਂ ਅਤੇ ਮਾਪਿਆਂ ਦੀ ਮਦਦ ਕੀਤੀ ਹੈ।
ਰੋਜ਼ਵਾਡੋਵਸਕਾ ਨੇ ਆਸਕਰ-ਨਾਮਜ਼ਦ ਦਸਤਾਵੇਜ਼ੀ ਫਿਲਮ 'ਏ ਹਾਊਸ ਮੇਡ ਆਫ ਸਪਲਿੰਟਰਜ਼' ਵਿੱਚ ਹਿੱਸਾ ਲਿਆ ਅਤੇ ਆਪਣੀ ਟੀਮ ਨਾਲ ਇੱਕ ਕਿਤਾਬ 'ਵਾਰ ਥ੍ਰੂ ਦਿ ਵੌਇਸਸ ਆਫ਼ ਚਿਲਡਰਨ' ਪ੍ਰਕਾਸ਼ਿਤ ਕੀਤੀ।
ਟ੍ਰੈਫਿਕ ਸੁਰੱਖਿਆ ਦੀ ਪ੍ਰੋਫੈਸਰ
ਦਹਾਕਿਆਂ ਤੋਂ ਔਸਤ ਮਰਦਾਂ ਦੇ ਆਧਾਰ 'ਤੇ ਕ੍ਰੈਸ਼-ਟੈਸਟ ਡਮੀ ਦੀ ਵਰਤੋਂ ਕਰਕੇ ਕਾਰਾਂ ਦਾ ਨਿਰਮਾਣ ਕੀਤਾ ਗਿਆ ਹੈ - ਭਾਵੇਂ ਕਿ ਅੰਕੜੇ ਦਰਸਾਉਂਦੇ ਹਨ ਕਿ ਔਰਤਾਂ ਨੂੰ ਸਾਹਮਣੇ ਦੀ ਸੱਟ ਲੱਗਣ ਜਾਂ ਮੌਤ ਦਾ ਖ਼ਤਰਾ ਵਧੇਰੇ ਹੁੰਦਾ ਹੈ।
ਇੰਜੀਨੀਅਰ ਐਸਟ੍ਰਿਡ ਲਿੰਡਰ ਨੇ ਇਸ ਨੂੰ ਬਦਲਣ ਲਈ ਕੰਮ ਕੀਤਾ ਹੈ, ਜਿਸ ਨਾਲ ਦੁਨੀਆ ਦੀ ਪਹਿਲੀ ਔਸਤ-ਆਕਾਰ ਦੀ ਔਰਤ ਕ੍ਰੈਸ਼ ਟੈਸਟ ਡਮੀ ਬਣਾਉਣ ਲਈ ਪ੍ਰਾਜੈਕਟ ਦੀ ਅਗਵਾਈ ਕੀਤੀ ਗਈ ਹੈ, ਜੋ ਔਰਤਾਂ ਦੇ ਸਰੀਰਾਂ ਦੇ ਆਕਾਰ ਵਿਗਿਆਨ ਨੂੰ ਧਿਆਨ ਵਿੱਚ ਰੱਖਦੀ ਹੈ।
ਸਵੀਡਿਸ਼ ਨੈਸ਼ਨਲ ਰੋਡ ਐਂਡ ਟ੍ਰਾਂਸਪੋਰਟ ਰਿਸਰਚ ਇੰਸਟੀਚਿਊਟ (ਵੀਟੀਆਈ) ਵਿਖੇ ਟ੍ਰੈਫਿਕ ਸੇਫਟੀ ਦੀ ਪ੍ਰੋਫੈਸਰ ਅਤੇ ਚਾਮਰਸ ਯੂਨੀਵਰਸਿਟੀ ਵਿੱਚ ਸਹਾਇਕ ਪ੍ਰੋਫੈਸਰ, ਲਿੰਡਰ ਬਾਇਓਮੈਕਨਿਕਸ ਅਤੇ ਸੜਕ 'ਤੇ ਲੱਗਣ ਵਾਲੀਆਂ ਸੱਟਾਂ ਦੀ ਰੋਕਥਾਮ ਵਿੱਚ ਮਾਹਰ ਹੈ।
ਕਣ ਭੌਤਿਕ ਵਿਗਿਆਨੀ
ਕਣ ਭੌਤਿਕ ਵਿਗਿਆਨ 'ਤੇ ਇੱਕ ਖੋਜਕਾਰ, ਪ੍ਰੋ. ਅਨਾਮਾਰੀਆ ਫੌਂਟ ਵਿਲਾਰੋਏਲ ਸੁਪਰ ਸਟ੍ਰਿੰਗ ਥਿਊਰੀ 'ਤੇ ਕੇਂਦਰਿਤ ਕਰਦੀ ਹੈ ਜੋ ਕੁਦਰਤ ਦੇ ਸਾਰੇ ਕਣਾਂ ਅਤੇ ਬੁਨਿਆਦੀ ਸ਼ਕਤੀਆਂ ਨੂੰ ਊਰਜਾ ਦੇ ਛੋਟੇ, ਕੰਬਣਸ਼ੀਲ ਤਾਰਾਂ ਦੇ ਰੂਪ ਵਿੱਚ ਮਾਡਲਿੰਗ ਕਰਕੇ ਸਮਝਾਉਣ ਦੀ ਕੋਸ਼ਿਸ਼ ਕਰਦੀ ਹੈ।
ਜਦੋਂ ਪਦਾਰਥ ਦੀ ਸੰਰਚਨਾ ਅਤੇ ਕੁਆਂਟਮ ਗਰੈਵਿਟੀ ਦੀ ਬਣਤਰ ਦੀ ਗੱਲ ਆਉਂਦੀ ਹੈ ਤਾਂ ਫੌਂਟ ਦੀ ਖੋਜ ਨੇ ਸਿਧਾਂਤ ਦੇ ਨਤੀਜਿਆਂ ਦੀ ਸਮਝ ਨੂੰ ਗਹਿਰਾ ਕਰ ਦਿੱਤਾ ਹੈ, ਜੋ ਬਲੈਕ ਹੋਲ ਦੇ ਵਿਵਰਣ ਅਤੇ ਬਿਗ ਬੈਂਗ ਤੋਂ ਬਾਅਦ ਦੇ ਪਹਿਲੇ ਪਲਾਂ ਲਈ ਵੀ ਪ੍ਰਸੰਗਿਕ ਹਨ।
ਉਸ ਨੂੰ ਪਹਿਲਾਂ ਵੈਨੇਜ਼ੁਏਲਾ ਵਿੱਚ ਫੰਡਾਸੀਓਨ ਪੋਲਰ ਪੁਰਸਕਾਰ ਮਿਲ ਚੁੱਕਾ ਹੈ ਅਤੇ ਇਸ ਸਾਲ ਉਸ ਨੂੰ ਯੂਨੈਸਕੋ ਵੂਮੈਨ ਇਨ ਸਾਇੰਸ ਐਵਾਰਡ ਲਈ ਜੇਤੂ ਚੁਣਿਆ ਗਿਆ ਸੀ।
ਸਟੋਰੀਟੈਲਰ
ਇੱਕ ਵਾਤਾਵਰਨਵਾਦੀ ਅਤੇ ਕੰਟੈਟ ਨਿਰਮਾਤਾ ਦੇ ਰੂਪ ਵਿੱਚ ਕਿਯੂਨ ਵੂ ਜਲਵਾਯੂ ਤਬਦੀਲੀ ਬਾਰੇ ਵਿਚਾਰ ਸਾਂਝੇ ਕਰਨ ਲਈ ਸੋਸ਼ਲ ਮੀਡੀਆ ਦੀ ਵਰਤੋਂ ਕਰਦੇ ਹਨ।
ਉਨ੍ਹਾਂ ਦਾ ਔਨਲਾਈਨ ਪਲੈਟਫਾਰਮ 'ਦਿ ਵਿਅਰਡ ਐਂਡ ਦਿ ਵਾਈਲਡ' ਜਲਵਾਯੂ ਵਿਗਿਆਨ ਨੂੰ ਵਧੇਰੇ ਪਹੁੰਚਯੋਗ ਅਤੇ ਘੱਟ ਡਰਾਉਣੀ ਬਣਾਉਣ ਲਈ ਸਮਰਪਿਤ ਹੈ। ਇਹ ਜਲਵਾਯੂ ਪਰਿਵਰਤਨ ਦੀ ਕਾਰਵਾਈ 'ਤੇ ਭਾਈਚਾਰਿਆਂ ਦਾ ਸਮਰਥਨ ਕਰਨ, ਸਿੱਖਿਆ ਦੇਣ ਅਤੇ ਉਨ੍ਹਾਂ ਨੂੰ ਸ਼ਾਮਲ ਕਰਨ ਲਈ ਕੰਟੈਟ 'ਤੇ ਕੇਂਦਰਿਤ ਹੈ।
ਉਹ 'ਕਲਾਈਮੇਟ ਚੀਜ਼ਕੇਕ' ਨਾਂ ਦੇ ਦੱਖਣ-ਪੂਰਬੀ ਏਸ਼ੀਆ 'ਤੇ ਕੇਂਦਰਿਤ ਵਾਤਾਵਰਨ ਪੋਡਕਾਸਟ ਦੀ ਸਹਿ-ਮੇਜ਼ਬਾਨ ਹੈ ਜਿਸ ਦਾ ਉਦੇਸ਼ ਗੁੰਝਲਦਾਰ ਜਲਵਾਯੂ ਵਿਸ਼ਿਆਂ ਨੂੰ ਵਧੇਰੇ ਪ੍ਰਬੰਧਨਯੋਗ ਹਿੱਸਿਆਂ ਵਿੱਚ ਵੰਡਣਾ ਹੈ।
ਉਹ ਨੈਸ਼ਨਲ ਜੀਓਗ੍ਰਾਫਿਕ ਯੰਗ ਐਕਸਪਲੋਰਰ ਵੀ ਹੈ।
ਜਲਵਾਯੂ ਸੰਕਟ ਗੁੰਝਲਦਾਰ, ਜਬਰਦਸਤ ਅਤੇ ਡਰਾਉਣਾ ਹੈ। ਅਸੀਂ ਇਸ ਡਰ ਦੀ ਬਜਾਏ ਤੀਬਰ ਪਰ ਕੋਮਲ ਜਗਿਆਸਾ ਨਾਲ ਇਸ ਨੂੰ ਦੇਖ ਸਕਦੇ ਹਾਂ, ਤਾਂ ਜੋ ਅਸੀਂ ਦੁਨੀਆ ਦੀ ਸੰਭਾਲ ਕਰਨ ਲਈ ਆਪਣੇ ਦਿਲ ਵਿੱਚ ਨਰਮਾਈ ਰੱਖ ਸਕੀਏ। ਇਸ ਦੇ ਨਾਲ ਹੀ ਜੋ ਕੰਮ ਨਹੀਂ ਕਰਦਾ, ਉਸ ਨੂੰ ਖਤਮ ਕਰਨ ਅਤੇ ਜੋ ਕੰਮ ਕਰਦਾ ਹੈ ਉਸ ਨੂੰ ਬਣਾਉਣ ਲਈ ਆਪਣੇ ਸਾਧਨਾਂ ਨੂੰ ਤੇਜ਼ ਕਰ ਸਕੀਏ।
ਕਿਯੂਨ ਵੂ
ਮੈਡੀਕਲ ਡਾਕਟਰ
ਯੂਰਪ ਵਿੱਚ ਮਾਲਟਾ ਵਿੱਚ ਗਰਭਪਾਤ ਬਾਰੇ ਕੁਝ ਸਖ਼ਤ ਨਿਯਮ ਹਨ ਅਤੇ ਨੈਟਲੀ ਸੀਲਾ ਉਨ੍ਹਾਂ ਔਰਤਾਂ ਦੀ ਮਦਦ ਕਰਦੀ ਹੈ ਜਿਨ੍ਹਾਂ ਨੂੰ ਜਾਣਕਾਰੀ ਅਤੇ ਸਲਾਹ ਦੀ ਲੋੜ ਹੁੰਦੀ ਹੈ।
ਉਸ ਨੇ ਡਾਕਟਰਜ਼ ਫਾਰ ਚੁਆਇਸ ਮਾਲਟਾ ਦੀ ਸਹਿ-ਸਥਾਪਨਾ ਕੀਤੀ, ਅਤੇ ਗਰਭਪਾਤ ਨੂੰ ਅਪਰਾਧਮੁਕਤ ਕਰਨ ਅਤੇ ਇਸਨੂੰ ਕਾਨੂੰਨੀ ਬਣਾਉਣ ਅਤੇ ਗਰਭ ਨਿਰੋਧਕ ਤੱਕ ਬਿਹਤਰ ਪਹੁੰਚ ਦਾ ਸਮਰਥਨ ਕੀਤਾ।
ਸੀਲਾ ਦਾ ਕਹਿਣਾ ਹੈ ਕਿ ਮਾਲਟਾ ਵਿੱਚ ਲਗਭਗ ਪੂਰੀ ਪਾਬੰਦੀ ਹੈ। ਉੱਥੇ ਕਿਸੇ ਔਰਤ ਨੂੰ ਗਰਭਪਾਤ ਦੀ ਆਗਿਆ ਕੇਵਲ ਤਾਂ ਹੀ ਦਿੱਤੀ ਜਾਂਦੀ ਹੈ, ਜਦੋਂ ਕਿਸੇ ਔਰਤ ਦੀ ਜਾਨ ਨੂੰ ਖਤਰਾ ਹੋਵੇ। ਇਸਦਾ ਮਤਲਬ ਹੈ ਕਿ ਔਰਤਾਂ ਡਾਕਟਰੀ ਨਿਗਰਾਨੀ ਤੋਂ ਬਿਨਾਂ ਗੋਲੀਆਂ ਲੈਂਦੀਆਂ ਹਨ। ਉਸ ਨੇ ਇੱਕ ਹੈਲਪਲਾਈਨ ਸਥਾਪਿਤ ਕੀਤੀ ਹੈ ਜੋ ਗਰਭਪਾਤ ਤੋਂ ਪਹਿਲਾਂ, ਉਸ ਦੌਰਾਨ ਅਤੇ ਬਾਅਦ ਵਿੱਚ ਔਰਤਾਂ ਨੂੰ ਸਹਾਇਤਾ ਪ੍ਰਦਾਨ ਕਰਦੀ ਹੈ।
ਉਸ ਨੇ ਦੇਸ਼ ਵਿੱਚ ਪ੍ਰਜਨਨ ਸਿਹਤ ਬਾਰੇ ਗਿਆਨ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰਨ ਲਈ 10 ਤੋਂ 13 ਸਾਲ ਦੇ ਬੱਚਿਆਂ ਲਈ ਮਾਈ ਬਾਡੀਜ਼ ਫੈਂਟਾਸਟਿਕ ਜਰਨੀ ਨਾਮਕ ਇੱਕ ਸੈਕਸ ਸਿੱਖਿਆ ਕਿਤਾਬ ਵੀ ਪ੍ਰਕਾਸ਼ਿਤ ਕੀਤੀ ਹੈ।
ਵਣ ਪ੍ਰਬੰਧਕ
ਇੰਡੋਨੇਸ਼ੀਆ ਦੇ ਰੂੜੀਵਾਦੀ ਆਚੇ ਸੂਬੇ ਵਿੱਚ ਔਰਤਾਂ ਦਾ ਨੇਤਾ ਬਣਨਾ ਅਸਾਧਾਰਨ ਗੱਲ ਹੈ।
ਜਦੋਂ ਸੁਮਿਨੀ ਨੂੰ ਅਹਿਸਾਸ ਹੋਇਆ ਕਿ ਉਸ ਦੇ ਪਿੰਡ ਵਿੱਚ ਹੜ੍ਹਾਂ ਦਾ ਇੱਕ ਵੱਡਾ ਕਾਰਨ ਜੰਗਲਾਂ ਦੀ ਕਟਾਈ ਹੈ, ਜੋ ਜਲਵਾਯੂ ਪਰਿਵਰਤਨ ਵਿੱਚ ਵੀ ਯੋਗਦਾਨ ਪਾਉਂਦਾ ਹੈ, ਤਾਂ ਉਸ ਨੇ ਕਾਰਵਾਈ ਕਰਨ ਅਤੇ ਸਮਾਜ ਦੀਆਂ ਹੋਰ ਔਰਤਾਂ ਨਾਲ ਕੰਮ ਕਰਨ ਦਾ ਫੈਸਲਾ ਕੀਤਾ।
ਉਸ ਦੇ ਗਰੁੱਪ ਨੂੰ ਵਾਤਾਵਰਨ ਅਤੇ ਜੰਗਲਾਤ ਮੰਤਰਾਲੇ ਤੋਂ ਇੱਕ ਪਰਮਿਟ ਪ੍ਰਾਪਤ ਹੋਇਆ ਜਿਸ ਨਾਲ ਦਮਰਾਨ ਬਾਰੂ ਪਿੰਡ ਦੇ ਭਾਈਚਾਰੇ ਨੂੰ 35 ਸਾਲਾਂ ਤੱਕ ਜੰਗਲ ਦੇ ਸਾਰੇ 251 ਹੈਕਟੇਅਰ ਖੇਤਰ ਦਾ ਪ੍ਰਬੰਧਨ ਕਰਨ ਦੀ ਇਜਾਜ਼ਤ ਦਿੱਤੀ ਗਈ।
ਉਹ ਹੁਣ ਇੱਕ ਵਿਲੇਜ ਫਾਰੈਸਟ ਮੈਨੇਜਮੈਂਟ ਯੂਨਿਟ (LPHK) ਦੀ ਅਗਵਾਈ ਕਰਦੀ ਹੈ, ਤਾਂ ਜੋ ਗੈਰ-ਕਾਨੂੰਨੀ ਕਟਾਈ ਅਤੇ ਸੁਮਾਟਰਨ ਬਾਘਾਂ, ਪੈਂਗੋਲਿਨਾਂ ਅਤੇ ਹੋਰ ਜੋਖਮ ਵਾਲੇ ਜੰਗਲੀ ਜੀਵਾਂ ਨੂੰ ਨੁਕਸਾਨ ਪਹੁੰਚਾਉਣ ਵਾਲੇ ਸ਼ਿਕਾਰੀਆਂ ਨੂੰ ਰੋਕਣ ਦਾ ਕੰਮ ਕਰਦੀ ਹੈ।
ਇਨ੍ਹੀਂ ਦਿਨੀਂ ਵੱਡੇ ਪੱਧਰ 'ਤੇ ਜੰਗਲਾਂ ਦੀ ਕਟਾਈ ਅਤੇ ਜੰਗਲੀ ਜੀਵ-ਜੰਤੂਆਂ ਦੇ ਗੈਰ ਕਾਨੂੰਨੀ ਸ਼ਿਕਾਰ ਦੀ ਜਦੋਂ ਗੱਲ ਆਉਂਦੀ ਹੈ ਕਿ ਅਸੀਂ ਸਮੂਹਿਕ ਤੌਰ 'ਤੇ ਜਲਵਾਯੂ ਸੰਕਟ ਨਾਲ ਕਿਵੇਂ ਨਜਿੱਠਦੇ ਹਾਂ, ਤਾਂ ਜੰਗਲਾਂ 'ਤੇ ਜ਼ਿਆਦਾ ਧਿਆਨ ਕੇਂਦਰਿਤ ਕੀਤਾ ਜਾਣਾ ਚਾਹੀਦਾ ਹੈ। ਯਾਨੀ ਜੰਗਲ ਬਚਾਓ, ਜੀਵਨ ਬਚਾਓ।
ਸੁਮਿਨੀ
ਕਾਰਬਨ ਪ੍ਰਭਾਵ ਤਕਨੀਕੀ ਮਾਹਰ
ਇੱਕ ਸਥਾਈ ਗਤੀਸ਼ੀਲਤਾ ਦੇ ਉਤਸ਼ਾਹੀ ਵਜੋਂ ਅੰਨਾ ਹੁਟੂਨੇਨ ਫਿਨਲੈਂਡ ਦੇ ਸ਼ਹਿਰ ਲਾਹਟੀ ਵਿੱਚ ਹਰਿਆਲੀ, ਸਵੱਛਤਾ, ਵਧੇਰੇ ਕੁਸ਼ਲ ਗਤੀਸ਼ੀਲਤਾ 'ਤੇ ਜ਼ੋਰ ਦਿੰਦੀ ਹੈ, ਜਿਸ ਨੂੰ ਯੂਰਪੀਅਨ ਗ੍ਰੀਨ ਕੈਪੀਟਲ 2021 ਨਾਲ ਸਨਮਾਨਿਤ ਕੀਤਾ ਗਿਆ ਹੈ।
ਉਹ ਸ਼ਹਿਰ ਦੇ ਜ਼ਮੀਨੀ ਪੱਧਰ 'ਤੇ ਨਿੱਜੀ ਕਾਰਬਨ ਵਪਾਰ ਮਾਡਲ ਦੀ ਅਗਵਾਈ ਕਰਦੀ ਹੈ - ਇਹ ਦੁਨੀਆ ਦਾ ਪਹਿਲਾ ਐਪ ਹੈ ਜੋ ਨਾਗਰਿਕਾਂ ਨੂੰ ਸਾਈਕਲਿੰਗ ਜਾਂ ਜਨਤਕ ਆਵਾਜਾਈ ਵਰਗੀ ਵਾਤਾਵਰਨ ਅਨੁਕੂਲ ਆਵਾਜਾਈ ਦੀ ਵਰਤੋਂ ਕਰਕੇ ਕ੍ਰੈਡਿਟ ਕਮਾਉਣ ਦੀ ਆਗਿਆ ਦਿੰਦਾ ਹੈ।
ਉਹ NetZeroCities ਲਈ ਜਲਵਾਯੂ ਨਿਰਪੱਖ ਸ਼ਹਿਰਾਂ ਦੀ ਸਲਾਹਕਾਰ ਵਜੋਂ ਕੰਮ ਕਰਦੀ ਹੈ। ਇਹ ਇੱਕ ਅਜਿਹੀ ਸੰਸਥਾ ਹੈ ਜੋ ਯੂਰਪੀਅਨ ਸ਼ਹਿਰਾਂ ਨੂੰ 2030 ਤੱਕ ਜਲਵਾਯੂ ਨਿਰਪੱਖਤਾ ਤੱਕ ਪਹੁੰਚਣ ਦੀ ਕੋਸ਼ਿਸ਼ ਵਿੱਚ ਮਦਦ ਕਰਦੀ ਹੈ।
ਹੁਟੂਨੇਨ ਦਾ ਉਦੇਸ਼ ਟਿਕਾਊ ਆਵਾਜਾਈ ਦੇ ਸਾਧਨਾਂ ਬਾਰੇ ਦੂਜਿਆਂ ਨੂੰ ਉਤਸ਼ਾਹਿਤ ਕਰਨਾ ਹੈ। ਉਹ ਸਾਈਕਲ ਚਲਾਉਣ ਦੀ ਬੇਹੱਦ ਸਮਰਥਕ ਹੈ, ਜਿਸ ਨੂੰ ਉਹ ਸ਼ਹਿਰਾਂ ਵਿੱਚ ਆਵਾਜਾਈ ਦਾ ਭਵਿੱਖ ਮੰਨਦੀ ਹੈ।
ਦੁਨੀਆ ਭਰ ਦੀਆਂ ਨਗਰ ਪਾਲਿਕਾਵਾਂ ਆਪਣੇ ਨਾਗਰਿਕਾਂ ਲਈ ਵਧੇਰੇ ਟਿਕਾਊ ਜੀਵਨ ਨੂੰ ਸਮਰੱਥ ਬਣਾਉਣ ਦੀ ਦਿਸ਼ਾ ਵਿੱਚ ਕੰਮ ਕਰਨ ਵਾਲੇ ਅਦਭੁਤ ਲੋਕਾਂ ਨਾਲ ਭਰੀ ਹੋਈ ਹੈ। ਹਰ ਕੋਈ ਆਪਣਾ ਹਿੱਸਾ ਪਾਓ, ਇਸ ਨਾਲ ਜੁੜੇ ਰਹੋ ਅਤੇ ਪਰਿਵਰਤਨ ਦਾ ਹਿੱਸਾ ਬਣੋ!
ਅੰਨਾ ਹੁਟੂਨੇਨ
ਬੀਬੀਸੀ 100 ਵੂਮੈਨ ਹਰ ਸਾਲ ਦੁਨੀਆ ਭਰ ਦੀਆਂ 100 ਪ੍ਰਭਾਵਸ਼ਾਲੀ ਅਤੇ ਪ੍ਰੇਰਕ ਔਰਤਾਂ ਦੇ ਨਾਮ ਦੱਸਦੀ ਹੈ। ਅਸੀਂ ਉਨ੍ਹਾਂ ਦੇ ਜੀਵਨ ਬਾਰੇ ਦਸਤਾਵੇਜ਼ੀ, ਫੀਚਰ ਅਤੇ ਇੰਟਰਵਿਊਜ਼ ਕਰਦੇ ਹਾਂ - ਅਜਿਹੀਆਂ ਕਹਾਣੀਆਂ ਜੋ ਔਰਤਾਂ ਨੂੰ ਕੇਂਦਰ ਵਿੱਚ ਰੱਖਦੀਆਂ ਹਨ ਅਤੇ ਬੀਬੀਸੀ ਦੇ ਸਾਰੇ ਮੰਚਾਂ 'ਤੇ ਪ੍ਰਕਾਸ਼ਿਤ ਅਤੇ ਪ੍ਰਸਾਰਿਤ ਕੀਤੀਆਂ ਜਾਂਦੀਆਂ ਹਨ।
ਇੰਸਟਾਗ੍ਰਾਮ ਅਤੇ ਫੇਸਬੁੱਕ 'ਤੇ ਬੀਬੀਸੀ 100 ਵੂਮੈਨ ਨੂੰ ਫਾਲੋ ਕਰੋ। #BBC100Women ਦੀ ਵਰਤੋਂ ਕਰਕੇ ਗੱਲਬਾਤ ਵਿੱਚ ਸ਼ਾਮਲ ਹੋਵੋ।
ਬੀਬੀਸੀ 100 ਵੂਮੈਨ ਟੀਮ ਨੇ ਖੋਜ ਜ਼ਰੀਏ ਇਕੱਤਰ ਕੀਤੇ ਨਾਵਾਂ ਅਤੇ ਬੀਬੀਸੀ ਵਰਲਡ ਸਰਵਿਸ ਲੈਂਗੂਏਜ਼ ਟੀਮਾਂ ਦੇ ਨੈੱਟਵਰਕ ਅਤੇ ਨਾਲ ਹੀ ਬੀਬੀਸੀ ਮੀਡੀਆ ਐਕਸ਼ਨ ਦੁਆਰਾ ਸੁਝਾਏ ਗਏ ਨਾਵਾਂ ਦੇ ਆਧਾਰ 'ਤੇ ਇੱਕ ਸ਼ਾਰਟਲਿਸਟ ਤਿਆਰ ਕੀਤੀ।
ਅਸੀਂ ਉਨ੍ਹਾਂ ਉਮੀਦਵਾਰਾਂ ਦੀ ਤਲਾਸ਼ ਕਰ ਰਹੇ ਸੀ ਜਿਨ੍ਹਾਂ ਨੇ ਪਿਛਲੇ 12 ਮਹੀਨਿਆਂ ਵਿੱਚ ਸੁਰਖੀਆਂ ਬਟੋਰੀਆਂ ਜਾਂ ਮਹੱਤਵਪੂਰਨ ਕਹਾਣੀਆਂ ਨੂੰ ਪ੍ਰਭਾਵਿਤ ਕੀਤਾ ਹੈ, ਨਾਲ ਹੀ ਉਨ੍ਹਾਂ ਲੋਕਾਂ ਨੂੰ ਜਿਨ੍ਹਾਂ ਕੋਲ ਦੱਸਣ ਲਈ ਪ੍ਰੇਰਨਾਦਾਇਕ ਕਹਾਣੀਆਂ ਹਨ, ਜਾਂ ਜਿਨ੍ਹਾਂ ਨੇ ਕੁੱਝ ਮਹੱਤਵਪੂਰਨ ਪ੍ਰਾਪਤ ਕੀਤਾ ਹੈ ਜਾਂ ਉਨ੍ਹਾਂ ਨੇ ਸਮਾਜ ਨੂੰ ਅਜਿਹੇ ਤਰੀਕਿਆਂ ਨਾਲ ਪ੍ਰਭਾਵਿਤ ਕੀਤਾ ਹੈ ਜੋ ਜ਼ਰੂਰੀ ਨਹੀਂ ਕਿ ਉਹ ਖ਼ਬਰ ਬਣੇ।
ਇਸ ਸਾਲ ਦੇ ਥੀਮ - ਜਲਵਾਯੂ ਪਰਿਵਰਤਨ ਅਤੇ ਦੁਨੀਆ ਭਰ ਦੀਆਂ ਔਰਤਾਂ ਅਤੇ ਲੜਕੀਆਂ 'ਤੇ ਇਸ ਦੇ ਅਸਪੱਸ਼ਟ ਪ੍ਰਭਾਵ ਦੇ ਆਧਾਰ 'ਤੇ ਨਾਮਾਂ ਦੇ ਇੱਕ ਸਮੂਹ ਦਾ ਵੀ ਮੁਲਾਂਕਣ ਕੀਤਾ ਗਿਆ, ਜਿਸ ਵਿੱਚੋਂ 28 ਜਲਵਾਯੂ ਦੂਤਾਂ ਅਤੇ ਹੋਰ ਵਾਤਾਵਰਨ ਨੇਤਾਵਾਂ ਦੇ ਇੱਕ ਸਮੂਹ ਨੂੰ ਚੁਣਿਆ ਗਿਆ।
ਅਸੀਂ ਰਾਜਨੀਤਿਕ ਸਪੈਕਟ੍ਰਮ ਅਤੇ ਸਮਾਜ ਦੇ ਸਾਰੇ ਖੇਤਰਾਂ ਤੋਂ ਆਵਾਜ਼ਾਂ ਦੀ ਨੁਮਾਇੰਦਗੀ ਕੀਤੀ, ਉਨ੍ਹਾਂ ਵਿਸ਼ਿਆਂ 'ਤੇ ਨਾਵਾਂ ਦੀ ਖੋਜ ਕੀਤੀ ਜੋ ਰਾਇ ਨੂੰ ਵੰਡਦੇ ਹਨ ਅਤੇ ਉਨ੍ਹਾਂ ਔਰਤਾਂ ਨੂੰ ਨਾਮਜ਼ਦ ਕੀਤਾ ਜਿਨ੍ਹਾਂ ਨੇ ਆਪਣੀ ਤਬਦੀਲੀ ਖ਼ੁਦ ਕੀਤੀ ਹੈ।
ਅੰਤਿਮ ਸੂਚੀ ਚੁਣੇ ਜਾਣ ਤੋਂ ਪਹਿਲਾਂ ਸੂਚੀ ਨੂੰ ਖੇਤਰੀ ਨੁਮਾਇੰਦਗੀ ਲਈ ਵੀ ਉੱਚਿਤ ਨਿਰਪੱਖਤਾ ਨਾਲ ਮਾਪਿਆ ਗਿਆ ਸੀ। ਸਾਰੀਆਂ ਔਰਤਾਂ ਨੇ ਸੂਚੀ ਵਿੱਚ ਸ਼ਾਮਲ ਹੋਣ ਲਈ ਆਪਣੀ ਸਹਿਮਤੀ ਦੇ ਦਿੱਤੀ ਹੈ।
ਬੀਬੀਸੀ 100 ਵੂਮੈਨ ਪ੍ਰੋਡਕਸ਼ਨ ਟੀਮ: ਵੇਲੇਰੀਆ ਪੇਰਾਸੋ, ਅਮੇਲੀਆ ਬਟਰਲੀ, ਪਾਉਲਾ ਐਡਮੋ ਇਡੋਏਟਾ, ਰੇਬੇਕਾ ਥੋਰਨ, ਕੋਰਡੇਲੀਆ ਹੈਮਿੰਗ, ਲੌਰਾ ਗਾਰਸੀਆ, ਸਾਰਾ ਡਾਇਸ, ਲੂਸੀ ਗਿਲਡਰ, ਮਾਈ ਕਨਾਨੇਹ, ਮਾਰਕ ਸ਼ੀਆ, ਵੰਦਨਾ ਵਿਜੇ, ਕਿੰਡਾਹ ਸ਼ਾਇਰ, ਦਾਰੀਆ ਤਾਰਾਦਾਈ, ਲੈਮੀਸ ਅਲਤਾਲੇਬੀ, ਕੈਟਰੀਨਾ, ਟਮਾਰਾ ਗਿਲ ਅਤੇ ਮੌਨਾ ਬਾ।
ਬੀਬੀਸੀ 100 ਵੂਮੈਨ ਸੰਪਾਦਕ: ਗੋਲਨੂਸ਼ ਗੋਲਸ਼ਾਨੀ
ਵਰਲਡ ਸਰਵਿਸ ਲੈਂਗੂਏਜ ਲਈ ਪ੍ਰੋਡਕਸ਼ਨ: ਰੌਬਰਟੋ ਬੇਲੋ-ਰੋਵੇਲਾ ਅਤੇ ਕਾਰਲਾ ਰੌਸ਼
ਡਿਜ਼ਾਇਨ: ਪ੍ਰਿਨਾ ਸ਼ਾਹ, ਜੈਨੀ ਲਾਅ, ਮੈਟ ਥਾਮਸ, ਪੌਲੀਨ ਵਿਲਸਨ ਅਤੇ ਓਲੀ ਪਾਵੇਲ
ਡਿਵਲਪਮੈਂਟ: ਸਕਾਟ ਜਾਰਵਿਸ, ਅਰੁਣ ਭਾਰੀ, ਅਲੈਗਜ਼ੈਂਡਰ ਇਵਾਨੋਵ, ਪ੍ਰੀਤੀ ਵਾਘੇਲਾ ਅਤੇ ਹੋਲੀ ਫਰੈਂਪਟਨ
ਫੋਟੋ ਕਾਪੀਰਾਈਟ: Miller Mobley, Maciek Tomiczek/Oxford Atelier, Arati Kumar-Rao, Hamna Haqqi, Craig Kolesky, Pano AI, L. Reid, Benjamin Jones, Yober Arias, Amanda Triplett, Anny Roberts, Diyor Abdughaforzoda, Doi Inthanon Thailand by UTMB, Qinghai Snowland Greatrivers Environmental Protection Association, Jason Boberg, Chaideer Mahyuddin/AFP, New Balance Paraguay, Jo Anne McArthur, The Cartier Women's Initiative (CWI), Lucy Piper, Louise Mabulo, Christian Tasso, Martin Chang, Konstantin Deryagin, Gabriel Quintão, Abel Canizales, Patrick Wally, Sarah Hale, Jimena Mateot, Lucas Christiansen, Hana Walker-Brown, Woody Morris, Xinyan Yu, Chris Parker Edzordzi Sefogaht, Taseer Beyg, Albert Kamanga Zeeya Creations, Salem Solomon, Luke Nugent, R. David Marks, Lee Tinklim, Satu/VTI, FIFA, Josh Finche, Kibuuka Mukisa, Phoebe Xu, Gregory Vepryk, Darko Tomas CROPIX, Wanjira Mathai, Rufat Ergeshov, Osvaldo Fanton, Dani Pujalte, Giuliano Salvatore, Fondation L'Oreal, Daniel Eduardo, Tatyana Egorova, Dovana Films, Jimmy Day/MIT, Editorial Caminho - Leya, Khine Hnin Wai Foundation, Andrew Sikorsky, Ramón Tolosa Calderón, Mariam Siddiqi, Feral Films, Sebastián Aliaga, Diyor Abdughaforzoda, The White Helmets/Syria Civil Defence, Ellie Varley, DGL Nunnery, Mustafa Abumenes, Emanuele Elo Usai, Fazal Raham Arman, Emilia Trejo, Mattia Zoppellaro, Martin Lupton/Light Collective, Yasmina Benslimane, Pavlo Botanov, Marijeta Mojasevic, LenadraPella/International Federation of Sport Climbing, Gal Mosenson, Getty Images.